ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਸਿਪਾਹੀ ਸਨ, ਇੱਕ ਇਨਕਲਾਬੀ ਯੋਧਾ ਸਨ। ਉਨ੍ਹਾਂ ਪਹਿਲੇ ਨੌਂ ਗੁਰੂ ਸਾਹਿਬਾਨ ਵਾਂਗ ਜਿਥੇ ਸਾਂਝੀਵਾਲਤਾ, ਨਾਮ ਜੱਪਣ, ਇਕ ਸੱਚਾ ਸੁਚਾ ਜੀਵਨ ਬਿਤਾਉਣ ਦਾ ਸੰਦੇਸ਼ ਦਿੱਤਾ, ਉਥੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਿੰਦੁਸਤਾਨ ਦੇ ਇਤਿਹਾਸ ਦਾ ਰੁੱਖ ਮੋੜ ਦਿਤਾ, ਇਕ ਨਿਤਾਣੀ ਤੇ ਬੇਬਸ ਹੋ ਚੁਕੀ ਭਾਰਤੀ ਕੌਮ ਵਿੱਚ ਅਜਿਹਾ ਜ਼ਜ਼ਬਾ ਭਰਿਆ ਕਿ ਚਿੜੀਆਂ ਨੂੰ ਬਾਜ਼ਾਂ ਨਾਲ , ਸਵਾ ਲੱਖ ਨਾਲ ਇਕ ਖਾਲਸਾ ਲੜਾ ਕੇ ਭਾਰਤੀ ਸਮਾਜ ਦਾ ਮੂੰਹ ਮੱਥਾ ਬਦਲ ਕੇ ਰੱਖ ਦਿੱਤਾ। ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਨਾ ਧਾਰਦੇ ਤਾਂ ਅਜ ਹਿੰਦੁਸਤਾਨ ਦਾ ਇਤਿਹਾਸ ਹੋਰ ਹੁੰਦਾ, ਇਸ ਦਾ ਭੂਗੋਲਿਕ ਨਕਸ਼ਾ ਹੋਰ ਹੁੰਦਾ, ਭਾਰਤੀਆਂ ਦਾ ਧਾਰਮਿਕ, ਇਤਿਹਾਸਿਕ ਤੇ ਸਭਿਆਚਾਰਕ ਵਿਰਸਾ ਹੋਰ ਹੁੰਦਾ. ਲੋਕਤੰਤਰ ਦੀ ਥਾਂ ਸ਼ਾਇਦ ਰਾਜਨੀਤਕ ਢਾਂਚਾ ਹੋਰ ਹੁੰਦਾ।
ਇਸ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਸਮੇਂ ਦੇ ਹਿੰਦੁਸਤਾਨ ਦੀ ਸਥਿਤੀ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਇਸ ਬਾਰੇ ਨਾਮਵਰ ਆਰੀਆ ਸਮਾਜੀ ਵਿਦਵਾਨ ਮਰਹੂਮ ਲਾਲਾ ਦੌਲਤ ਰਾਏ ਦੀ ਖੋਜ ਭਰਪੂਰ ਲਿਖਤ “ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ” ਅਨੁਸਾਰ ਸਿੱਖ ਧਰਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸਮੇਂ ਰੱਖੀ। ਬਾਬਰ ਦੇ ਹਿੰਦੁਸਤਾਨ ਉਤੇ ਹਮਲੇ ਤੋਂ ਲਗਭਗ 350 ਵਰ੍ਹੇ ਪਹਿਲਾਂ ਹੀ ਹਿੰਦੁਸਤਾਨ ਦਾ ਬਹੁਤ ਸਾਰੇ ਇਲਾਕੇ ਇਸਲਾਮੀ ਹਕੂਮਤ ਅਧੀਨ ਆ ਚੁੱਕੇ ਸਨ। ਮੁਸਲਮਾਨਾਂ ਨੂੰ ਕਿਹੜੀਆਂ ਗੱਲਾਂ ਨੇ ਸੋਨੇ ਦੀ ਚਿੜ੍ਹੀ ਕਹੇ ਜਾਣ ਵਾਲੇ ਹਿੰਦੁਸਤਾਨ ਵਿਚ ਆਉਣ ਲਈ ਪ੍ਰੇਰਿਆ ਦਾ ਜ਼ਿਕਰ ਕਰਦਿਆਂ ਉਹ ਜ਼ਾਤ ਪਾਤ ਤੇ ਊਚ ਨੀਚ ਦੇ ਵਖਰੇਵੇਂ, ਭਰਮ, ਵਹਿਮ ,ਇਖਲਾਕੀ ਕਦਰਾਂ ਕੀਮਤਾਂ ਵਿਚ ਆਏ ਨਿੱਘਾਰ ਆਦਿ ਬਾਰੇ ਲਿਖਦੇ ਹਨ, “ਮੰਨੂੰ ਤੇ ਮਹਾਂਭਾਰਤ ਦੇ ਜ਼ਮਾਨੇ ਪਿਛੋਂ ਹਿੰਦੂ ਧਰਮ ਵਿਚ ਭਾਰੀ ਤਬਦੀਲੀ ਆਈ।ਹਿੰਦੂ ਕੌਮ ਦੀ ਏਕਤਾ ਨਾ ਰਹੀ।ਉਨ੍ਹਾਂ ਦਾ ਕੌਮੀ ਤਾਣਾ-ਬਾਣਾ ਲੀਰੋ-ਲੀਰ ਹੋ ਗਿਆ। ਕੌਮੀ ਮਾਲਾ ਦੇ ਮਣਕੇ ਖੇਰੂੰ ਖੇਰੂੰ ਹੋ ਗਏ। ਜ਼ਾਤੀ ਭੇਦ ਤੇ ਵਿਤਕਰਾ ਇਤਨਾ ਵਧਿਆ ਕਿ ਹਰੇਕ ਫਿਰਕਾ ਨਾ ਕੇਵਲ ਇਕ ਦੂਜੇ ਤੋਂ ਅੱਡ ਹੋ ਕੇ ਢਾਈ ਚੌਲਾਂ ਦੀ ਖਿਚੜੀ ਵੱਖ ਵੱਖ ਪਕਾਉਣ ਲੱਗਿਆ, ਸਗੋਂ ਇਕ ਦੁਜੇ ਦੇ ਵਿਰੋਧੀ ਹੋ ਕੇ ਆਪਸ ਵਿਚ ਖਹਿਣ ਤੇ ਇਕ ਦੂਜੇ ਨੂੰ ਉਜਾੜਣ ਲਗ ਪਏ।”
ਉਹ ਲਿਖਦੇ ਹਨ ਕਿ “ਸਾਫ ਸਪੱਸ਼ਟ ਹੈ ਕਿ ਕਮਜ਼ੋਰ ਤੇ ਗ਼ਰੀਬ ਹਮੇਸ਼ਾ ਜ਼ਬਰ-ਜੰਗ ਤੇ ਤਾਕਤ ਦੇ ਮਾਲਕ ਦਾ ਗੋਲਾ ਹੀ ਹੁੰਦਾ ਹੈ।ਇਸੇ ਕਰ ਕੇ ਹੀ ਮੁਸਲਮਾਨ ਜੇਤੂਆਂ ਨੇ ਆਪਣਾ ਮੂੰਹ ਹਿੰਦੁਸਤਾਨ ਵੱਲ ਕੀਤਾ ਅਤੇ ਸਿੱਟਾ ਵੀ ਉਹੀ ਨਿਕਲਿਆ ਜਿਸ ਦੀ ਅਜਿਹੀ ਹਾਲਤ ਵਿਚ ਆਸ ਹੁੰਦੀ ਹੈ। ਇਸਲਾਮੀ ਤਲਵਾਰ ਨੇ ਆਖਰ ਹਿੰਦੂਆਂ ਨੂੰ ਗ਼ੁਲਾਮ ਬਣਾ ਲਿਆ। ਉਨ੍ਹਾਂ ਦੀ ਬਚੀ ਖੁਚੀ ਤਾਕਤ ਖੇਰੂੰ ਖੇਰੂੰ ਕਰ ਦਿੱਤੀ।ਜਿੰਨਾ ਵੀ ਹੋ ਸਕਿਆ, ਮੁਸਲਮਾਨਾਂ ਨੇ ਉਨ੍ਹਾਂ ਨੂੰ ਜ਼ਲੀਲ ਤੇ ਖੁਆਰ ਕੀਤਾ। ਉਨ੍ਹਾਂ ਦੀ ਸ਼ਰਮ ਤੇ ਹਯਾ ਨੂੰ ਬਰਬਾਦ ਕੀਤਾ। ਇਜ਼ਤ ਦੌਲਤ ਲੁੱਟੀ ਤੇ ਆਪਣੇ ਕਬਜ਼ੇ ਵਿਚ ਕੀਤੀ। ਗ਼ੁਲਾਮੀ ਦਾ ਪਟਾ ਉਨ੍ਹਾ ਦੇ ਗਲੇ ਵਿਚ ਐਸਾ ਪਾਇਆ, ਜਿਸ ਨੂੰ ਉਹ ਫਿਰ ਕਦੇ ਵੀ ਆਪਣੇ ਗਲੇ ਵਿਚੋਂ ਲਾਹ ਨਾ ਸਕੇ। ਮੁੱਕਦੀ ਗੱਲ ਇਹ ਕਿ ਮੁਸਲਮਾਨ ਜੇਤੂ, ਹਿੰਦੁਸਤਾਨ ਦੇ ਕਰਤਾ ਧਰਤਾ ਤੇ ਐਸੇ ਮਾਲਕ ਬਣੇ, ਜਿਵੇਂ ਕਿ ਮਨੁੱਖ ਪਸ਼ੂਆਂ ਦੇ ਮਾਲਕ ਹੁੰਦੇ ਹਨ।”
“ਇਸਲਾਮ ਦੇ ਮੁਢਲੇ ਜੇਤੂਆਂ ਨੇ ਮਜ਼ਹਬੀ ਜੋਸ਼ ਵਿਚ ਬੜੇ ਜ਼ੁਲਮ ਕੀਤੇ। ਉਨ੍ਹਾਂ ਉਪਰ ਬੜੀਆਂ ਬੇਸ਼ਰਮ ਤੇ ਸਭਿਅਤਾਹੀਣ ਵਧੀਕੀਆਂ ਕੀਤੀਆਂ। ਹਿੰਦੂਆਂ ਦੇ ਧਾਰਮਿਕ ਅਸਥਾਨਾਂ ਤੇ ਮੰਦਰਾਂ ਦੀ ਨਾ ਕੇਵਲ ਪਵਿੱਤ੍ਰਤਾ ਹੀ ਭੰਗ ਕੀਤੀ, ਸਗੋਂ ਉਨ੍ਹਾਂ ਨੂੰ ਲੁੱਟਿਆ, ਮੂਰਤੀਆਂ ਤੋੜੀਆਂ ਤੇ ਉਨ੍ਹਾਂ ਦਾ ਖੁਰਾ ਖੋਜ ਮਿਟਾ ਦਿੱਤਾ। ਉਨ੍ਹਾ ਦੀ ਥਾਂ ‘ਤੇ ਮਸਜਿਦਾਂ ਬਣਾ ਦਿੱਤੀਆਂ।