ਖਡੂਰ ਸਾਹਿਬ : ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਪਰਪਰੇਟਰੀ ਇੰਸਟੀਚਿਊਟ ਦੇ ਵਿਦਿਆਰਥੀ ਧਰਮਪ੍ਰੀਤ ਸਿੰਘ ਨੇ ਐੱਨ.ਡੀ.ਏ ਦੀ ਇੰਟਰਵਿਊ ਪਾਸ ਕਰਕੇ ਸੰਸਥਾ ਦਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਇਸ ਸਬੰਧੀ ਇੰਸਟੀਚਿਊਟ ਦੇ ਡਾਇਰੈਕਟਰ ਰਿਟਾ. ਮੇਜਰ ਜਨਰਲ ਆਰ.ਐੱਸ.ਛੱਤਵਾਲ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਕਿਹਾ ਵਿਦਿਆਰਥੀਆਂ ਦੀ ਕੋਚਿੰਗ ਲਈ ਇਮਪੈਕਟ ਐਜੂਕੇਸ਼ਨ ਚੰਡੀਗੜ੍ਹ ਤੋਂ ਸਟਾਫ ਦਾ ਪ੍ਰਬੰਧ ਕੀਤਾ ਗਿਆ ਸੀ।
ਐਨ.ਡੀ.ਏ ਦੀ ਫਾਈਨਲ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਨੇ ਬਾਬਾ ਸੇਵਾ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਵਿੱਚ ਦੇਸ਼ ਪੱਧਰ ਦੇ ਯੂ.ਪੀ.ਐਸ.ਈ ਦੇ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਦਾ ਪ੍ਰਬੰਧ ਕਰਕੇ ਬਾਬਾ ਜੀ ਨੇ ਨੌਜਵਾਨਾਂ ਨੂੰ ਬਹੁਤ ਵੱਡਾ ਪਲੇਟ ਫਾਰਮ ਦਿੱਤਾ ਹੈ। ਉਸ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਐੱਨ.ਡੀ.ਏ ਵਿੱਚ ਜਾਣ ਦੇ ਚਾਹਵਾਨ ਹੋਣ ਇਸ ਇੰਸਟੀਚਿਊਟ ਤੋਂ ਕੋਚਿੰਗ ਲੈਣ। ਐੱਨ.ਡੀ.ਏ ਵਿੱਚ ਨਵੇਂ ਸ਼ੈਸਨ ਵਿੱਚ ਦਾਖਲਾ ਲੈਣ ਲਈ 15 ਜਨਵਰੀ ਨੂੰ ਟੈਸਟ ਲਿਆ ਜਾ ਰਿਹਾ ਹੈ।
ਗਿਆਰਵੀਂ ਕਲਾਸ ਦੇ ਨਾਲ-ਨਾਲ ਪੀ.ਐੱਮ.ਈ.ਟੀ ਅਤੇ ਆਈ.ਆਈ.ਟੀ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਇਸ ਇੰਸਟੀਚਿਊਟ ਦੇ ਵਿੰਗ ਸਾਇੰਸ ਸਟੱਡੀਜ਼ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ 22 ਜਨਵਰੀ ਨੂੰ ਟੈਸਟ ਦੇਣ।
ਜ਼ਿਕਰਯੋਗ ਹੈ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਕੈਰੀਅਰ ਐਂਡ ਕੋਰਸਿਜ਼ ਤੋਂ ਮੁਫਤ ਸਿਖਲਾਈ ਪ੍ਰਾਪਤ ਕਰਕੇ ਹੁਣ ਤੱਕ 467 ਲੜਕੀਆਂ ਭਰਤੀ ਹੋ ਚੁੱਕੀਆ ਹਨ। ਜਿਹਨਾਂ ਵਿੱਚ 8 ਲੜਕੀਆਂ ਸਬ-ਇੰਸਪੈਕਟਰ ਭਰਤੀ ਹੋਈਆਂ ਹਨ।