ਅੰਮ੍ਰਿਤਸਰ – ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਤਖ਼ਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਿਸ਼ੇਸ਼ ਪੰਡਾਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਜੀਵਨ ਦਰਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੇ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨਾ ਤੇ ਵੱਖ-ਵੱਖ ਧਰਮਾਂ ਦੇ ਸੰਤਾਂ ਨੇ ਦਸਮੇਸ਼ ਪਿਤਾ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਇਆ। ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤੀ ਤੇ ਇਸ ਦੇ ਕੋ-ਆਰਡੀਨੇਟਰ ਸੰਤ ਗਿਆਨੀ ਗੁਰਮੀਤ ਸਿੰਘ ਜੀ ‘ਖੋਸਾ ਕੋਟਲਾ’ ਸਨ। ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਸਰਬਜੋਤ ਸਿੰਘ ਬੇਦੀ, ਡਾ: ਗੁਰਮੋਹਨ ਸਿੰਘ ਵਾਲੀਆਂ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਅਤੇ ਡਾ: ਕਮਲਰੂਪ ਸਿੰਘ ਜੀ ਇੰਗਲੈਂਡ ਨੇ ਸ਼ਿਰਕਤ ਕੀਤੀ। ਕੁੰਜੀਵਤ ਭਾਸ਼ਣ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦਿੱਤਾ। ਸੈਮੀਨਾਰ ਦੇ ਸ਼ੁਰੂ ਵਿੱਚ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਸੈਮੀਨਾਰ ਵਿੱਚ ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸੰਗਤਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਦੁਨੀਆਂ ਤੇ ਅੱਜ ਤੱਕ ਕੋਈ ਐਸਾ ਸਾਹਿਤਕਾਰ ਪੈਦਾ ਨਹੀਂ ਹੋਇਆ ਜੋ ਸਾਹਿਬ-ਏ-ਕਮਾਲ, ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ ਦੇ ਸਮੁੱਚੇ ਜੀਵਨ, ਫਿਲਾਸਫ਼ੀ, ਕੁਰਬਾਨੀਆਂ ਤੇ ਦੇਣ ਅਤੇ ਉਨ੍ਹਾਂ ਦੇ ਜੀਵਨ ਤੋਂ ਲੈ ਕੇ ਅੰਤ ਤੱਕ ਲਿਖ ਸਕੇ। ਦੁਨੀਆਂ ਦੇ ਇਤਿਹਾਸ ‘ਚ ਪਾਰਸੀ, ਇਸਾਈ, ਇਸਲਾਮ ਦੇ ਰਹਿਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਚਾਰੇ ਵੇਦਾਂ ਦੇ ਗ੍ਰੰਥਾਂ ‘ਚ ਕਿਸੇ ਵੀ ਗ੍ਰੰਥ ‘ਚ ਇਹ ਮਿਸਾਲ ਨਹੀਂ ਮਿਲਦੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਇਕ ੯ ਸਾਲ ਦਾ ਬੱਚਾ ਆਪਣੇ ਪਿਤਾ ਨੂੰ ਸਮੁੱਚੇ ਸੰਸਾਰ ਦੀ ਰੱਖਿਆ ਖਾਤਰ ਇਹ ਕਹੇ ਕਿ ਆਪ ਦੇ ਬਿਨਾ ਹੋਰ ਕੌਣ ਮਹਾਂ ਪੁਰਸ਼ ਹੋ ਸਕਦਾ ਹੈ ਜੋ ਮਾਨਵਤਾ ਦੇ ਧਰਮ ਨੂੰ ਬਚਾ ਸਕੇ। ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜਾਂ ਜਾਤਾਂ ਦੇ ਪੰਜ ਸਿਰਲੱਥ ਯੋਧੇ ਲੈ ਕੇ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਫੇਰ ਉਨ੍ਹਾਂ ਤੋਂ ਅੰਮ੍ਰਿਤ ਛਕ ਕਰ ਕੇ ਆਪੇ ਗੁਰ ਚੇਲਾ ਦੀ ਮਿਸਾਲ ਕਾਇਮ ਕੀਤੀ। ਊਚ-ਨੀਚ ਤੇ ਜਾਤ-ਪਾਤ ਦੇ ਭਿੰਨ-ਭੇਦ ਨੂੰ ਮਿਟਾਇਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਧੋ ਦਾਸ ਬੈਰਾਗੀ ਤੋਂ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ ਤੇ ਉਸ ਨੇ ਜ਼ਬਰ ਤੇ ਜ਼ੁਲਮ ਦਾ ਖਾਤਮਾ ਕੀਤਾ। ਜਿਸ ਨੇ ਆਪਣੇ ਖਾਲਸੇ ਨੂੰ ਸ਼ਾਸਤਰ ਤੇ ਸ਼ਸਤਰ ਦੇ ਧਨੀ ਹੋਣ ਲਈ ਪ੍ਰੇਰਿਆ ਉਸ ਦੀ ਮਹਿਮਾ ਕਿਵੇਂ ਬਿਆਨ ਕਰ ਸਕਦੇ ਹਾਂ। ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਕਿਲ੍ਹੇ ਬਣਾਏ। ਜ਼ਬਰ ਤੇ ਜ਼ੁਲਮ ਨੂੰ ਨੱਥ ਪਾਈ। ਸਤਿ ਤੇ ਸਤਾ ਨੂੰ ਇਕੱਠਿਆਂ ਕੀਤਾ। ਦੁਨੀਆਂ ਦੇ ਸਭ ਤੋਂ ਜ਼ਾਲਿਮ ਬਾਦਸ਼ਾਹ ਔਰੰਗਜ਼ੇਬ ਨੂੰ ਕਲਮ ਦੀ ਤਾਕਤ ਨਾਲ ਜ਼ਫ਼ਰਨਾਮਾ ਲਿਖ ਕੇ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਕਿਸੇ ਨੇ ਹੁਕਮ ਦੀ ਰਜ਼ਾ ਤੇ ਚੱਲਣ ਦੇ ਕਥਨ ਨੂੰ ਸਮਝਣਾ ਹੋਵੇ , ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣਾ ਸਿੱਖਣਾ ਹੋਵੇ ਤਾਂ ਉਹ ਦਸਮ ਪਿਤਾ ਦੇ ਜੀਵਨ ਤੋਂ ਸਮਝ ਸਕਦਾ ਹੈ। ਇਸ ਮੌਕੇ ਪ੍ਰੋ: ਕਿਰਪਾਲ ਸਿੰਘ ਜੀ ਬਡੂੰਗਰ ਨੂੰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਸ੍ਰ: ਸ਼ੈਲਿੰਦਰ ਸਿੰਘ ਨੇ ਸਨਮਾਨ ਚਿੰਨ੍ਹ, ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਡਾ: ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਦਘਾਟਨੀ ਸ਼ਬਦਾਂ ਵਿਚ ਕਿਹਾ ਕਿ ਦੁਨੀਆਂ ਦਾ ਇਤਿਹਾਸ ਦੇਖ ਕੇ ਇਹ ਅਹਿਸਾਸ ਹੁੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਹਾਨ ਸਖ਼ਸ਼ੀਅਤ ਦੁਨੀਆਂ ਦੇ ਇਤਿਹਾਸ ਦੇ ਕਿਸੇ ਪੰਨੇ ਤੇ ਅੱਜ ਤੱਕ ਦਰਜ ਹੋਈ ਨਹੀਂ ਦੇਖੀ ਗਈ। ਉਹ ਇਕ ਧਰਮ ਗੁਰੂ, ਇਕ ਰਹਿਬਰ ਤੇ ਇਕ ਪੈਗੰਬਰ ਸਨ। ਉਹ ਇਕ ਮਹਾਨ ਯੋਧਾ, ਜਰਨੈਲ ਤੇ ਤੇਗ ਦੇ ਧਨੀ ਸਨ। ਉਹ ਇਕ ਬਹੁਤ ਵੱਡੇ ਪ੍ਰਚਾਰਕ, ਫਿਲਾਸਫਰ ਤੇ ਕ੍ਰਾਂਤੀਕਾਰੀ ਸਨ। ਉਨ੍ਹਾਂ ਇਕ ਸ਼ਾਇਰ ਦੇ ਰੂਪ ‘ਚ ਵੱਖ-ਵੱਖ ਭਾਸ਼ਾਵਾਂ ‘ਚ ਰਚਨਾਵਾਂ ਕੀਤੀਆਂ ਤੇ ੫੨ ਕਵੀਆਂ ਦੀ ਅਗਵਾਈ ਕੀਤੀ। ਸਮੁੱਚਾ ਸੰਸਾਰ ਦਸਮ ਪਿਤਾ ਨੂੰ ਇਕ ਯੁੱਗ ਪ੍ਰੀਵਰਤਕ ਦੇ ਰੂਪ ‘ਚ ਦੇਖਦਾ ਹੈ। ਦੁਨੀਆਂ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਕੋਈ ਐਸੀ ਸਖ਼ਸ਼ੀਅਤ ਨਹੀਂ ਜਿਨ੍ਹਾਂ ਆਪਣਾ ਪਿਤਾ ਵਾਰਿਆ, ਮਾਤਾ ਵਾਰੀ, ਚਾਰੇ ਪੁੱਤਰ ਵਾਰੇ, ਗੱਲ ਕੀ ਧਰਮ ਦੀ ਖਾਤਿਰ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ।
