ਬੀਤ ਰਿਹਾ ਸਾਲ 2016 ਦੌਰਾਨ ਸਿਖ ਧਰਮ ਨਾਲ ਸਬੰਧਤ ਸਰਗਰਮੀਆਂ ਪਖੋਂ ਬੜਾ ਮਹੱਤਵਪੂਰਨ ਰਿਹਾ। ਇਸ ਵਰ੍ਹੇ ਦੀ ਸੱਭ ਤੋਂ ਪ੍ਰਮੁੱਖ ਖਬਰ ਤਾਂ ਦੇਸ਼ ਦੀ ਸੁਪਰੀਮ ਕੋਰਟ ਵਲੋਂ 15 ਸਤੰਬਰ ਨੂੰ ਪਿਛਲੇ ਪੰਜ ਸਾਲਾਂ ਤੋਂ ਨਿੱਸਲ ਪਈ ਸ਼੍ਰੋਮਣੀ ਗੁਰਦੁਰਆਰਾ ਪ੍ਰਬੰਧਕ ਕਮੇਟੀ ਨੂੰ ਸਤੰਬਰ 2011 ਵਿਚ ਹੋਈਆਂ ਚੋਣਾਂ ਨੂੰ ਜਾਇਜ਼ ਕਰਾਰ ਦੇ ਕੇ ਜ਼ਿੰਦਗੀ ਬਖ਼ਸ਼ਣਾ ਹੈ, ਜਿਸ ਸਦਕਾ 5 ਨਵੰਬਰ ਨੂੰ ਅਹੁਦੇਦਾਰਾਂ ਦੀ ਚੋਣ ਹੋ ਸਕੀ। ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਜੋ ਪਹਿਲਾਂ ਵੀ ਦੋ ਵਾਰੀ ਪ੍ਰਧਾਨ ਰਹਿ ਚੁੱਕੇ ਹਨ, ਜ.ਅਵਤਾਰ ਸਿੰਘ ਮੱਕੜ ਦੀ ਥਾਂ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ, ਬਾਕੀ ਸਾਰੇ ਅਹੁਦੇਦਾਰ ਵੀ ਬਦਲੇ ਗਏ, ਨਵੇਂ ਚਿਹਰਿਆਂ ਨੂੰ ਸੇਵਾ ਦਾ ਮੌਕਾ ਦਿਤਾ ਗਿਅ ਹੈ। ਲੋਕ ਸਭਾ ਤੇ ਰਾਜ ਸਭਾ ਵਲੋਂ ਪਿੱਛਲੇ ਬੱਜਟ ਸਮਾਗਮ ਦੌਰਾਨ ਗੁਰਦੁਆਰਾ ਐਕਟ 1925 ਵਿਚ ਸੋਧ ਕਰਕੇ ਸਹਿਜਧਾਰੀਆਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਖੋਹ ਲਿਆ ਗਿਆ।
- ਸਾਲ ਦੀ ਦੂਜੀ ਵੱਡੀ ਸਰਗਰਮੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ 350 ਪ੍ਰਕਾਸ਼ ਦਿਵਸ ਮਨਾਉਣ ਲਈ ਪਟਨਾ ਸਾਹਿਬ ਤੋਂ ਸਰਗਰਮੀਆਂ ਦਾ ਸ਼ੁਰੂ ਹੋਣਾ, ਇਸ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਜਾਗ੍ਰਤੀ ਯਾਤਰਾ 13 ਅਕਤੂਬਰ ਤੋਂ ਸ਼ੁਰੂ ਹੋ ਕੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਵਾਪਸੀ ਸਮੇਂ 24 ਨਵੰਬਰ ਤੋਂ ਦੋ ਦਸੰਬਰ ਤਕ ਪੰਜਾਬ ਤੇ 3-4 ਦਸੰਬਰ ਨੂੰ ਹਰਿਆਣਾ ਵਿਚ ਦਰਸ਼ਨ ਦੇ ਕੇ ਦਿੱਲੀ ਲਈ ਰਵਾਨਾ ਹੋ ਗਈ।ਇਸ ਪ੍ਰਕਾਸ਼ ਉਤਸਵ ਸਬੰਧੀ ਪੰਜਾਬ ਤੇ ਬਿਹਾਰ ਵਿਚ ਕਈ ਸੈਮੀਨਾਰ ਤੇ ਹੋਰ ਸਮਾਗਮ ਆਯੋਜਿਤ ਕੀਤੇ ਗਏੇ।ਬਿਹਾਰ ਸਰਕਾਰ ਵਲੋਂ ਇਸ ਬਾਰੇ ਟੀ.ਵੀ.ਚੈਨਲਾਂ ਤੇ ਕਾਫੀ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਕੇਂਦਰੀ ਬੱਜਟ ਵਿਚ ਇਸ ਉਤਸਵ ਲਈ 100 ਕਰੋੜ ਰੁਪਏ ਰੱਖੇ ਗਏ ਹਨ।
- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 300 ਸ਼ਹੀਦੀ ਦਿਵਸ ਵੱਡੇ ਪੱਧਰ ਤੇ ਮਨਾਇਆ ਗਿਆ, ਜਿਸ ਵਿਚ ਪ੍ਰਧਾਨ ਮੰਤੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ।
-ਨਾਮਧਾਰੀ ਸਮਾਜ ਦੀ ਗੁਰੂ ਮਾਤਾ ਚੰਦ ਕੌਰ ਜੀ ਦੀ ਹੱਤਿਆ ਕੀਤੀ ਗਈ। ਕੇਸ ਸੀ.ਬੀ.ਆਈ ਨੂੰ ਸੌਂਪਿਆ ਗਿਆ।
-ਸਾਊਥ ਸਿਟੀ ਲੁਧਿਆਣਾ ਲਾਗੇ ਸੰਤ ਰਣਜੀਤ ਸਿੰਘ ਢਡਰੀਆਂ ਤੇ ਹਮਲਾ, ਉਨ੍ਹਾ ਦੇ ਇਕ ਸਾਥੀ ਦੀ ਮੌਤ, ਦੋਸ਼ੀ ਗ੍ਰਿਫ਼ਤਾਰ।
- ਸਾਲ ਦੇ ਪਹਿਲੇ ਦਿਨ ਹੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਬਰਖਾਸਤ ਕੀਤੇ ਗਏ। ਅਗਲੇ ਦਿਨ ਪੰਜ ਪਿਆਰਿਆਂ ਨੇ ਸਿੱਖ ਜਗਤ ਨੂੰ ਸਿੰਘ ਸਾਹਿਬਾਨ ਦਾ ਸਮਾਜਕ ਬਾਈਕਾਟ ਕਰਨ ਲਈ ਕਿਹਾ। ਪ੍ਰਧਾਨ ਤੇ ਮੁੱਖ ਸਕੱਤਰ ਦਾ ਮਾਮਲਾ ਸੰਗਤ ਤੇ ਛੱਡਿਆ।
- ਲੰਦਨ ਸਥਿਤ ਸਿੱਖ ਡਾੲਰੈਕਟਰੀ ਵਲੋਂ ਵਿਸ਼ਵ ਦੀਆਂ 100 ਪ੍ਰਮੁੱਖ ਸਿੱਖ ਸ਼ਖਸ਼ੀਅਤਾਂ ਦਾ ਐਲਾਨ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜੱਥੇਦਾਰ ਭਾਈ ਕੁਲਵੰਤ ਸਿੰਘ ਪਹਿਲੇ, ਸੰਤ ਬਾਬਾ ਲਾਭ ਸਿੰਘ ਨੂੰ ਦੂਜਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਤੀਜਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੌਥਾ ਅਤੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਨੂੰ ਪੰਜਵਾਂ ਸਥਾਨ ਦਿੱਤਾ ਗਿਆ।
- ਯੂ.ਕੇ. ਵਿਚ ਇਕ ਸਾਲ ਦੌਰਾਨ ਸਿੱਖਾਂ ਖਿਲਾਫ ਨਫ਼ਰਤ, ਗੁੰਮਰਾਹ ਕਰਨ (ਖਾਸ ਕਰ ਕੁੜੀਆਂ) ਤੇ ਨਸਲੀ ਵਿਤਕਰੇ ਦੇ ਇਕ ਲੱਖ ਨਸਲੀ ਅਪਰਾਧ ਹੋਏ, 92 ਫੀਸਦੀ ਸਿੱਖਾਂ ਕੋਲ ਖੁਦ ਦੇ ਆਪਣੇ ਘਰ ਹਨ, ਹਰ ਰੋਜ਼ 12 ਲੱਖ ਪੌਂਡ ਦਾਨ ਕਰਦੇ ਹਨ। ਵੈਸਟ ਮਿਡਲੈਂਡ ਦੀ ਵੁਲਵਰਹੈਂਪਟਨ ਯੂਨੀਵਰਸਿਟੀ ਵਲੋਂ ਸਰਵੇਖਣ ਰਿਪੋਰਟ ਜਾਰੀ ਕੀਤੀ ਗਈ।
- ਸੌ-ਸਾਲਾ ਬੀਬੀ ਮਾਨ ਕੌਰ ਨੇ ਅਮਰੀਕਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ।
