ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਤਿਆਰੀਆਂ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤੀਆਂ ਹਨ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਾਰਟੀ ਦਫ਼ਤਰ ’ਚ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਾਰਟੀ ਅਹੁੱਦੇਦਾਰਾਂ ਅਤੇ ਵਰਕਰਾਂ ਦੀ ਭਰਵੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ 27 ਜਨਵਰੀ ਨੂੰ ‘‘ਅਕਾਲੀ ਪਰਿਵਾਰ ਦੇ ਨਾਲ-ਪੰਥਕ ਚਰਚਾ’’ ਵਿਸ਼ੇ ਤੇ ਅਹੁੱਦੇਦਾਰਾਂ ਦੀ ਕਾਰਜਸ਼ਾਲਾ ਲਗਾਉਣ ਦਾ ਐਲਾਨ ਕੀਤਾ।
ਮਾਤਾ ਸੁੰਦਰੀ ਕਾਲਜ ਦੇ ਔਡੀਟੋਰੀਅਮ ਵਿਖੇ ਹੋਣ ਵਾਲੇ ਉਕਤ ਪ੍ਰੋਗਰਾਮ ਦਾ ਪੋਸਟਰ ਜਾਰੀ ਕਰਦੇ ਹੋਏ ਜੀ.ਕੇ. ਪੂਰੀ ਤਰ੍ਹਾਂ ਚੁਨਾਵੀ ਰੰਗ ’ਚ ਰੰਗੇ ਨਜ਼ਰ ਆਏ। ਜੀ.ਕੇ. ਨੇ ਜਿਥੇ ਪਾਰਟੀ ਵਰਕਰਾਂ ਨੂੰ ਪੰਜਾਬ ਚੋਣਾਂ ਲਈ ਪੰਜਾਬ ਵਿਚ ਜਾਣ ਦੀ ਹਿਦਾਇਤਦਿੱਤੀ ਉਥੇ ਹੀ ਦਿੱਲੀ ਕਮੇਟੀ ਚੋਣਾਂ ’ਚ ਵਿਰੋਧੀਆਂ ਦੇ ਕੂੜ ਪ੍ਰਚਾਰ ਨੂੰ ਨੱਥ ਪਾਉਣ ਲਈ ਜਰੂਰੀ ਨੁਕਤੇ ਵੀ ਸਾਂਝੇ ਕੀਤੇ। ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਨੇ ਬੀਤੇ 4 ਸਾਲ ਦੌਰਾਨ ਪੰਥ ਲਈ ਜੋ ਸੁਨਹਿਰੇ ਕਾਰਜ ਕੀਤੇ ਹਨ ਉਹ ਸਾਡੀ ਜਿੱਤ ਦਾ ਆਧਾਰ ਬਣਨਗੇ ਬਰਸ਼ਰਤੇ ਅਸੀਂ ਆਪਣੇ ਕਾਰਜਾਂ ਨੂੰ ਵੋਟਰਾਂ ਤੱਕ ਚੰਗੇ ਤਰੀਕੇ ਨਾਲ ਪਹੁੰਚਾਉਣ ਵਿਚ ਕਾਮਯਾਬ ਹੋਵਾਂਗੇ। ਕਮੇਟੀ ਵੱਲੋਂ ਕੀਤੇ ਕਾਰਜਾਂ ’ਤੇ ਪੰਛੀ ਝਾਤ ਪਾਉਂਦੇ ਹੋਏ ਜੀ.ਕੇ. ਨੇ ਧਰਮ ਪ੍ਰਚਾਰ, ਸਿੱਖਿਆ ਅਤੇ ਕਾਨੂੰਨੀ ਲੜਾਈ ਰਾਹੀਂ ਕੌਮ ਦੇ ਭਵਿੱਖ ਨੂੰ ਸਵਾਰਨ ਵਾਸਤੇ ਕੀਤੇ ਗਏ ਕਾਰਜਾਂ ’ਤੇ ਉਕਤ ਵਿਭਾਗਾਂ ਦੇ ਮੁੱਖਿਆਂ ਨੂੰ ਵੀ ਆਪਣੇ ਕਾਰਜ ਦੱਸਣ ਦਾ ਆਦੇਸ਼ ਦਿੱਤਾ।
ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਵਿੱਦਿਅਕ, ਕੁਲਮੋਹਨ ਸਿੰਘ ਨੇ ਪੰਥਕ ਮਸਲੇ, ਪਰਮਜੀਤ ਸਿੰਘ ਰਾਣਾ ਨੇ ਧਰਮ ਪ੍ਰਚਾਰ, ਜਸਵਿੰਦਰ ਸਿੰਘ ਜੌਲੀ ਨੇ ਕਾਨੂੰਨੀ ਮਸਲੇ ਅਤੇ ਚਮਨ ਸਿੰਘ ਨੇ ਜੇਲ੍ਹਾਂ ਵਿਚ ਬੰਦ ਕੌਮੀ ਹੀਰਿਆਂ ਲਈ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੱਤੀ। 27 ਜਨਵਰੀ ਦੇ ਪ੍ਰੋਗਰਾਮ ਦਾ ਖਰੜਾ ਦੱਸਦੇ ਹੋਏ ਜੀ.ਕੇ. ਨੇ ਸਮੂਹ ਅਹੁੱਦੇਦਾਰਾਂ ਨੂੰ ਪਾਰਟੀ ਦਾ ਬ੍ਰਾਂਡ ਅੰਬੈਸਡਰ ਬਣਨ ਦਾ ਸੱਦਾ ਦਿੱਤਾ। ਪੰਥਕ ਚਰਚਾ ਵਿਚ ਦਿੱਲੀ ਕਮੇਟੀ ਦੇ ਸਮੂਹ ਵਿਭਾਗਾਂ ਦੇ ਮੁੱਖੀ ਆਪਣਾ ਰਿਪੋਰਟ ਕਾਰਡ ਪਾਰਟੀ ਅਹੁੱਦੇਦਾਰਾਂ ਦੇ ਸਾਹਮਣੇ ਪੇਸ਼ ਕਰਨਗੇ। ਜੀ.ਕੇ. ਵੱਲੋਂ ਇਸ ਪ੍ਰੋਗਰਾਮ ਦੇ ਜਰੀਏ ਪਾਰਟੀ ਦੀ ਪ੍ਰਚਾਰ ਮੁਹਿੰਮ ਦਾ ਵੀ ਆਗਾਜ਼ ਕੀਤਾ ਜਾਵੇਗਾ।
ਅਕਾਲੀ ਦਲ ਦਿੱਲੀ ਇਕਾਈ ਦੇ ਸਮੂਹ ਅਹੁੱਦੇਦਾਰਾਂ ਦੇ ਨਾਲ ਹੀ ਧਰਮ ਪ੍ਰਚਾਰ ਵਿੰਗ, ਯੂਥ ਅਕਾਲੀ ਦਲ, ਇਸਤਰੀ ਅਕਾਲੀ ਦਲ, ਬੁੱਧੀਜੀਵੀ ਵਿੰਗ ਅਤੇ ਸਟੂਡੈਂਟਸ ਵਿੰਗ ‘‘ਸੋਈ’’ ਦੇ ਅਹੁੱਦੇਦਾਰਾਂ ਨੂੰ ਇਸ ਕਾਰਜਸ਼ਾਲਾ ’ਚ ਜਰੂਰੀ ਹਾਜ਼ਰੀ ਭਰਨ ਦੀ ਜੀ.ਕੇ. ਨੇ ਹਿਦਾਇਤ ਦਿੱਤੀ ਹੈ। ਇਸ ਕਾਰਜਸ਼ਾਲਾ ਦੌਰਾਨ ਅਹੁੱਦੇਦਾਰਾਂ ਨੂੰ ਪਾਰਟੀ ਦੀ ਤਾਕਤ ਅਤੇ ਚੁਨੌਤੀਆਂ ਬਾਰੇ ਸੂਝਵਾਨ ਬੁਲਾਰਿਆਂ ਵੱਲੋਂ ਵਿਚਾਰਕ ਘੁੱਟਟੀ ਪਿਲਾਈ ਜਾਣ ਦੀ ਤਿਆਰੀ ਕੀਤੀ ਗਈ ਹੈ। ਇਸ ਮੌਕੇ ਕਈ ਨੌਜਵਾਨਾਂ ਨੂੰ ਜੀ.ਕੇ. ਨੇ ਸਿਰੋਪਾਉ ਦੇ ਕੇ ਪਾਰਟੀ ’ਚ ਜੀ ਆਇਆ ਕਿਹਾ। ਦਿੱਲੀ ਕਮੇਟੀ ਦੇ ਸਮੂਹ ਅਹੁੱਦੇਦਾਰ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖ਼ਸ਼ੀ ਸਣੇ ਵੱਡੀ ਗਿਣਤੀ ਵਿਚ ਪਾਰਟੀ ਕਾਰਕੁੰਨ ਇਸ ਮੌਕੇ ਮੌਜੂਦ ਸਨ।