ਡਾ: ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਹਿੰਦੁਸਤਾਨ ਦੇ ਇਤਿਹਾਸ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਕ੍ਰਾਂਤੀ ਲਿਆਂਦੀ। ਉਨ੍ਹਾਂ ਆਪਣੇ ਜੀਵਨ ਦੌਰਾਨ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ ਤੇ ਵਿਦਿਆ ਦਾ ਯੱਗ ਰਚਿਆ। ੧੬੯੯ ਦੀ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕਰਕੇ ਇਕ ਮਹਾਨ ਕ੍ਰਾਂਤੀ ਲਿਆਂਦੀ ਤੇ ਜ਼ਬਰ ਤੇ ਜ਼ੁਲਮ ਦਾ ਨਾਸ ਕੀਤਾ।
ਪ੍ਰਸਿੱਧ ਵਿਦਵਾਨ ਤੇ ਚਿੰਤਕ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਜਿਹੜੀ ਜੋਤ ਪਰਗਟ ਹੁੰਦੀ ਹੈ, ਇਸ ਧਰਤੀ ਤੇ ਜਿਸਦਾ ਜਨਮ ਹੁੰਦਾ ਹੈ ਉਸਦੀ ਮੌਤ ਵੀ ਹੁੰਦੀ ਹੈ। ਪਰ ਅਕਾਲ ਪੁਰਖ ਦੀ ਜੋਤ ਜਨਮ ਮਰਣ ਤੋਂ ਰਹਿਤ ਹੈ। ਉਨ੍ਹਾਂ ਕਿਹਾ ਕਿ ਮਗਦੇ ਸੂਰਜ ਦੀ ਤਸਵੀਰ ਨਹੀਂ ਲਈ ਜਾ ਸਕਦੀ ਤੇ ਨਾ ਹੀ ਉਨ੍ਹਾਂ ਦੇ ਗੁਣਾਂ ਦਾ ਬਿਆਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੋਤਿ ਜਿਸ ਪਾਵਨ ਧਰਤੀ ਤੇ ਪ੍ਰਗਟ ਹੋਈ ਉਸ ਦਾ ਨਾਮ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਰੱਖਿਆ ਗਿਆ। ਉਨ੍ਹਾਂ ਨੇ ਧਰਤੀ ਦਾ ਰੰਗ ਤੇ ਤਾਲ ਬਦਲ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਸੀ ਕਿ ਭਾਵੇਂ ਰਾਜ ਨਾਲ ਹੋਵੇ, ਤਾਜ ਨਾ ਹੋਵੇ, ਬਾਜ ਨਾ ਹੋਵੇ, ਜੇ ਅਕਾਲ ਪੁਰਖ ਕਿਰਪਾ ਕਰ ਦੇਵੇ ਤਾਂ ਉਸ ਦੀਆਂ ਬਖਸ਼ਿਸ਼ਾਂ ਹੀ ਬਖਸ਼ਿਸ਼ਾ ਨੇ। ਇਸ ਮੌਕੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਡਾ: ਰੂਪ ਸਿੰਘ ਨੇ ਆਪਣੀ ਸੰਪਾਦਿਤ ਪੁਸਤਕ ‘ਦਸਮੇਸ਼ ਪ੍ਰਕਾਸ਼’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀਵਨ-ਦਰਸ਼ਨ ਭੇਟ ਕੀਤੀ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ‘ਚ ਐਲਾਨ ਕਰਦਿਆਂ ਕਿਹਾ ਕਿ ਡਾ: ਰੂਪ ਸਿੰਘ ਦੀ ਇਹ ਅਣਮੋਲ ਪੁਸਤਕ ੬੦੦/- ਰੁਪਏ ਮੁੱਲ ਦੀ ਹੈ ਜੋ ੧੬੦/- ਰੁਪਏ ਵਿੱਚ ਦਿੱਤੀ ਜਾ ਰਹੀ ਸੀ ਪਰ ਹੁਣ ਇਹ ਪੁਸਤਕ ਸੰਗਤਾਂ ਵਿੱਚ ਬਿਲਕੁਲ ਮੁਫ਼ਤ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ੧੩੭ ਦੇ ਕਰੀਬ ਵਿਦਵਾਨਾਂ ਦੇ ਲੇਖ ਦਰਜ਼ ਹਨ ਜੋ ਡਾ: ਰੂਪ ਸਿੰਘ ਦੀ ਅਣਥੱਕ ਮਿਹਨਤ ਸਦਕਾ ਸੰਗਤਾਂ ਦਾ ਮਾਰਗ ਦਰਸ਼ਨ ਕਰਨ ਲਈ ਅੰਕਿਤ ਕੀਤੇ ਗਏ ਹਨ।
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅੰਮ੍ਰਿਤ ਕੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਹੋਰ ਕੋਈ ਸਖ਼ਸ਼ੀਅਤ ਨਹੀਂ ਜੋ ਇਕ ਮਹਾਨ ਸੂਰਬੀਰ ਯੋਧਾ ਹੋਣ ਦੇ ਨਾਲ-ਨਾਲ ਕ੍ਰਾਂਤੀਕਾਰੀ, ਮਹਾਨ ਕਵੀ, ਮਹਾਨ ਸਾਹਿਤਾਰ, ਜ਼ੁਲਮ ਤੇ ਜ਼ਬਰ ਦਾ ਨਸਲ ਕਰਨ ਵਾਲਾ ਤੇ ਪਰ-ਉਪਕਾਰ ਕਰਨ ਵਜੋਂ ਇਕ ਸਰਬੰਸ ਦਾਨੀ ਹੋਵੇ। ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸਾਂ ਤੇ ਚੱਲਣ ਲਈ ਬੇਨਤੀ ਕੀਤੀ।
ਅਚਾਰੀਆ ਰਾਕੇਸ਼ ਮੁਨੀ ਨੇ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਜਿੰਨੇ ਵੀ ਬਲੀਦਾਨ ਹੋਏ ਉਨ੍ਹਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਦਸਮ ਪਿਤਾ ਦੇ ਬਲੀਦਾਨ ਨੂੰ ਭੁਲਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਤਿਹਾਸ ਬੁਜ਼ਦਿਲਾਂ ਨਾਲ ਨਹੀਂ ਬਲਕਿ ਦਸਮ ਪਿਤਾ ਵਰਗੇ ਵੀਰਾਂ ਨਾਲ ਬਣਦਾ ਹੈ।
ਡਾ: ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੇ ਕਿਹਾ ਕਿ ਜੋ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਨ੍ਹਾਂ ਦਾ ਨਾਮ ਦੁਨੀਆਂ ਦੇ ਇਤਿਹਾਸ ਦੇ ਨਕਸ਼ੇ ਤੋਂ ਮਿਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਜੋਤ ਜਗਾਈ ਉਸ ਦਾ ਚਾਨਣ ਦਸਮੇਸ਼ ਪਿਤਾ ਨੇ ਪੂਰੀ ਦੁਨੀਆਂ ‘ਚ ਫੈਲਾਇਆ। ਉਨ੍ਹਾਂ ਕਿਹਾ ਕਿ ਉਸ ਸਮੇਂ ਭਾਰਤੀ ਲੋਕਾਂ ‘ਚ ਏਨੀ ਕਾਇਰਤਾ ਤੇ ਕਮਜੋਰੀ ਆ ਚੁੱਕੀ ਸੀ ਕਿ ਉਨ੍ਹਾ ਨੂੰ ਜ਼ਾਲਮ ਹਮਲਾਵਰ ਜਿੱਧਰ ਮਰਜ਼ੀ ਭੇਡਾਂ ਬੱਕਰੀਆਂ ਵਾਂਗ ਧੱਕ ਕੇ ਲੈ ਜਾਂਦੇ ਸਨ। ਉਨ੍ਹਾਂ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਪਹਿਲੀ ਕ੍ਰਾਂਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਆਂਦੀ ਤੇ ਫੇਰ ਬਾਕੀ ਗੁਰੂ ਸਾਹਿਬਾਨ ਤੇ ਅਖੀਰ ‘ਚ ਦਸਮ ਪਿਤਾ ਨੇ ਖਾਲਸੇ ਦੀ ਵਿਲੱਖਣ ਪਹਿਚਾਣ ਬਣਾ ਕੇ ਉਸ ਨੂੰ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਕਿਹਾ। ਉਨ੍ਹਾਂ ਪੰਜ ਪਿਆਰਿਆਂ ਦੀ ਸਾਜਨਾ ਕਰਕੇ ਇਕ ਵਿਲੱਖਣ ਮਿਸਾਲ ਕਾਇਮ ਕੀਤੀ।
