ਫਤਹਿਗੜ੍ਹ ਸਾਹਿਬ “ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਹੋਰ ਹਿੰਦੂਤਵ ਜਮਾਤਾਂ, ਹਉਮੈ ਪੈਦਾ ਕਰਨ ਵਾਲੇ ਯੋਗਾ ਵਿਚ ਵਿਸ਼ਵਾਸ ਰੱਖਦੀਆਂ ਹਨ। ਯੋਗਾ ਨਾਲ ਬੇਸ਼ੱਕ ਬੁੱਧੀ ਤੇਜ਼ ਹੋ ਜਾਂਦੀ ਹੈ, ਪਰ ਨਾਲ ਹੀ ਹਉਮੈ ਵੀ ਵਧ ਜਾਂਦੀ ਹੈ। ਲੇਕਿਨ ਸਿੱਖ ਕੌਮ ਦੇ ਦੂਸਰੇ ਗੁਰੂ ਸ਼੍ਰੀ ਅੰਗਦ ਦੇਵ ਸਾਹਿਬ ਜੀ ਨੇ ਸਿੱਖਾਂ ਨੁੰ ਰਿਸ਼ਟ-ਪੁਸ਼ਟ ਰੱਖਣ ਹਿੱਤ ਅਤੇ ਆਤਮਿਕ ਤੌਰ ‘ਤੇ ਮਜ਼ਬੂਤ ਬਣਾਉਣ ਹਿੱਤ ਕੁਸ਼ਤੀਆਂ, ਅਖਾੜੇ ਲਾਉਣ ਦੀ ਰਵਾਇਤ ਸ਼ੁਰੂ ਕਤਿੀ, ਜਿਸ ਰਾਹੀਂ ਸਿੱਖ ਕੌਮ ਸਰੀਰਿਕ ਅਤੇ ਆਤਮਿਕ ਤੌਰ ‘ਤੇ ਮਜਬੂਤ ਹੁੰਦੀ ਆਈ ਹੈ। ਇਸ ਰਵਾਇਤ ਵਿੱਚੋਂ ਪੈਦਾ ਹੋਏ ਪਹਿਲਵਾਨ ਕੁਲਦੀਪ ਸਿੰਘ ਮਾਜਰੀ ਸੋਢੀਆਂ ਨੂੰ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਵਿਧਾਨ ਸਭਾ ਦੀ ਚੋਣ ਸੀਟ ਲਈ ਮੈਦਾਨ ਵਿਚ ਉਤਾਰਿਆ ਹੈ। ਜੋ ਆਪਣੀ ਸਿਆਸੀ ਲੜਾਈ ਨੂੰ ਵੀ ਕੁਸ਼ਤੀਆਂ, ਅਖਾੜਿਆਂ ਦੇ ਦਾਅ ਪੇਚਾਂ ਦੀ ਤਰ੍ਹਾਂ ਇਕ ਚੰਗੇ ਖਿਡਾਰੀ ਵਾਂਗ ਖੇਡਦੇ ਹੋਏ ਇਸ ਸਿਆਸੀ ਲੜਾਈ ਦੀ ਖੇਡ ਵਿਚ ਵੀ ਫਤਹਿ ਹਾਸਿਲ ਕਰਨਗੇ। ਉਪਰੋਕਤ ਹਉਮੈ ਵਿਚ ਗ੍ਰਸਤ ਹੋਈਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਚਿੱਤ ਕਰਨਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਫਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਤੋਂ ਮੈਦਾਨ ਵਿਚ ਉਤਾਰੇ ਗਏ ਸ. ਕੁਲਦੀਪ ਸਿੰਘ ਪਹਿਲਵਾਨ ਜੀ ਦੀ ਜਿੱਤ ਦੀ ਵੱਡੀ ਉਮੀਦ ਕਰਦੇ ਹੋਏ ਅਤੇ ਫਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕੇ ਦੇ ਨਿਵਾਸੀਆਂ ਨੂੰ ਪਹਿਲਵਾਨ ਕੁਲਦੀਪ ਸਿੰਘ ਨੂੰ ਸ਼ਾਨ ਨਾਲ ਜਿਤਾਉਣ ਅਤੇ ਮਨੁੱਖਤਾ ਵਿਰੋਧੀ ਸੋਚ ਰੱਖਣ ਵਾਲੀਆਂ ਉਪਰੋਕਤ ਪਾਰਟੀਆਂ ਨੂੰ ਆਪਣੀ ਵੋਟ ਪਰਚੀ ਰਾਹੀਂ ਜਮਹੂਰੀਅਤ ਤਰੀਕੇ ਹਰਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਸ. ਮਾਨ ਨੇ ਕਿਹਾ ਕਿ ਸ. ਕੁਲਦੀਪ ਸਿੰਘ ਪਹਿਲਵਾਨ ਜੋ ਕਿ ਇਕ ਇਮਾਨਦਾਰ, ਮੇਹਨਤੀ, ਗੁਰਸਿੱਖ ਪਰਿਵਾਰ ਨਾਲ ਲੋਕਾਂ ਦੀ ਸੇਵਾ ਵਿਚ ਹਮੇਸ਼ਾਂ ਹਾਜਿਰ ਰਹਿਣ ਵਾਲੇ ਇਨਸਾਨ ਹਨ। ਜਿਹਨਾਂ ਦੀ ਬੋਲਬਾਣੀ ਮਿਠੜੀ ਅਤੇ ਸਹਿਯੋਗੀ ਹੈ ਅਤੇ ਜਿਹਨਾਂ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਵੀ ਕਿਸੇ ਨਾਲ ਵੈਰ ਵਿਰੋਧ ਜਾਂ ਈਰਖਾਵਾਦੀ ਨਹੀਂ ਹੈ। ਸੇਵਾ ਭਾਵ ਨੂੰ ਲੈ ਕੇ ਹੀ ਪਹਿਲਾਂ ਵੀ ਸਮਾਜਿਕ ਜਿੰਦਗੀ ਬਸਰ ਕਰਦੇ ਸਨ ਅਤੇ ਹੁਣ ਵੀ ਸਿਆਸੀ ਅਤੇ ਸਮਾਜਿਕ ਜਿੰਦਗੀ ਉਪਰੋਕਤ ਮਨੁੱਖਤਾ ਪੱਖੀ ਮਿਸ਼ਨਾਂ ਨੂੰ ਲੈ ਕੇ ਕਰ ਰਹੇ ਹਨ। ਜਿਸ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੇ ਸਾਨੂੰ ਹਰ ਤਰ੍ਹਾਂ ਦੇ ਜਬਰ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਅਤੇ ਸੱਚ ਉਤੇ ਪਹਿਰਾ ਦੇਣ ਦਾ ਸੰਦੇਸ਼ ਦਿੱਤਾ ਹੈ, ਉਸ ਪਵਿੱਤਰ ਧਰਤੀ ਦੇ ਸਮੁੱਚੇ ਵਰਗਾਂ ਨਾਲ ਸੰਬੰਧਤ ਵਸਨੀਕਾਂ ਨੂੰ ਹੁਣ ਚਾਹੀਦਾ ਹੈ ਕਿ ਮੁਲਕ ਵਿਚ ਸਾਜਿਸ਼ੀ ਢੰਗ ਨਾਲ ਦੰਗੇ ਫਸਾਦ, ਕਤਲੇਆਮ, ਅਰਾਜਕਤਾ ਫੇਲਾਉਣ ਵਾਲੀਆਂ ਜਮਾਤਾਂ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਗੁਲਾਮ ਬਣ ਚੁੱਕੇ ਬਾਦਲ ਦਲ ਦੇ ਉਮੀਦਵਾਰਾਂ ਨੂੰ ਹਰਾ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਕੁਲਦੀਪ ਸਿੰਘ ਪਹਿਲਵਾਨ ਨੂੰ 4 ਫਰਵਰੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੀ ਮਨੁੱਖਤਾ ਪੱਖੀ ਆਵਾਜ਼ ਨੂੰ ਵਿਧਾਨ ਸਭਾ ਵਿਚ ਪਹੁੰਚਾਉਣ ਲਈ ਉੁਚੇਚੇ ਤੌਰ ‘ਤੇ ਉਦਮ ਕਰਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਮਨੁੱਖਤਾ ਪੱਖੀ ਮਿਸ਼ਨ ਅਤੇ ਸੋਚ ਨੂੰ ਲਾਗੂ ਕਰਕੇ ਇੱਥੇ ਅਮਲੀ ਰੂਪ ਵਿਚ ਸਾਫ ਸੁਥਰੀ , ਰਿਸ਼ਵਤ ਤੋਂ ਰਹਿਤ , ਇਨਸਾਫ ਵਾਲੀ ਸਭਨਾਂ ਨੂੰ ਬਰਾਬਰਤਾ ਦੇ ਹੱਕ ਦੇਣ ਵਾਲੀ ਸਰਕਾਰ ਕਾਇਮ ਕਰਕੇ ਆਪਣੀ ਜਿੰਮੇਵਾਰੀ ਪੁਰਨ ਕਰੇਗਾ।