ਪੰਜਾਬ ਵਿਚ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਲੋਹੜੀ ਮਨਾ ਕੇ ਨਵੇਂ ਜੰਮੇ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਲੋਹੜੀ ਦੀ ਤਿਆਰੀ 10–15 ਦਿਨ ਪਹਿਲਾ ਹੀ ਭਾਵ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਂਦੀ ਹੈ। ਨਵੇਂ ਜੰਮੇ ਮੁੰਡੇ ਦੀ ਮਾਂ, ਦਾਦੀ ਅਤੇ ਹੋਰ ਰਿਸ਼ਤੇਦਾਰ ਸ਼ਰੀਕੇ ’ਚ ਸ਼ਗਨਾਂ ਦਾ ਗੁੜ ਅਤੇ ਰਿਉੜੀਆਂ ਮੁੰਗਫਲੀ ਦੇ ਨਾਲ ਵੰਡਣ ਝੁੰਡ ਬਣਾ ਕੇ ਤੁਰ ਪੈਂਦੇ ਹਨ। ਹਾਲਾਂਕਿ ਬਦਲਦੇ ਜਮਾਨੇ ਨੇ ਇਸ ਰਸਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਹੁਣ ਇਨ੍ਹਾਂ ਦੀ ਥਾਂ ਗੱਚਕ ਰਿਉੜੀਆਂ ਦੇ ਡੱਬਿਆਂ ਨੇ ਲੈ ਲਈ ਹੈ, ਗੁੜ ਵੰਡਣ ਦਾ ਰਿਵਾਜ ਤਾਂ ਲਗਭਗ ਖਤਮ ਹੀ ਹੋ ਗਿਆ ਹੈ ਪਰ ਫੇਰ ਵੀ ਸਾਡਾ ਇਹ ਸਭਿਆਚਾਰ ਸਾਡੇ ਪੇਂਡੂ ਖੇਤਰਾਂ ਵਿਚ ਕਿਤੇ ਕਿਤੇ ਸਿਸਕ ਰਿਹਾ ਹੈ।
ਲੋਹੜੀ ਤੋਂ ਕੁੱਝ ਦਿਨ ਪਹਿਲਾਂ ਗਲ਼ੀ ਮੁਹੱਲੇ ਦੀਆਂ ਛੋਟੀਆਂ ਛੋਟੀਆਂ ਕੁੜੀਆਂ ਅਤੇ ਨਿੱਕੇ ਨਿੱਕੇ ਬਾਲ ਆਪਣੇ ਗਰੁੱਪ ਬਣਾ ਕੇ ਲੋਹੜੀ ਮੰਗਣ ਤੁਰ ਪੈਂਦੇ ਹਨ। ਲੋਹੜੀ ਤੋਂ ਪਹਿਲੇ ਦਿਨਾਂ ਵਿਚ ਲੋਹੜੀ ਆਮਤੌਰ ਤੇ ਛੋਟੇ ਬੱਚੇ ਹੀ ਮੰਗਦੇ ਹਨ ਅਤੇ ਇਨ੍ਹਾਂ ਨੂੰ ਲੋਹੜੀ ਦੇਣਾ ਵੀ ਸ਼ਗਨ ਮੰਨਿਆ ਜਾਂਦਾ ਰਿਹਾ ਹੈ। ਇਹ ਲੋਹੜੀ ਮੰਗਣ ਦਾ ਤਰੀਕਾ ਸੰਗੀਤਮਈ ਹੁੰਦਾ ਹੀ ਹੈ।
ਸੁੰਦਰ ਮੁੰਦਰੀਏ! ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ!
ਸੇਰ ਸ਼ੱਕਰ ਪਾਈ ਹੋ!
ਕੁੜੀ ਦੀ ਝੋਲੀ ਪਾਈ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ ਹੋ!
ਚਾਚਾ ਗਾਲੀ ਦੇਸੇ ਹੋ!
ਚਾਚੇ ਚੂਰੀ ਕੁੱਟੀ ਹੋ!
ਜਿਮੀਦਾਰਾਂ ਲੁੱਟੀ ਹੋ!
ਜਿਮੀਦਾਰ ਸਦਾਓ ਹੋ!
