ਲੁਧਿਆਣਾ – ਪੀਏਯੂ ਲੁਧਿਆਣਾ ਦੇ ਗ੍ਰਹਿ ਵਿਗਿਆਨ ਕਾਲਜ ਨੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ 16 ਜਨਵਰੀ 2017 ਨੂੰ ਆਰ ਏ ਡਬਲਯੂ ਈ ਪ੍ਰੋਗਰਾਮ ਦੇ ਅਧੀਨ ਲੋਹੜੀ ਦਾ ਤਿਉਹਾਰ ਮਨਾਇਆ। ਇਹ ਪ੍ਰੋਗਰਾਮ ਧੀਆਂ ਦੀ ਲੋਹੜੀ ਨੂੰ ਸਮਰਪਿਤ ਸੀ। ਵਿਦਿਆਰਥੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਲੋਹੜੀ ਦੀ ਧੂਣੀ ਬਾਲੀ ਗਈ। ਪੀਏਯੂ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧ ਵਿਭਾਗ ਦੇ ਸਹਿਯੋਗ ਨਾਲ ਮਨਾਏ ਗਏ ਇਸ ਤਿਉਹਾਰ ਵਿੱਚ ਲਗਭਗ 100 ਔਰਤਾਂ ਅਤੇ ਬੱਚਿਆਂ ਨੇ ਭਾਗ ਲਿਆ ।
ਵਿਭਾਗ ਦੇ ਪ੍ਰੋਫੈਸਰ ਡਾ. ਸੁਖਜੀਤ ਕੌਰ ਨੇ ਸੂਬੇ ਵਿੱਚ ਕੁੜੀਆਂ ਦੀ ਘੱਟ ਰਹੀ ਗਿਣਤੀ ਤੇ ਚਿੰਤਾ ਪ੍ਰਗਟ ਕਰਦਿਆਂ ਧੀਆਂ ਦੀ ਲੋਹੜੀ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਕਿਹਾ ਕਿ ਸਮਾਜ ਵਿੱਚ ਧੀਆਂ ਦਾ ਜਨਮ ਲੈਣਾ ਇੱਕ ਬੜੇ ਮਾਣ ਵਾਲੀ ਗੱਲ ਹੈ । ਇਸ ਤੋਂ ਇਲਾਵਾ ਉਹਨਾਂ ਨੇ ਭਰੂਣ ਹੱਤਿਆ ਅਤੇ ਦਾਜ ਵਰਗੀਆਂ ਸਮਾਜ ਵਿੱਚੋਂ ਬੁਰਾਈਆਂ ਖਤਮ ਕਰਨ ਲਈ ਪਿੰਡ ਵਾਸੀਆਂ ਨੂੰ ਅਪੀਲ ਕੀਤੀ। ਦੋ ਵਿਦਿਆਰਥੀਆਂ ਨੇ ਸ੍ਰੀ ਗੁਰਭਜਨ ਗਿੱਲ ਦੀ ਕਵਿਤਾ ’ਲੋਹੜੀ’ ਅਤੇ ਸ੍ਰੀ ਸਿਮਰਤ ਗਗਨ ਦੀ ਕਵਿਤਾ ’ਅਣਜੰਮੀ ਧੀ ਦੀ ਪੁਕਾਰ’ ਨੂੰ ਗਾਇਆ ਜਿਸ ਨੂੰ ਸ੍ਰੋਤਿਆਂ ਨੇ ਬਹੁਤ ਸਲਾਹਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੁੜੀਆਂ ਦੁਆਰਾ ਮਾਰੀਆ ਮੱਲਾਂ ਉਤੇ ਇੱਕ ਸਕਿੱਟ ਵੀ ਪੇਸ਼ ਕੀਤੀ ਗਈ । ਪ੍ਰੋਗਰਾਮ ਦੇ ਅੰਤ ਵਿੱਚ ਇੱਕ ਸਾਲ ਤੋਂ ਘੱਟ ਉਮਰ ਵਾਲੀਆਂ ਕੁੜੀਆਂ ਨੂੰ ਤੋਹਫੇ ਪ੍ਰਦਾਨ ਕੀਤੇ ਗਏ । ਪ੍ਰੋਫੈਸਰ ਡਾ. ਸੁਖਦੀਪ ਕੌਰ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਦਿੱਤੇ ਗਏ ਸਹਿਯੋਗ ਲਈ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।