ਉਨ੍ਹਾਂ ਹਿੰਦੂਆਂ ਦਾ ਕੇਵਲ ਧਨ, ਦੌਲਤ ਤੇ ਗਹਿਣਾ-ਗੱਟਾ ਹੀ ਨਹੀਂ ਲੁਟਿਆ, ਸਗੋਂ ਉਨ੍ਹਾਂ ਦੇ ਘਰ ਤੇ ਮੁਹੱਲੇ ਸਾੜ ਫੂਕ ਕੇ ਸੁਆਹ ਕਰ ਦਿੱਤੇ। ਨਾ ਕੇਵਲ ਹਿੰਦੂ ਇਸਤ੍ਰੀਆਂ ਦੀ ਇਜ਼ਤ ਹੀ ਲੁੱਟੀ, ਸਗੋਂ ਹਜ਼ਾਰਾਂ ਲੱਖਾਂ ਨੂੰ ਕਤਲ ਕਰ ਕੇ ਹਮੇਸ਼ਾਂ ਦੀ ਨੀਂਦ ਸੁਲਾ ਦਿੱਤਾ। ਅਣਗਿਣਤ ਨਰ ਨਾਰੀ, ਬੱਚੇ, ਜੁਆਨ ਤੇ ਬੁੱਢੇ ਕਤਲ ਕੀਤੇ। ਅਨੇਕਾਂ ਔਰਤਾਂ ਨੂੰ ਗ਼ੁਲਾਮ ਬਣਾਇਆ ਤੇ ਗ਼ਜ਼ਨੀ ਦੇ ਬਾਜ਼ਾਰਾਂ ਵਿਚ ਲਿਜਾ ਕੇ ਕੇਵਲ ਦੋ ਦੋ ਦੀਨਾਰ ਤੋਂ ਨਿਲਾਮ ਕੀਤਾ ਤੇ ਵੇਚਿਆ। ਹਿੰਦੂਆਂ ਨੂੰ ਜ਼ਬਰੀ ਗ਼ੁਲਾਮ ਬਣਾਇਆ। ਉਨ੍ਹਾਂ ਦੀਆਂ ਔਰਤਾਂ ਖੋਹ ਕੇ, ਉਨ੍ਹਾ ਨਾਲ ਨਿਕਾਹ ਪੜ੍ਹਾ ਕੇ ਅਪਣੇ ਮਹਿਲਾਂ ਦੀ ਰੌਣਕ ਵਧਾਈ।” ਜਿਹੜਾ ਵੀ ਮਸੁਲਮਾਨਾਂ ਦਾ ਫਿਰਕਾ ਜਾਂ ਖਾਨਦਾਨ ਇਕ ਦੂਜੇ ਦੇ ਮਗਰੋਂ ਆਇਆ, ਸਾਰਿਆਂ ਨੇ ਹੀ ਹਿੰਦੂਆਂ ਨਾਲ ਇਹੋ ਜਿਹਾ ਹੀ ਵਿੱਤਕਰੇ ਤੇ ਜ਼ੁਲਮ-ਭਰਿਆ ਸਲੂਕ ਜਾਰੀ ਰਖਿਆ।ਇਹੋ ਜਿਹੇ ਹਾਲਾਤ ਵਿਚ ਇਹ ਕੁਦਰਤੀ ਗੱਲ ਸੀ ਕਿ ਜੇਤੂਆਂ ਤੇ ਹਾਰਿਆ ਹੋਇਆਂ ਵਿਚ ਘਿਰਣਾ ਵਧੇ।ਸਿੱਟੇ ਵਜੋਂ ਦੋਹਾਂ ਧਰਮਾਂ ਵਿਚ ਅਤਿਅੰਤ ਨਫ਼ਰਤ ਤੇ ਦੁਸ਼ਮਣੀ ਪੈਦਾ ਹੋਈ ਤੇ ਜਾਰੀ ਰਹੀ, ਜੋ ਅਜ ਸਾਲ 2017 ਤਕ ਵੀ ਜਾਰੀ ਹੈ।
ਮਹਿਮੂਦ ਨੇ ਹਿੰਦੂਆਂ ਦੇ ਮੰਦਰਾਂ ਨੂੰ ਲੁੱਟਿਆ,ਉਨ੍ਹਾਂ ਦੇ ਦੇਵਤਿਆਂ ਦੀ ਬੇਇਜ਼ਤੀ ਕੀਤੀ, ਮੂਰਤੀਆਂ ਭੰਨੀਆਂ ਅਤੇ ਹਿੰਦੂਆਂ ਨੂੰ ਦਿਲ ਖੋਲ੍ਹ ਕੇ ਲੁੱਟਿਆ। ਇਸ ਤੋਂ ਪਹਿਲਾਂ ਮੁਹੰਮਦ ਕਾਸਮ ਨੇ ਹਿੰਦੂਆਂ ਨੂੰ ਉੱਕਾ ਹੀ ਬਰਬਾਦ ਕਰ ਕੇ ਰਾਜਾ ਦਾਹਿਰ ਵਾਲੀਏ ਸਿੰਧ ਦੀਆਂ ਦੋ ਧੀਆਂ ਅਤੇ ਹੋਰ ਅਨੇਕਾਂ ਇਸਤ੍ਰੀਆਂ ਨੂੰ ਕੈਦ ਕਰ ਕੇ ਬਗ਼ਦਾਦ ਵਿਚ, ਜਿੱਥੋਂ ਦਾ ਉਹ ਆਪ ਰਹਿਣ ਵਾਲਾ ਸੀ, ਖ਼ਲੀਫ਼ੇ ਦੇ ਮਹਿਲਾਂ ਵਿਚ ਦਾਖ਼ਲ ਕੀਤਾ। ਕੁਤਬਦੀਨ ਨੇ ਮੇਰਠ ਦੇ ਸਾਰੇ ਮੰਦਰਾਂ ਤੇ ਬੁੱਤਾਂ ਨੂੰ ਤੋੜਿਆ ਤੇ ਉਨ੍ਹਾਂ ਦੀ ਥਾਂ ਮਸਜਦਾਂ ਉਸਾਰੀਆਂ। ਜਿਸ ਨੇ ਵੀ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ, ਉਸ ਨੂੰ ਮੌਤ ਦੀ ਨੀਂਦ ਸੁਲਾ ਦਿਤਾ। ਕੇਵਲ ਇਕ ਕਾਲੰਜਰ ਸ਼ਹਿਰ ਵਿਚ ਹੀ 113 ਮੰਦਰ ਢਾਹ ਕੇ ਮਸਜਿਦਾਂ ਬਣਵਾ ਦਿਤੀਆਂ। ਹਜ਼ਾਰਾਂ ਹਿੰਦੂ ਕੱਤਲ ਕੀਤੇ ਤੇ ਗ਼ੁਲਾਮ ਬਣਾਏ।ਤਾਰੀਖ ਫ਼ਰਿਸ਼ਤਾ ਅਨੁਸਰ ਫੀਰੋਜ਼ ਸ਼ਾਹ ਨੇ ਜਦੋਂ ਨਗਰਕੋਟ ਕਾਂਗੜਾ ਫਤਹਿ ਕੀਤਾ ਤਾਂ ਸਾਰੇ ਹਿੰਦੂਆਂ ਨੂੰ ਲੁੱਟ ਕੇ ਬੁੱਤਾਂ ਨੂੰ ਤੋੜ ਦਿੱਤਾ ਤੇ ਉਨ੍ਹਾਂ ਬੁੱਤਾਂ ਦੇ ਟੁੱਕੜਿਆਂ ਨੂੰ ਗਾਂ ਦੇ ਗੋਸਤ ਵਿਚ ਮੜ੍ਹ ਕੇ ਬ੍ਰਾਹਮਣਾਂ ਦੇ ਗਲਿਆਂ ਵਿਚ ਹਾਰ ਪਾਏ। ਤੇਰਾਂ ਹਜ਼ਾਰ ਹਿੰਦੂਆਂ ਨੂੰ ਕੈਦ ਕਰ ਕੇ ਮੂੰਹ ਵਿਚ ਗਾਂ ਦਾ ਮਾਸ ਤੁੰਨ ਕੇ ਕਤਲ ਕੀਤਾ।”
ਗਿਆਸਦੀਨ ਨੇ ਰਾਣਾ ਮੱਲ ਭੱਟੀ ਦੀ ਧੀ ਨੂੰ ਜ਼ਬਰੀ ਮੁਸਲਮਾਨ ਬਣਾ ਕੇ ਉਸ ਨਾਲ ਨਿਕਾਹ ਪੜ੍ਹਾ ਕੇ ਆਪਣੇ ਹਰਮ ਵਿਚ ਸ਼ਾਮਿਲ ਕੀਤਾ।ਉਸ ਦੀ ਕੁੱਖ ਚੋਂ ਹੀ ਫੀਰੋਜ਼ ਸ਼ਾਹ ਪੈਦਾ ਹੋਇਆ ਸੀ।ਇਸੇ ਬਾਦਸ਼ਾਹ ਦੇ ਕਹਿਰ ਤੋਂ ਬਚਣ ਲਈ ਜੈਸਲਮੇਰ ਵਿਚ ਅੱਠ ਹਜ਼ਾਰ ਤੇ ਬਠਿੰਡੇ ਵਿਚ 24 ਹਜ਼ਾਰ ਇਸਤ੍ਰੀਆਂ ਆਪਣੀ ਪੱਤ ਬਚਾਉਣ ਲਈ ਜਿਉਂਦੀਆਂ ਹੀ ਸੜ ਮਰੀਆਂ ਸਨ। ਅਮੀਰ ਅਬਦੁੱਲਾ ਖਾਂ ਨੇ ਤਜ਼ਕਰੇ ਅਤੇ ਅਲਮਸਮੱਦ ਦੇ ਤਜ਼ਕਰੇ ਦੇ ਹਵਾਲੇ ਅਨੁਸਾਰ ਅਲਾਉਦੀਨ ਖਿਲਜੀ ਨੇ ਕਮਬਾਤ ਦੇ ਆਲੇ ਦੁਆਲੇ ਦੇ ਇਲਾਕੇ ਵਿਚ ਇਤਨੇ ਕੁ ਹਿੰਦੂ ਕੱਤਲ ਕੀਤੇ ਕਿ ਲਹੂ ਦੀਆਂ ਨਹਿਰਾਂ ਵਗਾ ਦਿਤੀਆਂ। ਅਨੇਕਾਂ ਬੱਚਿਆਂ ਤੇ ਵੀਹ ਹਜ਼ਾਰ ਸੁੰਦਰੀਆਂ ਨੂੰ ਗ਼ੁਲਾਮ ਬਣਾ ਕੇ ਆਪਣੇ ਦੇਸ਼ ਭੇਜਿਆ। ਉਸ ਨੇ ਦੌਲਤਾਬਾਦ ਸ਼ਹਿਰ ਨੂੰ ਤਾਂ ਅਜਿਹਾ ਬਰਬਾਦ ਕੀਤਾ ਕਿ ਉਥੇ ਕੋਈ ਕੁੱਤਾ ਜਾਂ ਬਿੱਲੀ ਤਕ ਵੀ ਨਾ ਬਚੇ।
ਅਮੀਰ ਖੁਸਰੋ ਅਨੁਸਾਰ ਜਲਾਲੁਦੀਨ ਖਿਲਜੀ ਨੇ ਸਾਰੇ ਮਾਲਵੇ ਤੇ ਗੁਜਰਾਤ ਦੇ ਇਲਾਕੇ ਨੂੰ ਇਥੋਂ ਤਕ ਲੱਟਿਆ ਕਿ ਉਥੋਂ ਦੀ ਹਿੰਦੂ ਵਸੋਂ ਪਾਸ ਨੰਗੇਜ਼ ਢੱਕਣ ਵਾਲੇ ਕਪੜੇ ਤੇ ਮਿੱਟੀ ਦੇ ਭਾਂਡਿਆਂ ਤੋਂ ਬਿਨਾਂ ਕੁਝ ਨਾ ਰਿਹਾ। 20 ਹਜ਼ਾਰ ਬੱਚੇ, ਤੀਵੀਆਂ, ਮਰਦ ਤੇ ਸੁੰਦਰੀਆਂ ਉਸ ਨੇ ਅਪਣੇ ਸੈਨਕਾਂ ਵਿੱਚ ਇਨਾਮ ਵਜੋਂ ਵੰਡੀਆਂ। 14 ਹਜ਼ਾਰ ਹਿੰਦੂ ਰਿਸ਼ੀਆਂ ਦੇ ਸਿਰ ਵੱਢ ਕੇ ਕਿਲ੍ਹੇ ਦੀਆਂ ਕੰਧਾਂ ਉਤੇ ਰਖਵਾਏ ਤੇ ਹਰ ਇਕ ਉਤੇ ਦੀਵੇ ਜਗਾ ਕੇ ਰੌਸ਼ਨੀ ਕੀਤੀ ਤੇ ਪਿਛੋਂ ਯਮਨਾ ਨਦੀ ਵਿਚ ਸੁਟਵਾ ਦਿਤੇ।