ਗਿਣ ਗਿਣ ਪੋਲੇ ਆਓ! ਹੋ!
ਕੁੜੀ ਦਾ ਸੋਹਰਾ ਆਇਆ ਹੋ!
ਉਹਦੀ ਲੰਮੀ ਦਾਹੜੀ ਹੋ!
ਉਁਤੇ ਧਰਾਂ ਅੰਗਿਆਰੀ ਹੋ!
ਉਁਤੋਂ ਫੂਕ ਮਾਰੀ ਹੋ!
ਉਹਦੀ ਸੜ ਗਈ ਦਾਹੜੀ ਹੋ!
ਲੋਹੜੀ ਦੇ ਇਨ੍ਹਾਂ ਮੁੰਡਿਆਂ ਵਲੋਂ ਗਾਏ ਜਾਂਦੇ ਗੀਤਾਂ ਵਿਚ ਵੀਰ ਰਸ ਹੁੰਦਾ ਹੈ ਅਤੇ ਕੁੜੀਆਂ ਦੇ ਗੀਤਾਂ ਵਿਚ ਵੀਰਾਂ ਦੇ ਵਿਆਹ ਕੁੜਮਾਈ ਅਤੇ ਭਤੀਜਿਆਂ ਦੇ ਜਨਮ ਲਈ ਸ਼ੁਭ ਇਛਾਵਾਂ ਅਤੇ ਅਸੀਸਾਂ ਹੁੰਦੀਆਂ ਹਨ।
ਗੁੜ ਰੋੜੀਆਂ ਸੀ, ਨੀ ਭਾਈਆਂ ਜੋੜੀਆਂ ਸੀ।
ਨਿੱਕੀ ਨਿੱਕੀ ਮੰਜੀ ਦੇ ਰੰਗੀਲੇ ਪਾਵੇ,
ਵੀਰੇ ਦੇ ਘਰ ਬੇਟਾ ਹੋਵੇ, ਵੱਡਾ ਹੋਵੇ, ਵਡੇਰਾ ਹੋਵੇ,
ਨੀਲੀ ਘੋੜੀ ਚੜ੍ਹ ਚੜ੍ਹ ਆਵੇ,
ਲੈ ਲਾ ਨੀ ਭਾਬੋ ਆਪਣੀ ਨੂੰਹ,
ਭਾਵੇਂ ਪੀੜੀ ਤੇ ਬਿਠਾਲ, ਭਾਵੇਂ ਪੱਟ ਤੇ ਬਿਠਾਲ, ਘੁੰਡ ਚੱਕ ਕੇ ਦਿਖਾਲ।
ਇਸ ਤਰ੍ਹਾਂ ਘਰਾਂ ’ਚੋ ਇਕੱਠੀਆਂ ਕੀਤੀਆਂ ਪਾਥੀਆਂ ਅਤੇ ਲਕੜਾਂ ਨੂੰ ਬੱਚੇ ਕਿਸੇ ਇਕ ਦੇ ਘਰ ’ਚ ਇਕੱਠਾ ਕਰਦੇ ਰਹਿੰਦੇ ਹਨ ਅਤੇ ਲੋਹੜੀ ਵਾਲੇ ਦਿਨ ਮੁਹੱਲੇ ਦੀ ਸਾਂਝੀ ਧੂਨੀ ਲਗਾ ਕੇ ਲੋਹੜੀ ਮਨਾਉਂਦੇ ਹਨ। ਪਿਛਲੇ ਲਗਪਗ ਡੇਢ ਕੁ ਦਹਾਕਿਆਂ ਦੋਂ ਇਸ ਤਰ੍ਹਾਂ ਲੋਹੜੀ ਮੰਗਣ ਦਾ ਰਿਵਾਜ ਲਗਭਗ ਖਤਮ ਜਿਹਾ ਹੋ ਗਿਆ ਹੈ ਅਤੇ ਹੁਣ ਲੋਹੜੀ ਪਾਥੀਆਂ ਅਤੇ ਲਕੜਾਂ ਨੂੰ ਖਰੀਦ ਕੇ ਸਿੱਧੇ ਤੌਰ ਤੇ ਮਨਾਉਣੀ ਸ਼ੁਰੂ ਹੋ ਗਈ ਹੈ। ਬੱਚੇ ਵੀ ਹੁਣ ਲੋਹੜੀ ਮੰਗਣ ਵਿਚ ਹੱਤਕ ਮਹਿਸੂਸ ਕਰਨ ਲੱਗ ਪਏ ਹਨ।
ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਲੋਹੜੀ ਦਾ ਇਹ ਤਿਉਹਾਰ ਅਪਾਰ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈੇ। ਵੰਡ ਤੋਂ ਪਹਿਲਾ ਇਹ ਤਿਉਹਾਰ ਅੱਜ ਦੇ ਪਾਕਿਸਤਾਨ ਦੇ ਕਈ ਹਿੱਸਿਆਂ ਗੁਜਰਾਂਵਾਲਾ, ਸਿਆਲਕੋਟ, ਲਾਹੌਰ, ਲਾਇਲਪੁਰ, ਜੇਹਲਮ ਤੇ ਗੰਜੀਬਾਰ ਇਲਾਕਿਆਂ ਵਿਚ ਮਨਾਉਣ ਦਾ ਵੀ ਰਿਵਾਜ਼ ਰਿਹਾ ਹੈ। ਲੋਹੜੀ ਦੇ ਤਿਉਹਾਰ ਨਾਲ ਸੰਬੰਧਤ ਜਿਹੜੀ ਦੁੱਲਾ ਭੱਟੀ ਦੀ ਕਹਾਣੀ ਪ੍ਰਸਿਧ ਹੈ, ਉਹ ਵੀ ਗੰਜੀਬਾਰ ਇਲਾਕੇ ਨਾਲ ਹੀ ਸੰਬੰਧਤ ਹੈ।
ਅੱਜ ਕੱਲ੍ਹ ਲੋਹੜੀ ਮੰਗਣ ਵਾਲਿਆਂ ਨੂੰ ਇਨ੍ਹਾਂ ਵਿਚੋਂ ਬਹੁਤੇ ਤਾਂ ਚੇਤੇ ਹੀ ਨਹੀਂ ਹੁੰਦੇ। ਇਹ ਸਾਡੇ ਪੰਜਾਬੀ ਸਭਿਆਚਾਰ ਦੀ ਵਿਡੰਬਣਾ ਹੈ ਕਿ ਇਨ੍ਹਾਂ ਗੀਤਾਂ ਨਾਲ ਸਾਡੀਆਂ ਮੋਜੂਦਾ ਪੀੜੀਆਂ ਜਾਣੂ ਨਹੀਂ ਹਨ ਅਤੇ ਅਸੀਂ ਸਿਰਫ ‘ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰ ਹੋ’ ਨੂੰ ਹੀ ਲੋਹੜੀ ਦਾ ਗੀਤ ਬਣਾਈ ਅਤੇ ਸਮਝੀ ਬੈਠੇ ਹਾਂ। ਇਹ ਗੀਤ ਤਾਂ ਲੋਹੜੀ ਦੇ ਗੀਤਾਂ ਦਾ ਇਕ ਅੰਸ਼ ਹੈ ਅਤੇ ਦੁੱਲੇ ਭੱਟੀ ਵਲੋ ਕੀਤੇ ਸ਼ਾਨਦਾਰ ਕੰਮ ਦੀ ਸ਼ਲਾਘਾ ਅਤੇ ਉਸ ਨੂੰ ਸ਼ਾਬਾਸ਼ੀ ਹੈ।
