ਹਰ ਸਾਲ ਨਵਾਂ ਸਾਲ ਚੜ੍ਹਦਾ ਹੈ ਤੇ ਬੀਤ ਜਾਂਦਾ ਹੈ। ਅਸਲ ਵਿੱਚ ਜ਼ਿੰਦਗੀ ਦਾ ਹਰ ਪਲ ਹੀ ਨਵਾਂ ਹੁੰਦਾ ਹੈ। ਜਿਹੜਾ ਪਲ ਬੀਤ ਗਿਆ ਉਹ ਮੁੜਕੇ ਹੱਥ ਨਹੀਂ ਆਉਂਦਾ। ਸਮਾਂ ਬੜੀ ਤੇਜ਼ੀ ਨਾਲ ਭੱਜ ਰਿਹਾ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ। ਦਿਨ ਤੋਂ ਬਾਅਦ ਰਾਤ ਤੇ ਫਿਰ ਅਗਲਾ ਦਿਨ…ਇਸੇ ਤਰ੍ਹਾਂ ਦਿਨ, ਮਹੀਨੇ ਤੇ ਸਾਲ ਬੀਤਦੇ ਜਾ ਰਹੇ ਹਨ। ਅਸੀਂ ਬਚਪਨ ਤੋਂ ਜੁਆਨੀ ਤੇ ਫਿਰ ਬੁਢਾਪੇ ਵੱਲ ਤੁਰੇ ਜਾ ਰਹੇ ਹਾਂ। ਬੀਤਿਆ ਬਚਪਨ ਜਾਂ ਜੁਆਨੀ ਪਰਤ ਨਹੀਂ ਸਕਦੇ। ਭਾਈ ਵੀਰ ਸਿੰਘ ਜੀ ਅਨੁਸਾਰ-
“ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ।
ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ।
ਹਰ ਸਾਲ ਵਾਂਗ, ਅੱਜ ਫਿਰ ਨਵਾਂ ਸਾਲ ਸਾਡੀਆਂ ਬਰੂਹਾਂ ਤੇ ਖੜ੍ਹਾ ਹੈ। ਇਸ ਦਾ ਸਵਾਗਤ ਕਰਨ ਤੋਂ ਪਹਿਲਾਂ ਆਪਾਂ ਪਿਛਲੇ ਸਾਲ ਬਿਤਾਏ ਪਲਾਂ ਦਾ ਲੇਖਾ ਜੋਖਾ ਕਰ ਲਈਏ। ਜ਼ਰਾ ਆਪੋ ਆਪਣੇ ਮਨਾਂ ਅੰਦਰ ਝਾਤੀ ਮਾਰੀਏ। ਆਪਣੀ ਆਤਮਾ ਦੀ ਕਚਹਿਰੀ ਵਿੱਚ ਆਪਣੇ ਆਪ ਨਾਲ ਸੱਚ ਦੇ ਰੂ-ਬ -ਰੂ ਹੋਈਏ। ਇਕਾਗਰ ਚਿੱਤ ਹੋ ਕੇ ਸੋਚੀਏ ਤਾਂ ਪਿਛਲੇ ਸਾਲ ਦੀ ਪੂਰੀ ਤਸਵੀਰ ਸਾਡੇ ਸਾਹਮਣੇ ਆ ਜਾਏਗੀ- ਕਿ ਅਸੀਂ ਬੀਤੇ ਸਾਲ ਵਿੱਚ ਕਿੰਨੀ ਨੇਕ ਕਮਾਈ ਕੀਤੀ…ਪ੍ਰੇਮ ਪਿਆਰ, ਪਰਉਪਕਾਰ, ਸਮਾਜ ਭਲਾਈ ਤੇ ਨੇਕ ਕਾਰਜਾਂ ਦੀ ਕਿੰਨੀ ਕੁ ਪੂੰਜੀ ਇਕੱਤਰ ਕੀਤੀ? ਕਿੰਨਾ ਕੁ ਪਿਆਰ ਸਤਿਕਾਰ ਵੰਡਿਆ ਤੇ ਪਾਇਆ? ਕਿੰਨੇ ਕੁ ਝੂਠ ਬੋਲੇ, ਕਿੰਨਿਆਂ ਦਾ ਦਿੱਲ ਦੁਖਾਇਆ? ਕਿੰਨੀ ਵਾਰੀ ਜ਼ਿੰਮੇਵਾਰੀ ਤੋਂ ਬਚਣ ਲਈ ਬਹਾਨੇ ਲਾਏ? ਕਿਸੇ ਦਾ ਕਿੰਨਾ ਕੁ ਨੁਕਸਾਨ ਕੀਤਾ? ਕਿਸ ਕਿਸ ਨੂੰ ਕੌੜੇ ਬੋਲ ਬੋਲੇ? ਕਿਸ ਕਿਸ ਨਾਲ ਈਰਖਾ ਕੀਤੀ?..ਆਦਿ।
ਇਸ ਲੇਖੇ ਜੋਖੇ ਤੋਂ ਬਾਅਦ, ਨਵੇਂ ਸਾਲ ਲਈ ਆਪਣੇ ਆਪ ਨਾਲ ਵਾਅਦੇ ਜਾਂ ਸੰਕਲਪ ਲੈਣੇ ਹੋਣਗੇ ਕਿ- ਕਿਹੜੀ ਕਿਹੜੀ ਬੁਰੀ ਆਦਤ ਆਪਾਂ ਛੱਡਣੀ ਹੈ। ਸਿਰਫ ਸੰਕਲਪ ਲੈਣਾ ਹੀ ਜਰੂਰੀ ਨਹੀਂ, ਸਗੋਂ ਉਸ ਲਈ ਪੱਕਾ ਇਰਾਦਾ ਵੀ ਬਨਾਉਣਾ ਪਏਗਾ। ਮੰਨ ਲਵੋ ਤੁਹਾਡੀ ਸੇਹਤ ਠੀਕ ਨਹੀਂ ਰਹਿੰਦੀ…ਤੁਹਾਨੂੰ ਡਾਕਟਰ ਨੇ ਰੋਜ਼ਾਨਾ ਸੈਰ ਦੱਸੀ ਹੋਈ ਹੈ। ਪਰ ਤੁਸੀ ਕਦੇ ਕਰ ਲੈਂਦੇ ਹੋ ਕਦੇ ਆਲਸ ਕਰ ਲੈਂਦੇ ਹੋ। ਤਾਂ ਹੁਣ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਰੈਗੁਲਰ ਸ਼ੁਰੂ ਕਰ ਲਵੋ। ਜੇ ਕੋਈ ਨਸ਼ਾ ਕਰਦੇ ਹੋ ਤਾਂ ਉਸ ਨੂੰ ਛੱਡਣ ਦਾ ਸੰਕਲਪ ਕੀਤਾ ਜਾ ਸਕਦਾ ਹੈ। ਪਰ ਸਾਰੀ ਉਮਰ ਦੀਆਂ ਪੱਕੀਆਂ ਹੋਈਆਂ ਆਦਤਾਂ ਹੌਲੀ ਹੌਲੀ ਹੀ ਛੁਟਦੀਆਂ ਹਨ। ਸੋ ਕਾਹਲੇ ਨਾ ਪਵੋ। ਪਹਿਲਾਂ ਨਸ਼ੇ ਦੀ ਮਾਤਰਾ ਹਰ ਰੋਜ਼ ਘਟਾਉਂਦੇ ਜਾਓ। ਆਖਿਰ ਇੱਕ ਦਿਨ ਆਏਗਾ ਕਿ ਮਾਤਰਾ ਜ਼ੀਰੋ ਹੋ ਜਾਏਗੀ ਤੇ ਨਸ਼ਾ ਛੁੱਟ ਜਾਏਗਾ। ਜੇ ਕ੍ਰੋਧ ਬਹੁਤ ਆਉਂਦਾ ਹੈ ਤਾਂ ਇਸੇ ਤਰ੍ਹਾਂ ਉਸ ਦੇ ਵੀ ਕਾਬੂ ਪਾਉਣ ਦਾ ਯਤਨ ਕਰੋ। ਜੇ ਕਿਸੇ ਮਾਮੂਲੀ ਜਿਹੀ ਗੱਲ ਤੋਂ, ਆਪਣੇ ਜੀਵਨ ਸਾਥੀ ਨਾਲ ਦੂਰੀ ਬਣ ਗਈ ਹੈ ਤਾਂ ਨਵੇਂ ਸਾਲ ਵਿੱਚ ਸੁਲਾਹ ਕਰ ਲਵੋ। ਜੇ ਕਿਸੇ ਗਲਤ ਫਹਿਮੀ ਕਾਰਨ ਸਾਡਾ ਵਧੀਆ ਦੋਸਤ ਖੁੱਸ ਗਿਆ ਹੈ ਤਾਂ ਉਸ ਨੂੰ ਗਲੇ ਮਿਲ ਕੇ ਨਵੇਂ ਸਾਲ ਦੀ ਮੁਬਾਰਕਬਾਦ ਦਿਓ। ਲੋਕਾਂ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਉਪਰੋਂ ਨਹੀਂ ਦਿਲੋਂ ਕਰਨ ਦੀ ਕੋਸ਼ਿਸ਼ ਕਰੋ। ਸ਼ੁਕਰੀਆ ਜਾਂ ਮੇਹਰਬਾਨੀ ਕਹਿਣ ਦੀ ਆਦਤ, ਦੂਜਿਆਂ ਲਈ ਪ੍ਰੇਰਣਾਸ੍ਰੋਤ ਬਣਦੀ ਹੈ। ਸ਼ੁਕਰਾਨਾ ਉਸ ਅਕਾਲ ਪੁਰਖ ਦਾ ਵੀ ਕਰਨਾ ਚਾਹੀਦਾ ਹੈ ਜਿਸ ਨੇ ਅਣਗਿਣਤ ਦਾਤਾਂ ਦਿੱਤੀਆਂ ਹਨ।
ਨਵੇਂ ਸਾਲ ਵਿੱਚ ਅਸੀਂ ਕਿਸੇ ਵਿਰੋਧੀ ਨੂੰ ਮਾਫ਼ ਕਰਕੇ, ਆਪਣੇ ਅੰਦਰ ਬਲਦੀ ਈਰਖਾ ਤੇ ਗੁੱਸੇ ਦੀ ਅੱਗ ਨੂੰ ਸ਼ਾਂਤ ਕਰ ਸਕਦੇ ਹਾਂ- ਜੋ ਦੂਜੇ ਦਾ ਨੁਕਸਾਨ ਘੱਟ ਪਰ ਸਾਡਾ ਵੱਧ ਕਰ ਰਹੀ ਹੈ। ਸਾਡੇ ਨਾਲ ਦੇ ਪਿੰਡ ਦੀ ਇੱਕ ਘਟਨਾ ਹੈ। ਦੋ ਜੱਟ ਸਿੱਖ ਪਰਿਵਾਰਾਂ ਦਾ ਖੇਤ ਦੀ ਵੱਟ ਤੋਂ ਵੈਰ ਸ਼ੁਰੂ ਹੋ ਗਿਆ। ਇੱਕ ਪਰਿਵਾਰ ਦੇ ਮੁੰਡੇ ਨੇ ਗੁੱਸੇ ਵਿੱਚ ਆ ਕੇ ਆਪਣੇ ਵਿਰੋਧੀ ਦੇ ਕਹੀ ਕੱਢ ਮਾਰੀ ਜਿਸ ਨਾਲ ਉਸ ਦੀ ਮੌਤ ਹੋ ਗਈ। ਕੇਸ ਚੱਲਿਆ ਮਾਰਨ ਵਾਲਾ ਜੇਲ੍ਹ ਗਿਆ ਪਰ ਜਦ ਉਹ ਕੈਦ ਕੱਟ ਕੇ ਮੁੜਿਆ ਤਾਂ ਦੂਜੇ ਪਰਿਵਾਰ ਨੇ ਉਸ ਦੇ ਮੁੰਡੇ ਨੂੰ ਮਾਰ ਦਿੱਤਾ। ਇਵੇਂ ਕਈ ਪੀੜ੍ਹੀਆਂ ਤੱਕ ਵੈਰ ਚਲਦਾ ਰਿਹਾ। ਦੋਹਾਂ ਧਿਰਾਂ ਦੇ ਕਈ ਬੰਦੇ ਮੁੱਕ ਗਏ ਇਸ ਬਦਲੇ ਦੀ ਭਾਵਨਾ ਸਦਕਾ। ਆਖਿਰ ਇੱਕ ਧਿਰ ਦੇ ਬਾਪ ਨੇ, ਜਿਸ ਦਾ ਵੱਡਾ ਪੁੱਤਰ ਇਸੇ ਦੁਸ਼ਮਣੀ ਵਿੱਚ ਮੁੱਕ ਚੁੱਕਾ ਸੀ..