ਅਕਬਰ ਬਾਦਸ਼ਾਹ ਉਦਾਰਵਾਦੀ ਸੀ ਤੇ ਚਾਹੁੰਦਾ ਸੀ ਕਿ ਹਿੰਦੂ ਤੇ ਮੁਸਲਮਾਨ ਮਿਲ ਕੇ ਰਹਿਣ, ਪਰ ਇਕ ਦੂਜੇ ਪ੍ਰਤੀ ਜੋ ਘਿਰਣਾ ਪੈਦਾ ਹੋ ਗਈ ਸੀ, ਉਹ ਖਤਮ ਨਾ ਹੋਈ। ਉਹ ਹਿੰਦੂ ਰਾਜਿਆਂ ਨਾਲ ਰਿਸ਼ਤੇ ਜੋੜਣ ਲਈ ਬਹੁਤ ਖਾਹਿਸ਼ਮੰਦ ਸੀ ਤੇ ਹਰ ਤਰ੍ਹਾਂ ਦੇ ਯਤਨ ਵੀ ਕਰਦਾ ਸੀ। ਉਹਦੇ ਵਾਰਸਾਂ ਨੇ ਵੀ ਉਸ ਦੀ ਇਸ ਨੀਤੀ ਨੂੰ ਜਾਰੀ ਰੱਖਿਆ। ਬਜਾਏ ਇਸ ਦੇ ਕਿ ਧਰਮ ਦੇ ਬਦਲਣ ਤੋਂ ਘਿਰਣਾ ਕੀਤੀ ਜਾਂਦੀ, ਹਿੰਦੂ ਰਾਜਿਆਂ ਅੰਦਰ ਬਾਦਸ਼ਾਹ ਨੂੰ ਜਵਾਈ ਬਣਾਉਣ ਦਾ ਸ਼ੌਂਕ ਤੇਜ਼ੀ ਨਾਲ ਵੱਧਿਆ ਤੇ ਉਸ ਲਈ ਉਹ ਦਿਲੀ ਇੱਛਾ ਕਰਨ ਲਗ ਪਏ ਸਨ। ਇਹ ਨੀਤੀ ਵੀ ਹਿੰਦੂਆਂ ਲਈ ਘਾਤਕ ਸਿੱਧ ਹੋਈ, ਕਿਊਂ ਜੋ ਕੋਈ ਵੀ ਹਿੰਦੂ ਰਾਜਾ ਮੁਸਲਮਾਨ ਲੜਕੀ ਵਿਆਹੁਣ ਨੂੰ ਤਿਆਰ ਨਹੀਂ ਸੀ।
ਇਹੋ ਜਿਹੀਆਂ ਹੋਰ ਵੀ ਅਨੇਕਾਂ ਉਦਹਾਰਣਾਂ ਇਤਿਹਾਸਿਕ ਹਵਾਲੇ ਦੇ ਕੇ ਦਿੱਤੀਆਂ ਜਾ ਸਕਦੀਆਂ ਹਨ, ਪਰ ਥੋੜੇ ਜਿਹੇ ਨਮੂਨੇ ਨਾਲ ਸਾਰੀ ਅਸਲੀਅਤ ਦਾ ਪਤਾ ਲਗ ਜਾਂਦਾ ਹੈ। ਇਸ ਤੋਂ ਸਾਫ ਸਪੱਸ਼ਟ ਹੈ ਕਿ ਹਿੰਦੂ ਸਮਾਜ ਬਹੁਤ ਹੀ ਨਿਰਬਲ, ਸਾਹਸਹੀਣ ਤੇ ਨਿਆਸਰਾ ਹੋ ਚੁੱਕਾ ਸੀ। ਕਿਤੇ ਕਿਤੇ ਟਾਵੀਂ ਕੋਈ ਰਾਜਪੂਤ ਹਕੂਮਤ ਸੀ, ਉਹ ਵੀ ਪਹਾੜ ਦੀਆਂ ਕੁੰਦਰਾਂ ਤੇ ਖੰਡਰਾਂ ਵਿਚ ਬਚੀ ਹੋਈ ਸੀ। ਉਸ ਦੇ ਪਿੱਛੇ ਵੀ ਇਸਲਾਮੀ ਟਿੱਡੀ ਦਲ ਫੋਜਾਂ ਹਰ ਸਮੇਂ ਜਹਾਦ ਲਈ ਤਿਆਰ ਬਰ ਤਿਆਰ ਸਨ।
ਅਜੇਹੇ ਬਿਖੜੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਉਨ੍ਹਾਂ ਨੇ ਦੋਨਾਂ ਧਰਮਾਂ ਦੇ ਪੈਰੋਕਾਰਾਂ ਨੂੰ ਸਿੱਧਾ ਸਾਦਾ ਤੇ ਨੇਕ ਜੀਵਨ ਬਿਤਾਉਣ, ਹੱਥੀ ਕਿਰਤ ਕਰਨ, ਵੰਡ ਛੱਕਣ, ਇਕੋ ਪਰਮਾਤਮਾ ਉਤੇ ਅਟੁੱਟ ਵਿਸ਼ਵਾਸ ਤੇ ਸੱਭਨਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਲਾਲਾ ਦੌਲਤ ਰਾਏ ਦੇ ਸ਼ਬਦਾਂ ਵਿਚ “ਉਨ੍ਹਾਂ ਇਹ ਕਾਰਜ ਐਸੀ ਜੁਗਤੀ ਨਾਲ ਆਰੰਭਿਆ ਤੇ ਨਿਭਾਇਅਾ, ਜੋ ਕੇਵਲ ਉਹੋ ਹੀ ਕਰ ਸਕਦੇ ਸਨ। ਇਹੋ ਕਾਰਨ ਹੈ ਕਿ ਮੁਸਲਮਾਨ ਵੀ ਅਜਿਹੇ ਦਲੇਰ ਵਿਅਕਤੀ ਦੇ ਖਿਲਾਫ ਨਾ ਹੋਏ ਜੋ ਹਿੰਦੂਆਂ ਨੂੰ ਉਨ੍ਹਾਂ ਦੇ ਮੁਕਾਬਲੇ ‘ਤੇ ਲਿਆਉਣ ਦੀ ਨੀਂਹ ਰੱਖ ਰਿਹਾ ਸੀ।” ਦੂਸਰੇ ਗੁਰੂ ਸਾਹਿਬਾਨ ਨੇ ਵੀ ਇਸ ਤਰ੍ਹਾਂ ਦੋਨਾਂ ਧਰਮਾਂ ਦੇ ਲੋਕਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਜਾਰੀ ਰੱਖਿਆ।
ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਸਮੇਂ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਮੁਹਿੰਮ
ਤੇਜ਼ ਹੋ ਗਈ।ਉਸ ਦੇ ਜ਼ੁਲਮ ਤੱਸ਼ਦਦ ਤੋਂ ਪ੍ਰੇਸ਼ਾਨ ਹੋਏ ਕਸ਼ਮੀਰੀ ਪੰਡਤ ਗੁਰੂ ਤੇਗ਼ ਬਹਾਦਰ ਜੀ ਪਾਸ ਫਰਿਆਦ ਲੈ ਕੇ ਆਨੰਦਪੁਰ ਸਾਹਿਬ ਆਏ ਤਾਂ ਬਾਲਕ ਗੋਬਿੰਦ ਸਿੰਘ, ਜੋ ਕੇਵਲ 9 ਸਾਲਾਂ ਦੇ ਸਨ, ਦੇ ਆਖਣ ‘ਤੇ ਉਨ੍ਹਾਂ ਦੀ ਰੱਖਿਆ ਲਈ ਦਿੱਲੀ ਗਏ, ਜਿੱਥੇ ਬਾਦਸ਼ਾਹ ਦੇ ਹੁਕਮ ‘ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗਰੀਬ, ਮਜ਼ਲੂਮ ਤੇ ਨਿਤਾਣਿਆਂ ਦੀ ਰੱਖਿਆ ਲਈ ਅਤੇ ਮੁਗ਼ਲ ਹਕੂਮਤ ਦੇ ਜ਼ੁਲਮ ਤਸ਼ੱਦਦ ਤੇ ਅਤਿਆਚਾਰਾ ਦਾ ਟਾਕਰਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਅਤੇ ਕੌਮ ਵਿਚ ਇਕ ਨਵੀਂ ਰੂਹ ਭਰ ਦਿਤੀ। ਗੁਰੂ ਜੀ ਦੇ ਖਾਲਸੇ ਨੇ ਇਤਿਹਾਸ ਦਾ ਰੁੱਖ ਬਦਲ ਕੇ ਰੱਖ ਦਿੱਤਾ। ਇਸ ਮੁਹਿੰਮ ਵਿਚ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਲਾਲਾ ਦੌਲਤ ਰਾਏ ਦੇ ਅਪਣੇ ਸ਼ਬਦਾਂ ਅਨੁਸਾਰ, “ਔਰੰਗਜ਼ੇਬ ਦੇ ਸਮੇਂ ਤਕ ਹਿੰਦੂਆਂ ਤੇ ਹਿੰਦੁਸਤਾਨ ਦੀ ਅਜਿਹੀ ਦਸ਼ਾ ਹੋ ਗਈ ਸੀ ਕਿ ਸਾਰੇ ਭਾਰਤਵਰਸ਼ ‘ਤੇ ਹੀ ਇਸਲਾਮੀ ਝੰਡਾ ਝੁੱਲਣ ਲੱਗ ਗਿਆ ਸੀ। ਲਹਿੰਦੇ ਪਾਸੇ ਗੁਜਰਾਤ ਤੇ ਦੁਆਰਕਾ ਤਕ ਇਸਲਾਮੀ ਹਕੂਮਤ ਕਾਇਮ ਹੋ ਚੁੱਕੀ ਸੀ। ਦੱਖਣ ਦੀਆਂ ਸਾਰੀਆਂ ਹਿੰਦੂ ਹਕੂਮਤਾਂ ਬਰਬਾਦ ਹੋ ਕੇ ਅਪਣੀ ਹੋਂਦ ਹੀ ਖਤਮ ਕਰ ਰਹੀਆਂ ਸਨ। ਰਾਮੇਸ਼ਵਰਮ ਵਿਚ ਮਸਜਿਦਾਂ ਉਸਰ ਚੁੱਕੀਆਂ ਸਨ, ਜਿੱਥੋਂ ਅੱਲ੍ਹਾ ਹੂ ਅਕਬਰ ਦੀਆਂ ਉੱਚੀਆਂ ਉੱਚੀਆਂ ਬਾਂਗਾਂ ਸੁਣਾਈ ਦੇ ਰਹੀਆਂ ਸਨ। ਚੜ੍ਹਦੇ ਵਿਚ ਉੜੀਸਾ ਤੇ ਬੰਗਾਲ ਢੇਰ ਸਮੇਂ ਤੋਂ ਇਸਲਾਮ ਦੇ ਜ਼ੋਰ ਤੇ ਜ਼ੁਲਮ ਦੇ ਅਭਿਆਸ ਦਾ ਖੇਤਰ ਬਣਿਆ ਹੋਇਆ ਸੀ। ਉਤਰ ਵਿਚ ਵੀ ਪਹਾੜਾਂ ਵਿਚ ਹਿੰਦੂ ਰਾਜਿਆਂ ਦੀ ਹਕੂਮਤ ਦਾ ਭੋਗ ਪੈ ਚੁੱਕਾ ਸੀ ਅਤੇ ਉਹ ਸਾਰੇ ਅਧੀਨ ਹੋ ਗਏ ਸਨ। ਕਸ਼ਮੀਰ ਵਿਚ ਇਸਲਾਮੀ ਝੰਡਾ ਲਹਿਰਾ ਰਿਹਾ ਸੀ। ਪਰ ਫਿਰ ਵੀ ਇਨ੍ਹਾਂ ਜਿੱਤਾਂ ਤੇ ਸ਼ਕਤੀ ਪਸਾਰੇ ਦੇ ਬਾਵਜੂਦ ਮੁਲਕ ਵਿਚ ਚੈਨ ਨਹੀਂ ਸੀ।”
ਉਹ ਅਗੇ ਲਿਖਦੇ ਹਨ, “ਜੋ ਕੁਝ ਪਹਿਲਾਂ ਵਾਪਰ ਚੁੱਕਾ ਸੀ, ਉਸ ਨੂੰ ਭੁਲਾ ਕੇ ਜੇ ਇਕੱਲੇ ਔਰੰਗਜ਼ੇਬ ਦੀਆਂ ਕਰਤੂਤਾਂ ਹੀ ਵੇਖੀਆਂ ਜਾਣ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਹੁਣ ਉਹ ਸਮਾਂ ਆ ਗਿਆ ਸੀ ਕਿ ਹਿੰਦੂਆਂ ਦਾ ਨਾਂ ਵੀ ਹਿੰਦੁਸਤਾਨ ਦੀ ਧਰਤੀ ਤੋਂ ਉਸੇ ਤਰ੍ਹਾਂ ਹੀ ਮਿਟ ਜਾਂਦਾ ਜਿਵੇਂ ਕੁਰੈਸ਼ੀਆਂ ਦਾ ਅਰਬ ਵਿਚ ਮੇਟਿਆ ਗਿਆ ਸੀ। ਜਾਂ ਫਿਰ ਉਹੀ ਹਾਲ ਹੁੰਦਾ ਜਿਵੇਂ ਇਰਾਨ, ਤੁਰਕਿਸਤਾਨ, ਅਫ਼ਗਾਨਿਸਤਾਨ ਤੇ ਬਲੋਚਿਸਤਾਨ ਦੇ ਵਸਨੀਕ ਆਪਣੇ ਵੱਡੇ ਵਡੇਰਿਆਂ ਦੇ ਧਰਮ ਨੂੰ ਤਿਲਾਂਜਲੀ ਦੇ ਚੁੱਕੇ ਸਨ।ਇਥੇ ਵੀ ਸਾਰੇ ਹੀ ਹਿੰਦੂ ਆਪਣੇ ਧਰਮ ਦਾ ਤਿਆਗ ਕਰ ਦਿੰਦੇ ਤੇ ਇਸਲਾਮ ਦੀ ਜ਼ਾਲਮ ਤਲਵਾਰ ਅਗੇ ਸਿਰ ਨੀਵਾਂ ਕਰ ਕੇ ਆਪਣੀ ਸੰਸਕ੍ਰਿਤੀ ਤੋਂ ਹੱਥ ਧੋ ਬੈਠਦੇ ਕਿਉਂਕਿ ਹਿੰਦੂਆਂ ਵਿਚ ਹੁਣ ਇਸਲਾਮੀ ਜਬਰ ਤੇ ਜੋਸ਼ ਦਾ ਟਾਕਰਾ ਕਰਨ ਦੀ ਨਾ ਹਿੰਮਤ ਸੀ ਤੇ ਨਾ ਹੀ ਤਾਕਤ, ਨਾ ਹੀ ਹੌਸਲਾ ਸੀ ਤੇ ਨਾ ਹੀ ਸੂਝ, ਨਾ ਹੀ ਧਰਮ ਦਾ ਬਲ ਤੇ ਨਾ ਹੀ ਧਨ-ਦੌਲਤ ਸੀ।”
“ਫਿਰ ਐਸੀ ਨਿਰਾਸਤਾ ਵਿਚ ਅਚਨਚੇਤ ਇਕ ਮੂਰਤ ਪ੍ਰਗਟ ਹੋਈ।ਇਸ ਹਸਤੀ ਨੇ ਹਿੰਦੂ ਧਰਮ ਦੀ ਨਈਆ ਨੂੰ ਤੂਫ਼ਾਨ ਵਿਚੋਂ ਕੱਢਿਆ ਹੀ ਨਹੀਂ, ਸਗੋਂ ਕੰਢੇ ‘ਤੇ ਆ ਖੜਾ ਕੀਤਾ। ਹਿੰਦੂ ਧਰਮ ਦੇ ਸੁੱਕ ਚੁੱਕੇ ਤੇ ਕੁਮਲਾ ਗਏ ਬਾਗ਼ ਲਈ ਉਹ ਰਹਿਮਤ ਦੀ ਵਰਖਾ ਤੇ ਉਜੜ ਰਹੇ ਚਮਨ ਦਾ ਮਾਲੀ ਤੇ ਦਰਦ ਵੰਡਾਉਣ ਵਾਲਾ ਸੀ।ਪਰ ਉਹ ਕੌਣ ਸੀ? ਹਾਂ ਉਹ ਸਨ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੇ ਨਾਂਅ ਤੋਂ ਸਾਰਾ ਸੰਸਾਰ ਭਲੀ ਪ੍ਰਕਾਰ ਜਾਣੂੰ ਹੈ।