ਸਵਾਮੀ ਚਿਰਾ ਨੰਦ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਤੇ ਅੱਜ ਸਾਰਾ ਸੰਸਾਰ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਨਤਮਸਤਿਕ ਹੋਣ ਲਈ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਸੰਗਤਾਂ ਸੜਕਾਂ ਧੋਣ ਦੀ ਸੇਵਾ ਕਰ ਰਹੀਆਂ ਨੇ ਉਹ ਸੜਕਾਂ ਨਹੀਂ ਬਲਕਿ ਆਪਣੇ ਦਿਲਾਂ ਨੂੰ ਧੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਹਿੰਦੁਸਤਾਨ ਦੀ ਜ਼ਮੀਰ ਅਗਰ ਜ਼ਿੰਦਾ ਹੈ ਤਾਂ ਉਹ ਦਮਸੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਖਾਤਿਰ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਜੋ ਲੰਗਰ ਦੀ ਪ੍ਰਥਾ ਚਲਾਈ ਉਸ ਦੀ ਬਦੌਲਤ ਅੱਜ ਕਿਸੇ ਵੀ ਗੁਰਦੁਆਰੇ ‘ਚੋਂ ਕੋਈ ਵੀ ਸ਼ਰਧਾਲੂ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਭੁੱਖਾ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਵਧੇਰੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਾਨ ਵਿਦਵਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਹਨ। ਉਨ੍ਹਾਂ ਸੰਗਤਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਕੋਈ ਵੀ ਸਿੱਖ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਾ ਛੱਡੇ, ਜੇ ਇਹ ਬੋਲੀ ਕਾਇਮ ਹੈ ਤਾਂ ਪੂਰਾ ਵਿਸ਼ਵ ਕਾਇਮ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਿੱਖ ਆਪਣੀ ਦਾਹੜੀ ਤੇ ਕੇਸ ਨਾ ਕੱਟੇ ਬਲਕਿ ਦਸਮ ਪਿਤਾ ਵੱਲੋਂ ਦਿੱਤੀ ਪਹਿਚਾਣ ਨੂੰ ਬਣਾਈ ਰੱਖੇ।
ਉਕਤ ਸਖ਼ਸ਼ੀਅਤਾਂ ਦੇ ਇਲਾਵਾ ਇਮਾਮ-ਉਲ-ਇਲਿਆਸ, ਭਾਈ ਸਤਪਾਲ ਸਿੰਘ, ਡਾ: ਜਗਮੋਹਨ ਸਿੰਘ, ਡਾ: ਮਨਵਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਹਰਭਜਨ ਸਿੰਘ, ਡਾ: ਪਰਮਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਪ੍ਰਿਤਪਾਲ ਸਿੰਘ ਰਜਿਸਟਰਾਰ ਵਰਲਡ ਸਿਟੀ ਯੂਨੀਵਰਸਿਟੀ, ਡਾ: ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਗੁਰਮੀਤ ਸਿੰਘ ਖੋਸਾ ਕੋਟਲਾ, ਮਹੰਤ ਸਵਾਮੀ ਗਿਆਨ ਦੇਵ, ਡਾ: ਗੁਰਮੀਤ ਸਿੰਘ ਮੈਂਬਰ ਪਟਨਾ ਸਾਹਿਬ ਕਮੇਟੀ, ਸ੍ਰ: ਮਨਜੀਤ ਸਿੰਘ ਜੀ ਕੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਦਿ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਨੂੰ ਉਜਾਗਰ ਕੀਤਾ। ਸਟੇਜ ਸਕੱਤਰ ਦੀ ਸੇਵਾ ਸ੍ਰ: ਅਨਭੋਲ ਸਿੰਘ ਦੀਵਾਨਾ ਨੇ ਨਿਭਾਈ।