ਆਪਣੇ ਛੋਟੇ ਪੁੱਤਰ ਨੂੰ, ਨਵੇਂ ਵਰ੍ਹੇ ਤੇ ਵਿਰੋਧੀ ਧਿਰ ਦੀ ਵਿਧਵਾ ਮਾਂ ਕੋਲ ਭੇਜਿਆ… ਉਸ ਦੇ ਮੁੰਡੇ ਨਾਲ ਦੋਸਤੀ ਦਾ ਹੱਥ ਵਧਾਣ ਲਈ। ਇਸ ਪੀੜ੍ਹੀਆਂ ਦੇ ਵੈਰ ਵਿੱਚ ਆਪਣਾ ਪਤੀ ਗੁਆਉਣ ਵਾਲੀ ਔਰਤ ਨੇ, ਉਸ ਲੜਕੇ ਨੂੰ ਗਲਵਕੜੀ ਵਿੱਚ ਲੈ ਹੰਝੂਆਂ ਦੀ ਝੜੀ ਲਾ ਦਿੱਤੀ ਤੇ ਆਪਣੇ ਪੁੱਤਰ ਦਾ ਹੱਥ ਉਸ ਦੇ ਹੱਥ ਫੜਾ ਦਿੱਤਾ। ਪਿਛਲਾ ਸਭ ਕੁੱਝ ਭੁੱਲ ਕੇ, ਦੋਸਤੀ ਦੀ ਨਵੀਂ ਸ਼ੁਰੂਆਤ ਕੀਤੀ ਗਈ। ਉਸ ਦਿਨ ਤੋਂ ਦੋਹਾਂ ਖਾਨਦਾਨਾਂ ਨੇ ਸੁੱਖ ਦਾ ਸਾਹ ਲਿਆ।
ਸੂਝਵਾਨ ਬੰਦਿਆਂ ਵਲੋਂ ਪਾਈਆਂ ਇਸ ਤਰ੍ਹਾਂ ਦੀਆਂ ਨਵੀਆਂ ਪਿਰਤਾਂ ਤੋਂ ਆਪਾਂ ਵੀ ਸੇਧ ਲੈ ਸਕਦੇ ਹਾਂ। ਹੋ ਸਕਦਾ ਸਾਡੇ ਵੀ ਕੁੱਝ ਲੋਕਾਂ ਨਾਲ ਪਿਛਲੇ ਸਾਲ ਵਿੱਚ ਕੌੜੇ ਤਜਰਬੇ ਰਹੇ ਹੋਣ। ਉਹਨਾਂ ਨੂੰ ਘਿਰਣਾ ਕਰਨ ਦੀ ਬਜਾਏ ਮੁਆਫ਼ ਕਰ ਦੇਣ ਵਿੱਚ ਹੀ ਸਾਡੀ ਵਡੱਤਣ ਹੈ। ਸਾਡੇ ਤਾਂ ਗੁਰੂ ਸਾਹਿਬਾਂ ਨੇ ਬੇਦਾਵਾ ਪਾੜ ਕੇ ਸਾਨੂੰ ਖਿਮਾ ਕਰਨ ਦੀ ਜਾਚ ਦੱਸੀ ਹੋਈ ਹੈ। ਤੇ ਜੇਕਰ ਨਾਲ ਨਿਮਰਤਾ ਤੇ ਮਿਠਾਸ ਦਾ ਗੁਣ ਵੀ ਧਾਰਨ ਕਰ ਲਿਆ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ‘ਈਗੋ’ ਜਾਂ ਹਉਮੈਂ ਕਾਰਨ ਸਾਡੇ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਪਰਿਵਾਰ ਟੁੱਟ ਰਹੇ ਹਨ। ਸੁਖਮਨੀ ਸਾਹਿਬ ਵਿੱਚ ਵੀ ਆਉਂਦਾ ਹੈ-
ਆਪਸ ਕਉ ਜੋ ਜਾਨੈ ਨੀਚਾ॥
ਸੋਊ ਗਨੀਐ ਸਭ ਤੇ ਊਚਾ॥
ਸੋ ਆਪਣੀ ਹਉਮੈਂ ਦਾ ਤਿਆਗ ਕਰਨ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ। ਸੋ ਅੱਜ ਇਹ ਵੀ ਪ੍ਰਣ ਲਈਏ ਕਿ ਅਸੀਂ ਛੋਟੀ ਛੋਟੀ ਗੱਲ ਨੂੰ ‘ਈਗੋ’ ਦਾ ਇਸ਼ੂ ਨਹੀਂ ਬਨਾਉਣਾ। ਸਾਡਾ ਇਹ ਫੈਸਲਾ ਸਾਡੇ ਪਰਿਵਾਰ ਨੂੰ ਸਵਰਗ ਬਨਾਉਣ ਵਿੱਚ ਸਹਾਈ ਹੋਵੇਗਾ।
