ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਹ ਰਾਜ ਦਾ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਦਾ ਉਲੰਘਣ ਕਰਕੇ ਜੇਲ੍ਹ ਜਾਣ ਦੇ ਲਈ ਵੀ ਤਿਆਰ ਹਨ। ਕੈਪਟਨ ਨੇ ਪੰਜਾਬ ਵਿੱਚ ਪਾਣੀ ਦੀ ਇਸ ਸਮੱਸਿਆ ਦੇ ਲਈ ਬਾਦਲ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਵਿੱਚ ਸਾਬਕਾ ਸੈਨਿਕਾਂ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ ਮੈਂ ਪੰਜਾਬ ਦੇ ਪਾਣੀ ਦੀ ਸੁਰੱਖਿਆ ਦੇ ਲਈ, ਉਸ ਨੂੰ ਬਚਾਉਣ ਦੇ ਲਈ ਕਿਸੇ ਵੀ ਹੁਕਮ ਦਾ ਊਲੰਘਣ ਕਰਾਂਗਾ। ਮੈਂ ਸਲਾਖਾਂ ਦੇ ਪਿੱਛੇ ਜਾਣ ਦੇ ਲਈ ਤਿਆਰ ਹਾਂ ਪਰ ਕਿਸੇ ਵੀ ਸੂਰਤ ਵਿੱਚ ਇੱਕ ਬੂੰਦ ਵੀ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗਾ।’ ਉਨ੍ਹਾਂ ਨੇ ਇਹ ਵੀ ਆਰੋਪ ਲਗਾਇਆ, ‘ ਸਤਲੁਜ ਯਮੁਨਾ ਲਿੰਕ ਨਹਿਰ ਦੇ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਸਰਕਾਰ ਜਿੰਮੇਵਾਰ ਹਨ। ਇਸ ਲਈ ਮੈਂ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਨਾ ਕੇਵਲ ਪਾਣੀ ਬਲਿਕ ਰਾਜ ਦੀ ਸੁਰੱਖਿਆ ਦੇ ਲਈ ਕਾਂਗਰਸ ਨੂੰ ਦੋ-ਤਿਹਾਈ ਬਹੁਮੱਤ ਨਾਲ ਜਿਤਾਓ ਤਾਂ ਜੋ ਰਾਜ ਦੇ ਹਿੱਤ ਲਈ ਸਖਤ ਫੈਂਸਲੇ ਲੈਣ ਵਿੱਚ ਸਫਲ ਹੋ ਸਕੀਏ।’
ਮੋਦੀ ਸਰਕਾਰ ਤੇ ਸਾਬਕਾ ਸੈਨਿਕਾਂ ਨਾਲ ਮਤਰੇਆ ਵਰਤਾਅ ਕਰਨ ਦਾ ਆਰੋਪ ਲਗਾਉਂਦੇ ਹੋਏ ਕੈਪਟਨ ਨੇ ਕਿਹਾ, ਏਨਾ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ‘ਵੰਨ ਰੈਂਕ ਵੰਨ ਪੈਨਸ਼ਨ’ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਦਾ ਸਮੱਰਥਣ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਹੈ।’ ਉਨ੍ਹਾਂ ਨੇ ਇਹ ਵੀ ਕਿਹਾ, ‘ਸੈਨਾ ਦੇ ਕਰਮਚਾਰੀਆਂ ਅਤੇ ਸਾਬਕਾ ਸੈਨਿਕਾਂ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦਾ ਰਵਈਆ ਬਹੁਤ ਹੀ ਸ਼ਰਮਨਾਕ ਹੈ। ਅਫਸਰਸ਼ਾਹੀ ਸੈਨਾ ਦਾ ਪ੍ਰਭਾਵ ਘੱਟ ਕਰਨ ਦਾ ਯਤਨ ਕਰ ਰਹੀ ਹੈ। ਮੈਂ ਵਾਅਦਾ ਕਰਦਾ ਹਾਂ ਕਿ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਘੋਸ਼ਣਾਪੱਤਰ ਵਿੱਚ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ।’