ਚੰਡੀਗੜ੍ਹ – “ਜਦੋਂ ਸ੍ਰੀ ਮਲੂਕਾ ਵੱਲੋਂ ਸਿੱਖ ਧਰਮ ਵਿਰੋਧੀ ਕੀਤੀ ਗਈ ਬੱਜਰ ਗੁਸਤਾਖੀ ਦੇ ਸੱਭ ਪ੍ਰਤੱਖ ਪ੍ਰਮਾਣ ਵੀਡੀਓ ਵਿਚ ਸਪੱਸ਼ਟ ਦਿਖਾਈ ਦੇ ਰਹੇ ਹਨ, ਫਿਰ ਸਰਕਾਰੀ ਜਥੇਦਾਰਾਂ ਵੱਲੋਂ ਸ੍ਰੀ ਕ੍ਰਿਪਾਲ ਸਿੰਘ ਬਡੂੰਗਰ ਨੂੰ ਇਸ ਸੰਬੰਧੀ ਜਾਂਚ ਕਰਨ ਦੇ ਹੁਕਮ ਦੇਣਾ ਅਤੇ ਸ੍ਰੀ ਬਡੂੰਗਰ ਵੱਲੋਂ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਹ ਤਾਂ ਸਰਕਾਰੀ ਜਥੇਦਾਰਾਂ ਵੱਲੋਂ ਅਤੇ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਤਾਂ ਸ. ਮਲੂਕਾ ਨੂੰ ਕਿਸੇ ਨਾ ਕਿਸੇ ਤਰੀਕੇ ਹੋਈ ਵੱਡੀ ਗੱਲਤੀ ਤੋਂ ਬਚਾਉਣ ਅਤੇ ਬਾਦਲ ਦਲੀਆਂ ਦੀਆਂ ਗੈਰ ਧਾਰਮਿਕ ਕਾਰਵਾਈਆਂ ਉਤੇ ਪਰਦਾ ਪਾਉਣ ਦੇ ਬਹਾਨੇ ਕੀਤੇ ਜਾ ਰਹੇ ਹਨ। ਇਹ ਵੀ ਸਪੱਸ਼ਟ ਹੈ ਕਿ ਸਿੱਖ ਕੌਮ ਵੱਲੋਂ 10 ਨਵੰਬਰ 2015 ਦੇ ਹੋਏ ਸਰਬੱਤ ਖਾਲਸਾ ਅਤੇ ਫਿਰ 8 ਦਸੰਬਰ 2016 ਨੂੰ ਹੋਏ ਸਰਬੱਤ ਖਾਲਸਾ ਵੱਲੋਂ ਰੱਦ ਕੀਤੇ ਜਾ ਚੁੱਕੇ ਸਰਕਾਰੀ ਜਥੇਦਾਰ ਸਾਹਿਬਾਨ ਨੇ ਦੋਸ਼ੀ ਸ੍ਰੀ ਮਲੂਕਾ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕਰਨੀ, ਬਲਕਿ ਮੌਜੂਦਾ ਪੰਜਾਬ ‘ਤੇ ਕਾਬਜ਼ ਸਿਆਸਤਾਨਾਂ ਅਤੇ ਬਾਦਲ ਪਰਿਵਾਰ ਦੀ ਇੱਛਾ ਅਨੁਸਾਰ ਹੀ ਕੰਮ ਕਰਨਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) , ਸਰਬੱਤ ਖਾਲਸਾ ਜਥੇਬੰਦੀਆਂ ਅਤੇ ਸਿੱਖ ਕੌਮ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਧਿਆਨ ਸਿੰਘ ਮੰਡ ਕਾਰਜਕਾਰਨੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜੋਰਦਾਰ ਅਪੀਲ ਕਰਦੇ ਹਨ ਕਿ ਸਿੱਖ ਧਰਮ ਅਤੇ ਸਿੱਖ ਕੌਮ ਦੇ ਦੋਸ਼ੀ ਅਤੇ ਸਿੱਖ ਕੌਮ ਦੀ ਅਰਦਾਸ ਦਾ ਹਿੰਦੂਤਵ ਤਾਕਤਾਂ ਦੀ ਸ਼ਹਿ ‘ਤੇ ਅਪਮਾਨ ਕਰਨ ਵਾਲੇ ਸ੍ਰੀ ਮਲੂਕਾ ਵਿਰੁੱਧ ਫੌਰੀ ਸਿੱਖੀ ਰਵਾਇਤਾਂ ਅਨੁਸਾਰ ਕਾਰਵਾਈ ਕਰਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਸ਼੍ਰੀ ਮਲੂਕਾ ਦੀ ਕਾਰਵਾਈ ਦੀ ਜਾਂਚ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਮਹੱਤਵਹੀਣ ਕਰਾਰ ਦਿੰਦੇ ਹੋਏ, ਸਿੱਖ ਕੌਮ ਦੇ ਦੋਸ਼ੀ ਨੂੰ ਬਚਾਉਣ ਦੀਆਂ ਹੋ ਰਹੀਆਂ ਕਾਰਵਾਈਆਂ ਨੂੰ ਅਤਿ ਅਫਸੋਸਨਾਕ ਕਰਾਰ ਦਿੰਦੇ ਹੋਏ ਅਤੇ ਸਰਬੱਤ ਖਾਲਸਾ ਵੱਲੋਂ ਚੁਣੇ ਜਥੇਦਾਰ ਸਾਹਿਬਾਨ ਨੂੰ ਫੌਰੀ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹ ਖਾਲਸਾ ਪੰਥ ਦੀ ਰਵਾਇਤ ਰਹੀ ਹੈ ਕਿ ਜਦੋਂ ਕਿਸੇ ਨੇ ਵੀ ਸਿੱਖ ਧਰਮ, ਸਿੱਖ ਕੌਮ ਸਿੱਖੀ ਰਵਾਇਤਾਂ ਅਤੇ ਨਿਯਮਾਂ ਨੂੰ ਤੋੜਿਆ ਹੈ ਜਾਂ ਅਜਿਹੀ ਕੋਈ ਬੱਜਰ ਗੁਸਤਾਖੀ ਕੀਤੀ ਹੈ, ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਵਿਰੁੱਧ ਸਿੱਖ ਰਵਾਇਤਾਂ ਅਨੁਸਾਰ ਅਵੱਸ਼ ਕਾਰਵਾਈ ਹੋਈ ਹੈ। ਭਾਵੇਂ ਕਿ ਸਰਕਾਰੀ ਜਥੇਦਾਰਾਂ ਦੀਆਂ ਕਮਜ਼ੋਰ ਨੀਤੀਆਂ ਅਤੇ ਅਮਲਾਂ ਦੀ ਬਦੌਲਤ ਅਤੇ ਸਿਆਸਤਦਾਨਾਂ ਦੇ ਗੁਲਾਮ ਬਣ ਜਾਣ ਦੀ ਬਦੌਲਤ ਸਿਰਸੇ ਵਾਲੇ ਪਖੰਡੀ ਸਾਧ ਵੱਲੋਂ ਰਚਾਏ ਗਏ ਸਵਾਂਗ ਦੀ ਅਜੇ ਸਜ਼ਾ ਬਾਕੀ ਹੈ, ਪਰ ਸਿੱਖ ਕੌਮ ਅਤੇ ਖਾਲਸਾ ਪੰਥ ਨੇ ਨਾਂ ਤਾਂ ਸਿਰਸੇ ਵਾਲੇ ਸਾਧ ਨੂੰ ਮੁਆਫ ਕੀਤਾ ਹੈ ਅਤੇ ਨਾਂ ਹੀ ਅਖੌਤੀ ਜਥੇਦਾਰਾਂ ਨੂੰ। ਇਸ ਲਈ ਹੁਣ ਵੀ ਇਹਨਾਂ ਜਥੇਦਾਰਾਂ ਵੱਲੋਂ ਕੌਮਪੱਖੀ ਫੈਸਲਾ ਲੈਣ ਦੀ ਕੋਈ ਉਮੀਦ ਨਹੀਂ ਹੈ, ਇਸ ਲਈ ਹੀ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਹੀ ਅਜਿਹੀਆਂ ਮਹਾਨ ਰਵਾਇਤਾਂ ਨੂੰ ਕਾਇਮ ਰੱਖਣ ਅਤੇ ਸਿੱਖ ਕੌਮ ਦੀ ਆਨ ਸ਼ਾਨ ਨੂੰ ਬਹਾਲ ਕਰਾਉਣ ਦੀ ਸਮਰੱਥਾ ਰੱਖਦੇ ਹਨ। ਉਹਨਾਂ ਨੂੰ ਹੀ ਸ੍ਰੀ ਮਲੂਕਾ ਵਿਰੁੱਧ ਕਾਰਵਾਈ ਕਰਨ ਦੀ ਜਿੱਥੇ ਅਪੀਲ ਕਰਦੇ ਹਾਂ, ਉਥੇ ਐਸ ਜੀ ਪੀ ਸੀ ਦੇ ਮੌਜੂਦਾ ਪ੍ਰਧਾਨ ਸ਼੍ਰੀ ਕ੍ਰਿਪਾਲ ਸਿੰਘ ਬਡੂੰਗਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਅਜਿਹੀਆਂ ਜਾਂਚ ਕਮੇਟੀਆਂ ਬਣਾ ਕੇ ਸਿਆਸਤਦਾਨਾਂ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਦੀ ਬਜਾਏ ਸਿੱਖੀ ਰਵਾਇਆਂ ਅਨੁਸਾਰ ਜਥੇਦਾਰ ਸਾਹਿਬਾਨ ਵੱਲੋਂ ਹੋਣ ਵਾਲੀ ਕਾਰਵਾਈ ਵਿਚ ਯੋਗਦਾਨ ਪਾਉਣ ਤਾਂ ਬੇਹਤਰ ਹੋਵੇਗਾ।