ਮੈਂ ਇਸ ਨਵੇਂ ਸਾਲ ਦੀ ਸ਼ੁਰੂਆਤ ਤੇ ਆਪਣੇ ਪਰਵਾਸੀ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਆਪਾਂ ਇਸ ਮੁਲਕ ਦੇ, ਇੱਕ ਸਾਫ ਸੁਥਰੇ ਵਾਤਾਵਰਣ ਵਿੱਚ, ਆਪਣਾ ਬਹੁਤ ਕੁੱਝ ਗੁਆ ਕੇ ਪਹੁੰਚੇ ਹਾਂ। ਇਹ ਮਲਟੀ ਕਲਚਰਲ ਦੇਸ਼ ਹੈ। ਇਸ ਮੁਲਕ ਵਿੱਚ ਬਹੁਤ ਸਾਰੀਆਂ ਕੌਮਾਂ ਵੱਸਦੀਆਂ ਹਨ। ਸਾਰੀਆਂ ਕੌਮਾਂ ਆਪਣੇ ਭਾਈਚਾਰੇ ਦਾ ਵੱਧ ਤੋਂ ਵੱਧ ਭਲਾ ਲੋਚਦੀਆਂ ਹਨ। ਪਰ ਪਤਾ ਨਹੀਂ, ਕਿਉਂ ਅਸੀਂ ਲੋਕ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਹੀ ਆਪਣੀ ਤਾਕਤ ਤੇ ਵਕਤ ਗੁਆ ਰਹੇ ਹਾਂ? ਈਰਖਾ, ਸਾੜਾ ਤਾਂ ਸਾਡੇ ਵਿੱਚੋਂ ਜਾਂਦਾ ਹੀ ਨਹੀਂ। ਜੋ 30- 40 ਸਾਲ ਪਹਿਲਾਂ ਇਸ ਮੁਲਕ ਵਿੱਚ ਆਏ ਸਨ, ਉਹਨਾਂ ਦੇ ਪੈਰ ਬੱਝੇ ਹੋਏ ਹਨ- ਉਹ ਨਵਿਆਂ ਨੂੰ ਕਈ ਕਿਸਮ ਦਾ ਸਹਾਰਾ ਤੇ ਗਾਈਡੈਂਸ ਦੇ ਸਕਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ- ਕੁੱਝ ਪਰਿਵਾਰ ਤਾਂ ਇੰਮੀਗਰੈਂਟਸ ਦੀ ਹਰ ਤਰ੍ਹਾਂ ਮਦਦ ਕਰਦੇ ਹਨ। ਪਰ ਬਹੁਤੇ ਤਾਂ ਆਪਣੀ ਹਉਮੈਂ ਵਿੱਚ ਨਵਿਆਂ ਦਾ ਮਖੌਲ ੳਡਾਉਂਦੇ ਹਨ, ਈਰਖਾ ਕਰਦੇ ਹਨ। ਸਾਨੂੰ ਤਾਂ ਸਰਬੱਤ ਦੇ ਭਲੇ ਦੀ ਗੁੜ੍ਹਤੀ ਮਿਲੀ ਹੋਈ ਹੈ ਫਿਰ ਕਿਉਂ ਅਸੀਂ ਆਪਣੇ ਭਾਈਚਾਰੇ ਦਾ ਭਲਾ ਵੀ ਨਹੀਂ ਸੋਚਦੇ? ਜਦੋਂ ਅਸੀਂ ਆਪਣੀ ਸੋਚ ਬਦਲ ਲਈ ਤਾਂ ਸਾਡੀ ਕੌਮ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੇਗੀ!
ਅੰਤ ਵਿੱਚ ਮੈਂ ਤਾਂ ਇਹੀ ਕਹਾਂਗੀ ਕਿ ਆਓ ਅੱਜ ਆਪੋ ਆਪਣੇ ਮਨਾਂ ਵਿਚੋਂ- ਵਿਸ਼ੇ ਵਿਕਾਰਾਂ, ਹਉਮੈਂ, ਈਰਖਾ, ਸਾੜਾ, ਸੁਆਰਥ ਅਦਿ ਬੁਰੇ ਵਿਚਾਰਾਂ ਦਾ ਕੂੜਾ ਕਰਕਟ ਹੂੰਝ ਦੇਈਏ ਤੇ ਆਪਣੇ ਮਨ ਰੂਪੀ ਜ਼ਮੀਨ ਦੀ ਚੰਗੀ ਤਰ੍ਹਾਂ ਗੋਡੀ ਕਰਕੇ, ਸ਼ੁਧ ਵਿਚਾਰਾਂ ਦਾ ਪਾਣੀ ਲਾ ਕੇ- ਪਰਉਪਕਾਰ, ਨੇਕੀ, ਭਲਾਈ, ਪ੍ਰੇਮ-ਪਿਆਰ, ਸਤਿਕਾਰ ਤੇ ਪ੍ਰਭੂ ਦੀ ਮਿੱਠੀ ਪਿਆਰੀ ਯਾਦ ਦੇ ਬੀਜ ਬੀਜੀਏ- ਜਿਸ ਵਿੱਚੋਂ ਉੱਗੀ ਹੋਈ ਗੁਲਾਬ ਦੇ ਫੁੱਲਾਂ ਵਰਗੀ ਫਸਲ, ਆਪਣੇ ਘਰ ਪਰਿਵਾਰ ਨੂੰ ਹੀ ਨਹੀਂ ਸਗੋਂ ਆਪਣੇ ਚੌਗਿਰਦੇ ਵਿੱਚ ਵੀ ਮਹਿਕਾਂ ਖਿੰਡਾ ਦੇਵੇ।
ਕਹਿੰਦੇ ਹਨ ਕਿ ਰੱਬ ਨੂੰ ਪਿਆਰ ਕਰਨਾ ਹੈ ਤਾਂ ਉਸ ਦੇ ਬੰਦਿਆਂ ਨੂੰ ਪਿਆਰ ਕਰੋ। ਕਿਤੇ ਇਹ ਨਾ ਹੋਵੇ ਕਿ ਸਾਡੇ ਪ੍ਰੇਮ- ਪਿਆਰ ਤੋਂ ਸੱਖਣੇ ਦਿੱਲ, ਕੇਵਲ ਓਪਰੇ ਮਨੋਂ ‘ਨਵਾਂ ਸਾਲ ਮੁਬਾਰਕ’ ਕਹਿਣ ਜੋਗੇ ਹੀ ਰਹਿ ਜਾਣ!