ਲੁਧਿਆਣਾ - ਦੁਨੀਆਂ ਵਿੱਚ ਚੰਗੇ ਲੋਕਾਂ ਦੇ ਸਿਰ ਤੇ ਇਮਾਨਦਾਰੀ ਅਜੇ ਤੱਕ ਕਾਇਮ ਹੈ। ਇਸ ਦੀ ਤਾਜ਼ਾ ਮਿਸਾਲ ਅੱਜ ਉਸ ਮੌਕੇ ਵੇਖਣ ਨੂੰ ਮਿਲੀ ਜਦੋਂ ਰਸਤੇ ਵਿੱਚ ਮਿਲੇ 29 ਹਜ਼ਾਰ ਰੁਪਏ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਦੇਸ ਰਾਜ ਅਤੇ ਚੰਦਰੇਸ਼ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਏਥੋਂ ਦੇ ਢੰਡਾਰੀ ਵਿਖੇ ਸਥਿੱਤ ਮੈਟਰੋ ਟਾਇਰ ਵਿੱਚ ਬਤੌਰ ਚੀਫ ਸਕਿਉਰਿਟੀ ਅਫਸਰ ਕੈਪਟਨ ਹਰਮੇਸ਼ ਸ਼ਰਮਾ ਇੰਸਾਂ ਨੇ ਦੱਸਿਆ ਕਿ ਬੀਤੀ ਰਾਤ ਮੈਟਰੋ ਟਾਇਰ ਦੇ ਅੱਗੇ ਰੋਡ ਤੇ ਇੱਕ ਮੋਟਰਸਾਈਕਲ ਤੋਂ ਇੱਕ ਬੈਗ ਡਿੱਗਾ ਜਿਸ ਨੂੰ ਮੈਟਰੋ ਟਾਇਰ ਦੇ ਗੇਟ ਤੇ ਖੜ੍ਹੇ ਸੁਪਰਵਾਈਜ਼ਰ ਦੇਸ ਰਾਜ ਅਤੇ ਸਕਿਉਰਿਟੀ ਗਾਰਡ ਚੰਦਰੇਸ਼ ਨੇ ਚੁੱਕ ਲਿਆ। ਉਨ੍ਹਾਂ ਬੈਗ ਖੋਲ੍ਹ ਕੇ ਵੇਖਿਆ ਤਾਂ ਉਸ ਬੈਗ ਵਿੱਚ 29 ਹਜ਼ਾਰ ਰੁਪਏ ਕੈਸ਼ ਮੌਜੂਦ ਸੀ। ਉਨ੍ਹਾਂ ਨੇ ਉਹ ਬੈਗ ਕੈਪਟਨ ਹਰੇਸ਼ ਸ਼ਰਮਾ ਨੂੰ ਸੌਂਪ ਦਿੱਤਾ। ਕੈਪਟਨ ਹਰਮੇਸ਼ ਸ਼ਰਮਾ ਨੇ ਇਸ ਬਾਰੇ ਆਲੇ ਦੁਆਲੇ ਦੱਸ ਦਿੱਤਾ ਕਿ ਉਹ ਪੈਸੇ ਉਹਨਾਂ ਕੋਲ ਹਨ। ਕੁਝ ਸਮੇਂ ਬਾਦ੍ਹ ਗੁੰਮ ਹੋਏ ਪੈਸੇ ਲੱਭਦਾ ਹੋਇਆ ਪੈਸਿਆਂ ਦਾ ਮਾਲਕ ਦੀਪਕ ਜੈਨ ਨੇ ਮੈਟਰੋ ਟਾਈਰ ਦੇ ਸਾਹਮਣੇ ਢਾਬੇ ਤੋਂ ਪੁੱਛਿਆ। ਢਾਬੇ ਵਾਲੇ ਨੇ ਪੈਸਿਆਂ ਬਾਰੇ ਦੱਸ ਦਿੱਤਾ। ਅੱਜ ਸਵੇਰੇ ਕੈਪਟਨ ਹਰਮੇਸ਼ ਸ਼ਰਮਾ, ਦੇਸ ਰਾਜ, ਚੰਦਰੇਸ਼ ਨੇ ਨਿਸ਼ਾਨੀ ਪੁੱਛ ਕੇ ਉਹ ਪੈਸੇ ਮਹੀਪਾਲ ਸਿੰਗਲਾ, ਐਚ. ਆਰਚ ਹੈਡ ਅਮਨ, ਜਨਾਰਦਨ, ਵਿਕਾਸ, ਪ੍ਰਿਥਵੀਪਾਲ, ਮੁਕੇਸ਼ ਗਰਗ, ਰਾਮੇਸ਼ਵਰ ਅਤੇ ਹਰਮੀਤ ਸਿੰਘ ਦੀ ਹਾਜ਼ਰੀ ਵਿੱਚ ਦੀਪਕ ਜੈਨ ਨੂੰ ਸੌਂਪ ਦਿੱਤੇ।
ਦੀਪਕ ਜੈਨ ਨੇ ਕੈਪਟਨ ਹਰਮੇਸ਼ ਸ਼ਰਮਾ, ਦੇਸ ਰਾਜ ਅਤੇ ਚੰਦਰੇਸ਼ ਦਾ ਧੰਨਵਾਦ ਕਰਦਿਆਂ ਦੱਸਿਆ ਉਹ ਦੁਕਾਨਾਂ ਤੇ ਧੂਫ ਬੱਤੀ ਸਪਲਾਈ ਕਰਦਾ ਹੈ ਅਤੇ ਬੀਤੀ ਰਾਤ ਪੈਸੇ ਇਕੱਠੇ ਕਰਕੇ ਇਸ ਰਸਤੇ ਤੋਂ ਲੰਘਿਆ ਸੀ। ਜਦੋਂ ਉਹ ਘਰ ਪਹੁੰਚਿਆ ਤਾਂ ਪੈਸਿਆਂ ਵਾਲਾ ਬੈਗ ਗਾਇਬ ਸੀ।