ਜਿਸ ਬੂਟੇ ਨੂੰ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ, ਜਿਸ ਨੂੰ ਗੁਰੂ ਅਰਜਨ ਦੇਵ ਨੇ ਆਪਣੇ ਖੁਨ ਦਾ ਪਾਣੀ ਦੇ ਕੇ ਤੇ ਹੱਡੀਆਂ ਪਾ ਕੇ ਵੱਡਾ ਕੀਤਾ ਸੀ ਅਤੇ ਜਿਸ ਨੂੰ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਤੇ ਰੱਤ ਪਾ ਕੇ ਪਾਲਿਆ ਪੋਸਿਆ ਤੇ, ਉਸੇ ਦੀ ਸੇਵਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮਾਤਾ, ਚਾਰ ਸਾਹਿਬਜ਼ਾਦਿਆਂ, ਪੰਜ ਪਿਆਰਿਆਂ ਅਤੇ ਹਜ਼ਾਰਾਂ ਸ਼ਰਧਾਲੂ ਸਿੱਖ ਦੁਲਾਰਿਆਂ ਦੀਆਂ ਲਹੂ ਦੀਆਂ ਵਗਦੀਆਂ ਨਦੀਆਂ ਨਾਲ ਬਲਵਾਨ ਕੀਤਾ।” ਕਿਸੇ ਕਵੀ (ਬੁਲ੍ਹੇ ਸ਼ਾਹ) ਨੇ ਠੀਕ ਆਖਿਆ ਹੈ:-
ਨਾ ਕਹੋਂ ਅਬ ਕੀ ਨਾ ਕਹੋਂ ਤਬ ਕੀ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ।
ਲਾਲਾ ਦੌਲਤ ਰਾਏ ਨੇ ਕਈ ਅੰਗਰੇਜ਼ ਵਿਦਵਾਨਾਂ ਦੇ ਵੀ ਇਸ ਤਰ੍ਹਾ ਦੇ ਹਵਾਲੇ ਦਿਤੇ ਹਨ।ਲਾਲਾ ਜੀ ਦੇ ਉਪਰੋਕਤ ਵਿਚਾਰਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜੇ ਕਰ ਗੁਰੂ ਸਾਹਿਬਾਨ ਅਵਤਾਰ ਨਾ ਧਾਰਦੇ ਤਾਂ ਉਸ ਸਮੇਂ ਵਾਲਾ ਸਾਰਾ ਹਿੰਦੁਸਤਾਨ ਇਕ ਇਸਲਾਮੀ ਦੇਸ਼ ਹੁੰਦਾ।
ਨਾਮਵਾਰ ਪੰਥਕ ਵਿਦਵਾਨ ਸਮਤ ਸਿੰਘ ਮਸਕੀਨ ਜੀ ਮਹਾਂਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਜੇਕਰ ਦਸ਼ਮੇਸ਼ ਪਿਤਾ ਗੁਰੁ ਗੋਬਿੰਦ ਸਿੰਘ ਜੀ ਅਵਤਾਰ ਨਾ ਧਾਰਦੇ, ਤਾਂ ਇਸ ਦੇਸ਼ ਵਿਚੋਂ ਅਨੇਕਤਾ (ਬਹੁ-ਧਰਮੀ ਚਰਿਤਰ) ਖਤਮ ਹੋ ਜਾਦੀ,ਇਥੇ ਵੇਦ ਪੁਰਾਨ ਪੜ੍ਹਣ, ਦੇਵੀ ਦੇਵਤਿਆਂ ਦੀਆ ਕਥਾਵਾਂ ਖਤਮ ਹੋ ਜਾਂਦੀਆਂ,ਉਨ੍ਹਾਂ ਦੀ ਹੇਠ ਲਿਖੀ ਲਿਖਤ ਸਪਸ਼ਟ ਕਰਦੀ ਹੈ :-
ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ,
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਪ੍ਰਪਕ ਜਾਤੇ ਧਰਮ ਧਮਕ ਜਾਤੇ,
ਵਰਨ ਗਰਕ ਜਾਤੇ ਸਤਿ ਬਿਧਾਤ ਕੀ ।
ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ,
ਰੀਤ ਮਿਟ ਜਾਤੀ ਸਭ ਬੇਦਨ ਪੁਰਾਨ ਕੀ।
ਸ੍ਰੀ ਗੁਰੁ ਗੋਬਿੰਦ ਸਿੰਘ ਪਾਵਨ ਸੁਰ,
ਮੂਰਤ ਨ ਹੋਤੀ ਜੋ ਪੈ ਕਰਨਾ ਨਿਧਾਨ ਕੀ॥