ਕਹਿੰਦੇ ਹਨ ਕਿ ਮੌਜੂਦਾ ਪਾਕਿਸਤਾਨ ਦੇ ਗੰਜੀਬਾਰ ਇਲਾਕੇ (ਅੱਜਕਲ੍ਹ ਦਾ ਬਹਾਵਲਨਗਰ ਖੇਤਰ) ’ਚ ਇਕ ਬ੍ਰਾਹਮਣ ਰਹਿੰਦਾ ਸੀ। ਉਸਦੀਆਂ ਦੋ ਬਹੁਤ ਹੀ ਸੁਨੱਖੀਆਂ ਧੀਆਂ ਸਨ, ਜਿਨ੍ਹਾ ਨਾਂ ਸੁੰਦਰੀ ਅਤੇ ਮੁੰਦਰੀ ਸੀ। ਹਰ ਕੋਈ ਉਸਦੀ ਸੁੰਦਰਤਾ ਦਾ ਦੀਵਾਨਾ ਸੀ। ਉਹ ਅਕਬਰ ਦੇ ਗੰਜੀਬਾਰ ਇਲਾਕੇ ਦੇ ਮੁਗਲ ਅਹਿਲਕਾਰ ਦੀ ਨਜ਼ਰੀਂ ਚੜ੍ਹ ਗਈਆਂ। ਉਸ ਨੇ ਸੁੰਦਰੀ–ਮੁੰਦਰੀ ਦੇ ਬ੍ਰਾਹਮਣ ਪਿਤਾ ਨੂੰ ਲਾਲਚ ਭਰਪੂਰ ਇਕ ਸੁਨੇਹਾ ਭੇਜ ਕੇ ਹਿਦਾਇਤ ਕੀਤੀ ਕਿ ਉਹ ਸੁੰਦਰੀ ਅਤੇ ਮੁੰਦਰੀ ਨੂੰ ਉਸ ਦੇ ਹਰਾਮ ਵਿਚ ਭੇਜ ਦੇਵੇ। ਸੁਨੇਹਾ ਸੁਣਦੇ ਹੀ ਬ੍ਰਾਹਮਣ ਆਪਣੀ ਧੀ ਨੂੰ ਲੈ ਕੇ ਲਾਗਲੇ ਪਿੰਡੀ ਭੱਟੀਆਂ ਖੇਤਰ ਦੇ ਜੰਗਲਾਂ ਵੱਲ ਨੂੰ ਤੁਰ ਪਿਆ ਜਿੱਥੇ ਉਸ ਵੇਲੇ ਦਾ ਪ੍ਰਸਿਧ ਡਾਕੂ ਦੁੱਲਾ ਭੱਟੀ ਰਹਿੰਦਾ ਸੀ। ਉਸ ਨੇ ਸਾਰੀ ਗੱਲ ਜਾ ਕੇ ਦੁੱਲਾ ਭੱਟੀ ਨੂੰ ਸੁਣਾਈ। ਦੁੱਲਾ ਭੱਟੀ ਨੇ ਉਨ੍ਹਾਂ ਕੁੜੀਆਂ ਲਈ ਯੋਗ ਵਰ ਲੱਭ ਕੇ ਅਤੇ ਉਨ੍ਹਾਂ ਨੂੰ ਆਪਣੀ ਧੀ ਸਮਝ ਕੇ ਵਿਆਹ ਦਿੱਤਾ। ਇਹ ਵਿਆਹ ਰਾਤ ਦੇ ਸਮੇਂ ਵਿੱਚ ਹੋਇਆ। ਉਸ ਵੇਲੇ ਦੁੱਲਾ ਭੱਟੀ ਕੋਲ ਉਸ ਨੂੰ ਦੇਣ ਲਈ ਕੁਝ ਵੀ ਨਹੀ ਸੀ। ਇਸ ਲਈ ਉਸ ਨੇ ਇਕ ਸੇਰ ਸ਼ੱਕਰ ਅਤੇ ਕੁੱਝ ਤਿਲ ਦੇ ਕੇ ਉਨ੍ਹਾਂ ਨੂੰ ਵਿਦਾ ਕਰ ਦਿੱਤਾ। ਅਗਲੀ ਸਵੇਰ ਜਦੋਂ ਗੰਜੀਬਾਰ ਇਲਾਕੇ ਦੇ ਮੁਗਲ ਅਹਿਲਕਾਰ ਨੂੰ ਸੁੰਦਰੀ ਅਤੇ ਮੁੰਦਰੀ ਦੇ ਵਿਆਹ ਦੀ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਇਲਾਕੇ ਨੂੰ ਘੇਰਨ ਅਤੇ ਦੁੱਲਾ ਭੱਟੀ ਨੂੰ ਮਾਰਨ ਦਾ ਹੁੱਕਮ ਦਿੱਤਾ। ਗੰਜੀਬਾਰ ਇਲਾਕੇ ਦੇ ਅਵਾਮ ਅਤੇ ਦੁੱਲਾ ਭੱਟੀ ਨੇ ਫੋਜ ਨੂੰ ਖਦੇੜ ਦਿੱਤਾ। ਇਸ ਖੁਸ਼ੀ ਵਿਚ ਇਲਾਕੇ ਦੇ ਲੋਕਾਂ ਨੇ ਧੂਨੀਆਂ ਜਲਾ ਕੇ ਖੁਸ਼ੀ ਮਨਾਈ। ਇਸੇ ਦੁੱਲਾ ਭੱਟੀ ਨੂੰ ਯਾਦ ਕਰਦਿਆ ਇਹ ਗੀਤ ਲੋਹੜੀ ਮੰਗਣ ਵੇਲੇ ਜਰੂਰ ਗਾਇਆ ਜਾਂਦਾ ਹੈ।
ਪਰ ਅੱਜ ਕਲ੍ਹ ਜਮਾਨਾ ਬਦਲ ਗਿਆ ਹੈ। ਜਿਸ ਹਿਸਾਬ ਨਾਲ ਮੁੰਡਿਆਂ ਅਤੇ ਕੁੜੀਆਂ ਦੀ ਅਨੁਪਾਤ ਵਿਚ ਅੰਤਰ ਆ ਰਿਹਾ ਹੈ, ਉਸ ਹਿਸਾਬ ਨਾਲ ਪਿਛਲੇ ਕੁਝ ਕੁ ਸਾਲਾਂ ਤੋਂ ਲੋਕਾਂ ਦਾ ਧਿਆਨ ਕੁੜੀਆਂ ਦੀ ਲੋਹੜੀ ਮਨਾਉਣ ਵੱਲ ਵੀ ਹੋਇਆ ਹੈ। ਕੁੱਝ ਕੁ ਥਾਵਾਂ ਤੇ ਧੀਆਂ ਦੀ ਲੋਹੜੀ ਮਨਾਉਣ ਦੀਆਂ ਖ਼ਬਰਾਂ ਵੀ ਪਿਛਲੇ ਸਾਲਾਂ ਦੋਰਾਣ ਆਈਆਂ ਹਨ, ਜੋ ਕਿ ਇਕ ਚੰਗੀ ਤੇ ਸ਼ਲਾਘਾਯੋਗ ਗੱਲ ਹੈ। ਧੀ ਨਾਲ ਹੀ ਜੀਵਨ ਹੈ। ਜੇਕਰ ਅਸੀਂ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਤਾਂ ਪੁੱਤਾਂ ਨੂੰ ਘੋੜੀ ਗਾ ਕੇ ਸ਼ਗਨ ਮਨਾਵਾਂਗੇ। ਜਿਹੜੇ ਲੋਕ ਹਾਲੇ ਇਹ ਲੋਹੜੀ ਮਨਾਉਣ ਨਹੀਂ ਲੱਗੇ, ਉਨ੍ਹਾਂ ਨੂੰ ਹੋਰਾਂ ਦੇ ਸੰਗ ਰੱਲ ਕੇ ਇਹ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਵੀ ਕੁੜੀਆਂ ਦੀ ਲੋਹੜੀ ਮੁੰਡਿਆਂ ਵਾਂਗ ਹੀ ਮਨਾਇਆ ਕਰਾਂਗੇ।
ਰਲ਼ ਤੀਜ ਤੇ ਤਿਉਹਾਰ ਮਨਾਇਆ ਕਰਾਂਗੇ।
ਨਾਲ਼ੇ ਹੱਸਾਂਗੇ ਤੇ ਖ਼ੁਸ਼ੀ ਵੀ ਮਨਾਇਆ ਕਰਾਂਗੇ।
ਮੁੰਡਿਆਂ ਦੀ ਲੋਹੜੀ ਤਾਂ ਮਨਾਉਂਦੇ ਆਂ ਅਸੀਂ,
ਹੁਣ ਕੁੜੀਆਂ ਦੀ ਲੋਹੜੀ ਵੀ ਮਨਾਇਆ ਕਰਾਂਗੇ।