ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿੱਚ ਇੱਕ ਬਹੁਤ ਵੱਡੇ ਸਮਾਗਮ ਦੌਰਾਨ ਸ਼ੁਕਰਵਾਰ ਸਵੇਰ ਦੇ ਸਮੇਂ ਦੇਸ਼ ਦੇ 45ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ। ਅਮਰੀਕਾ ਦੇ ਮੁੱਖ ਜੱਜ ਨੇ ਟਰੰਪ ਨੂੰ ਸਹੁੰ ਚੁਕਵਾਉਣ ਦੀ ਰਸਮ ਨਿਭਾਈ। ਰਾਸ਼ਟਰਪਤੀ ਤੋਂ ਪਹਿਲਾਂ ਉਪ ਰਾਸ਼ਟਰਪਤੀ ਮਾਈਸ ਪੇਂਸ ਨੇ ਸਹੁੰ ਚੁੱਕੀ। ਅਮਰੀਕਾ ਦੀ ਪਰੰਪਰਾ ਅਨੁਸਾਰ ਉਨ੍ਹਾਂ ਨੇ ਇਤਿਹਾਸਿਕ ਲਿੰਕਨ ਬਾਈਬਲ ਅਤੇ ਆਪਣੀ ਮਾਂ ਵੱਲੋਂ ਦਿੱਤੀ ਗਈ ਬਾਈਬਲ ਤੇ ਹੱਥ ਰੱਖ ਕੇ ਸਹੁੰ ਖਾਧੀ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੀ ਜਨਤਾ ਦਾ ਧੰਨਵਾਦ ਕੀਤਾ।
70 ਸਾਲਾ ਟਰੰਪ ਅਮਰੀਕਾ ਦੇ ਹੁਣ ਤੱਕ ਦੇ ਸੱਭ ਤੋਂ ਵੱਧ ਉਮਰ ਦੇ ਰਾਸ਼ਟਰਪਤੀ ਹਨ। ਡੋਨਲਡ ਟਰੰਪ ਨੇ ਸਹੁੰ ਚੁੱਕਣ ਤੋਂ ਬਾਅਦ ‘America First’ ਦੇ ਨਾਅਰੇ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਾਂਗੇ ਅਤੇ ਇੱਕ ਨਵੀਂ ਸੋਚ ਨਾਲ ਅੱਗੇ ਵਧਾਂਗੇ। ਟਰੰਪ ਨੇ ਕਿਹਾ ਕਿ ਮੈਂ ਸੱਭ ਕੁਝ ਅਮਰੀਕੀਆਂ ਲਈ ਕਰਾਂਗਾ ਅਤੇ ਤੁਹਾਨੂੰ ਸੱਭ ਕੁਝ ਵਾਪਿਸ ਦਿਵਾਉਂਗਾ। ਮੈਂ ‘ buy America ਅਤੇ Higher American ’ ਦੇ ਸਿਧਾਂਤ ਤੇ ਚਲਾਂਗਾ। ਉਨ੍ਹਾਂ ਨੇ ‘ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ’ ਕਹਿੰਦੇ ਹੋਏ ਆਪਣਾ ਭਾਸ਼ਣ ਸਮਾਪਤ ਕੀਤਾ। ਟਰੰਪ ਨੇ ਇਸਲਾਮਿਕ ਅੱਤਵਾਦ ਨੂੰ ਸਮਾਪਤ ਕਰਨ ਦੀ ਵੀ ਗੱਲ ਕੀਤੀ।
ਟਰੰਪ ਦੇ ਰਾਸ਼ਟਰਪਤੀ ਬਣਨ ਦੇ ਵਿਰੋਧ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਹਨ, ਜੋ ਕਿ ਅਜੇ ਤੱਕ ਵੀ ਜਾਰੀ ਹਨ। ਵਾਸ਼ਿੰਗਟਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਾਲੇ ਕਪੜੇ ਪਹਿਨ ਕੇ ਸਹੁੰ ਚੁੱਕ ਸਮਾਗਮ ਦੇ ਖਿਲਾਫ਼ ਰੋਸ ਮਾਰਚ ਕੱਢਿਆ। ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਵਾਈਟ ਹਾਊਸ ਵੱਲ ਜਾਣ ਵਾਲੀਆਂ ਸੜਕਾਂ ਨੂੰ ਜਾਮ ਵੀ ਕੀਤਾ ਗਿਆ। ਵਿਖਾਵਾਕਾਰੀਆਂ ਨੇ ਦੁਕਾਨਾਂ ਦੀ ਤੋੜਫੋੜ ਕੀਤੀ ਅਤੇ ਕਾਰਾਂ ਨੂੰ ਵੀ ਨੁਕਸਾਨ ਪਹੁੰਚਾਇਆ।