-ਸਿਆਟਲ (ਅਮਰੀਕਾ ) ਵਿਚ ਗੁਰਦੁਆਰਾ ਸਾਹਿਬ ਉਤੇ ਇਕ ਨਸਲੀ ਹਮਲਾ, ਪਵਿੱਤਰ ਚੀਜ਼ਾਂ ਦੀ ਭੰਨ ਤੋੜ ਕੀਤੀ ਗਈ।
- ਮੈਲਬੌਰਨ ਵਿੱਚ ਹਰਜੀਤ ਸਿੰਘ ਨਾਮੀ ਇਕ ਸਿੱਖ ਵਿਦਿਆਰਥੀ ਤੇ ਨਸਲੀ ਹਮਲਾ, ਬੱਸ ਵਿੱਚ ਘਰ ਨੂੰ ਜਾਣ ਸਮੇਂ ਦਸਤਾਰ ਉਤਾਰ ਦਿਤੀ ਗਈ।
-ਪਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਸ਼ਾਮ ਸਿੰਘ ਦੀ ਮੌਤ, ਤਾਰਾ ਸਿੰਘ ਕਾਰਜਕਾਰੀ ਪ੍ਰਧਾਨ ਬਣੇ।
- ਪਾਕਿਸਤਾਨ ਗੁਰਦੁਅਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁ. ਕਮੇਟੀ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰੇਗੀ
-ਪਿਸ਼ਾਵਰ ਇਲਾਕੇ ਵਿੱਚ ਗੁਰਦੁਆਰਾ ਭਾਈ ਬੇਜਾ ਸਿੰਘ 70 ਸਾਲ ਬਾਅਦ ਖੁਲ੍ਹਿਆ, ਸੰਗਤਾਂ ਨੇ ਸਮਾਗਮ ਕੀਤਾ।
- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਨੇ ਕਾਮਾਗਾਟਾਜਾਰੂ ਜਹਾਜ਼ ਦੁਖਾਂਤ ਲਈ ਸਿੱਖਾਂ ਤੋਂ ਮੁਆਫੀ ਮੰਗੀ।
- ਜਰਮਨ ਦੇ ਇਕ ਗੁਰਦਆਰੇ ਵਿਚ ਧਮਾਕਾ, ਤਿੰਨ ਸ਼ਰਧਾਲੂ ਜ਼ਖਮੀ , ਦੋ ਸ਼ੱਕੀ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ।
- ਖੈਬ਼ਰ ਪਖਤੂਨਵਾ ਦੇ ਸਿੱਖ ਮੰਤਰੀ ਦੇ ਸਲਾਹਕਾਰ ਡਾ. ਸੂਰਨ ਸਿੰਘ ਦੀ ਅਤਿਵਾਦੀਆਂ ਵਲੋਂ ਹੱਤਿਆ।
- ਪੰਜਾਬ ਯੁਨੀਵਰਸਿਟੀ, ਲਾਹੌਰ ਤੇ ਸੈਟਰਲ ਯੂਨੀਵਰਸਿਟੀ, ਇਸਲਾਮਾਬਾਦ ਦੀ ਐਮ.ਏ. ਪੰਜਾਬੀ ਦੇ ਸਿਲੇਬਸ ਵਿੱਚ ਜਪੁ ਜੀ ਸਾਹਿਬ ਸ਼ਾਮਿਲ ਕੀਤਾ ਗਿਆ।
-ਫਰਾਂਸ ਦੇ ਸ਼ਹਿਰ ਸੇਂਟ ਟਰੋਪੇਜ਼ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ।
- ਸਿੱਖ ਕਾਮਿਆਂ ਨੂੰ ਹੈਲਮਟ ਨਿਯਮਾਂ ਤੋਂ ਛੋਟ ਨਹੀਂ- ਕੈਨੇਡੀਅਨ ਅਦਾਲਤ ਦਾ ਫ਼ੈਂਸਲਾ।
- ਪ੍ਰਸ਼ਾਸਨ ਵਲੋਂ ਮਨਜ਼ੂਰੀ ਨਾ ਮਿਲਣ ਤੇ ਸਰਕਾਰੀ ਬੰਦਸ਼ਾਂ ਤੇ ਰੁਕਾਵਟਾਂ ਦੇ ਬਾਵਜੂਦ, ਗਰਮ ਵਿਚਾਰਾਂ ਵਾਲੀਆਂ ਸਿੱਖ ਜੱਥੇਬੰਦੀਆਂ ਵਲੋਂ 8 ਦਸੰਬਰ ਨੂੰ ਤਲਵੰਡੀ ਸਾਬੋ ਲਾਗੇ ਪਿੰਡ ਨੱਤ ਵਿੱਖੇ “ਸਰਬਤ ਖਾਲਸਾ” ਸਮਾਗਮ ਕੀਤਾ ਗਿਆ, ਜਿਸ ਵਿੱਚ ਬਾਦਲ ਪਰਿਵਾਰ ਨੂੰ ਪੰਥ ਚੋਂ “ਛੇਕਣ” ਦਾ ਐਲਾਨ ਕੀਤਾ ਗਿਆ।