ਨਵੀਂ ਦਿੱਲੀ – ਬੀਜੇਪੀ ਨੇਤਾ ਵਿਨੈ ਕਟਿਆਰ ਨੇ ਬੁੱਧਵਾਰ ਨੂੰ ਪ੍ਰਿਅੰਕਾ ਗਾਂਧੀ ਨੂੰ ਲੈ ਕੇ ਮੂਰਖਤਾ ਭਰਿਆ ਬਿਆਨ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਰਾਜਸਭਾ ਮੈਂਬਰ ਕਟਿਆਰ ਨੇ ਕਿਹਾ, “ਪ੍ਰਿਅੰਕਾ ਕੋਈ ਕਲਾਕਾਰ ਨਹੀਂ ਹੈ, ਉਹ ਓਨੀ ਖੂਬਸੂਰਤ ਵੀ ਨਹੀਂ ਹੈ, ਜਿੰਨਾਂ ਕਿ ਉਸ ਦਾ ਪਰਚਾਰ ਕੀਤਾ ਜਾਂਦਾ ਹੈ। ਸਾਡੀ ਪਾਰਟੀ ਵਿੱਚ ਸਿਮ੍ਰਤੀ ਈਰਾਨੀ ਹੈ, ਜੋ ਪ੍ਰਿਅੰਕਾ ਤੋਂ ਵੱਧ ਭੀੜ ਜੁਟਾ ਸਕਦੀ ਹੈ। ਸਾਡੇ ਕੋਲ ਹੋਰ ਵੀ ਕਈ ਸਟਾਰ ਪ੍ਰਚਾਰਕ ਹਨ, ਜੋ ਪ੍ਰਿਅੰਕਾ ਤੋਂ ਵੱਧ ਖੂਬਸੂਰਤ ਹਨ।” ਪ੍ਰਿਅੰਕਾ ਨੇ ਬੀਜੇਪੀ ਨੇਤਾ ਦੇ ਇਸ ਬਿਆਨ ਤੇ ਕਿਹਾ, “ ਇਸ ਨਾਲ ਬੀਜੇਪੀ ਦੀ ਮਹਿਲਾਵਾਂ ਸਬੰਧੀ ਸੋਚ ਬੇਨਕਾਬ ਹੋਈ ਹੈ।”
ਬੀਜੇਪੀ ਦੇ ਨੇਤਾ ਕਟਿਆਰ ਨੇ ਇੱਕ ਨਿਊਜ਼ ਏਜੰਸੀ ਨੂੰ ਇੰਟਰਵਿਯੂ ਦਿੰਦੇ ਹੋਏ ਕਿਹਾ, “ ਬੀਜੇਪੀ ਵਿੱਚ ਸੁੰਦਰ ਮਹਿਲਾਵਾਂ ਦੀ ਘਾਟ ਨਹੀਂ ਹੈ। ਜਿੱਥੇ ਵੀ ਖੜ੍ਹੀਆਂ ਕਰ ਦੇਵਾਂਗੇ, ਪ੍ਰਿਅੰਕਾ ਤੋਂ ਵੱਧ ਵੋਟ ਲਿਆ ਸਕਦੀਆਂ ਹਨ।” ਉਨ੍ਹਾਂ ਇਹ ਵੀ ਕਿਹਾ, “ ਪ੍ਰਿਅੰਕਾ ਵਰਗੀਆਂ ਬਹੁਤ ਸਾਰੀਆਂ ਕਲਾਕਾਰ ਹਨ, ਹੀਰੋਇਨਾਂ ਹਨ, ਬਾਕੀ ਹੋਰ ਵੀ ਖੂਬਸੂਰਤ ਮਹਿਲਾਵਾਂ ਹਨ ਜੋ ਇਸ ਤਰ੍ਹਾਂ ਦੀ ਮੁਹਿੰਮ ਚਲਾ ਸਕਦੀਆਂ ਹਨ। ‘ਪ੍ਰਿਅੰਕਾ’ ਨੂੰ ਆਉਣ ਦੇਵੋ। ਚੰਗੀ ਗੱਲ ਹੈ; ਉਹ ਗੱਟ ਤੋਂ ਘੱਟ ਨਿਕਲੇਗੀ ਤਾਂ ਸਹੀ। ਅਸੀਂ ਬਹੁਤ ਸਾਰੀਆਂ ਔਰਤਾਂ ਨੂੰ ਖੜ੍ਹੀਆਂ ਕਰ ਦੇਵਾਂਗੇ। ਬੀਜੇਪੀ ਵਿੱਚ ਔਰਤਾਂ ਦੀ ਕਮੀ ਹੈ ਕੋਈ ?”
ਪ੍ਰਿਅੰਕਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, “ ਅਗਰ ਬੀਜੇਪੀ ਦੀ ਮੇਰੀ ਬਹਾਦਰ ਅਤੇ ਖੂਬਸੂਰਤ ਸਾਥੀਆਂ ਦੇ ਬਾਰੇ ਵਿੱਚ ਇਹੋ ਜਿਹੀ ਸੋਚ ਹੈ ਤਾਂ ਇਸ ਤਰ੍ਹਾਂ ਦੀ ਮਾਨਸਿਕਤਾ ਤੇ ਮੈਨੂੰ ਹਾਸਾ ਆਉਂਦਾ ਹੈ, ਕਿੳੁਂਕਿ ਇਹ ਸੱਭ ਖੁਦ ਨੂੰ ਕਾਬਿਲ ਬਣਾ ਕੇ ਇਸ ਮੁਕਾਮ ਤੱਕ ਪਹੁੰਚੀਆਂ ਹਨ।”
ਕਾਂਗਰਸ ਦੇ ਨੈਸ਼ਨਲ ਬੁਲਾਰੇ ਰਣਦੀਪ ਸੂਰਜੇਵਾਲ ਨੇ ਕਿਹਾ, “ਬੀਜੇਪੀ ਨੇ ਦੇਸ਼ ਦੀਆਂ ਔਰਤਾਂ ਦਾ ਅਪਮਾਨ ਕੀਤਾ ਹੈ, ਪੀਐਮ ਮੋਦੀ ਅਤੇ ਅਮਿਤ ਸ਼ਾਹ ਨੂੰ ਇਸ ਦੇ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਕਟਿਆਰ ਦੇ ਖਿਲਾਫ਼ ਅਨੁਸ਼ਾਸਨਤਮਕ ਕਾਰਵਾਈ ਹੋਣੀ ਚਾਹੀਦੀ ਹੈ।
ਪਾਰਟੀ ਸਪੋਕਸਪਰਸਨ ਬਰਜੇਸ਼ ਕਲੱਪਾ ਨੇ ਕਿਹਾ, “ ਇਹ ਇੱਕ ਚੌਂਕਾਨੇ ਵਾਲਾ ਬਿਆਨ ਹੈ, ਅਜਿਹੀ ਸੋਚ ਨਾਲ ਭਾਰਤੀ ਸਮਾਜ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਬੀਜੇਪੀ ਦੀ ਬਿਮਾਰ ਮਾਨਸਿਕਤਾ ਦਾ ਵੀ ਪਤਾ ਚੱਲਦਾ ਹੈ। ਇਸ ਬਿਆਨ ਦੀ ਕੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ।”