ਮੁੰਬਈ – ਭਾਰਤੀ ਫ਼ਿਲਮ ਜਗਤ ਦੇ ਮੰਨੇ-ਪ੍ਰਮੰਨੇ ਅਭਿਨੇਤਾ ਓਮਪੁਰੀ ਦਾ ਸ਼ੁਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। 66 ਸਾਲਾ ਓਮਪੁਰੀ ਨ ਮੁੰਬਈ ਵਿੱਚ ਸ਼ੁਕਰਵਾਰ ਸਵੇਰੇ ਆਖਰੀ ਸਾਹ ਲਏ। ਉਹ ਸਿਰਫ਼ ਕਲਾਤਮਕ ਫ਼ਿਲਮਾਂ ਵਿੱਚ ਹੀ ਨਹੀਂ ਬਲਿਕ ਕਮੇਡੀ ਫ਼ਿਲਮਾਂ ਵਿੱਚ ਵੀ ਮਹਾਰਤ ਰੱਖਣ ਵਾਲੇ ਅਭਿਨੇਤਾ ਸਨ।
ਓਮਪੁਰੀ ਨੇ 1976 ਵਿੱਚ ਮਰਾਠੀ ਫ਼ਿਲਮ ‘ਘਾਸੀਰਾਮ ਕੋਤਵਾਲ’ ਦੇ ਨਾਲ ਸਿਨੇਮਾ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ। ਬਾਲੀਵੁੱਡ ਵਿੱਚ ਉਨ੍ਹਾਂ ਨੇ 1980 ਵਿੱਚ ‘ਆਕਰੋਸ਼’ ਫ਼ਿਲਮ ਨਾਲ ਐਂਟਰੀ ਕੀਤੀ ਸੀ। ਇਸ ਲਈ ਉਨ੍ਹਾਂ ਨੂੰ ਬੈਸਟ ਸਪੋਟਿੰਗ ਐਕਟਰ ਦਾ ਫ਼ਿਲਮਫੇਅਰ ਪੁਰਸਕਾਰ ਵੀ ਮਿਲਿਆ ਸੀ। ਉਨ੍ਹਾਂ ਨੇ 1990 ਵਿੱਚ ਸੀਮਾ ਕਪੂਰ ਨਾਲ ਪਹਿਲੀ ਸ਼ਾਦੀ ਕੀਤੀ ਸੀ। ਉਨ੍ਹਾਂ ਨੇ 1993 ਵਿੱਚ ਨੰਦਿਤਾ ਪੁਰੀ ਨਾਲ ਦੂਸਰੀ ਸ਼ਾਦੀ ਕੀਤੀ ਸੀ ਅਤੇ 2013 ਵਿੱਚ ਉਹ ਦੋਵੇਂ ਵੱਖ ਹੋ ਗਏ ਸਨ। ਉਨ੍ਹਾਂ ਦਾ ਈਸ਼ਾਨ ਨਾਮ ਦਾ ਇੱਕ ਬੇਟਾ ਵੀ ਹੈ।
ਹਰਿਆਣਾ ਦੇ ਅੰਬਾਲਾ ਸ਼ਹਿਰ ਵਿਚ 18 ਅਕਤੂਬਰ 1950 ਵਿੱਚ ਜੰਮੇ ਓਮਪੁਰੀ ਦਾ ਪੂਰਾ ਨਾਮ ਓਮ ਰਾਜੇਸ਼ ਪੁਰੀ ਸੀ। ਉਨ੍ਹਾਂ ਨੇ 200 ਤੋਂ ਵੱਧ ਫਿ਼ਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਹਿੰਦੀ ਤੋਂ ਇਲਾਵਾ ਪੰਜਾਬੀ, ਮਰਾਠੀ, ਕੰਨੜ ਅਤੇ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ।