ਮੁੰਬਈ – ਸ਼ਿਵਸੈਨਾ ਪ੍ਰਧਾਨ ਊਧਵ ਠਾਕੁਰੇ ਨੇ ਵੀਰਵਾਰ ਨੂੰ ਜਿਲ੍ਹਾ ਪ੍ਰੀਸ਼ਦ ਅਤੇ ਮਹਾਂਨਗਰਪਾਲਿਕਾ ਚੋਣਾਂ ਵਿੱਚ ਭਾਜਪਾ ਨਾਲ ਗਠਬੰਧਨ ਨਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਿਵਸੈਨਾ ਇੱਕਲਿਆਂ ਹੀ ਮਹਾਂਰਾਸ਼ਟਰ ਤੇ ਭਗਵਾ ਫਹਿਰਾਏਗੀ। ਕਿਸੇ ਵੀ ਜਿਲ੍ਹਾ ਪੰਚਾਇਤ ਜਾਂ ਮਨਪਾ ਚੋਣਾਂ ਵਿੱਚ ਹੁਣ ਸ਼ਿਵਸੈਨਾ ਗਠਬੰਧਨ ਨਹੀਂ ਕਰੇਗੀ।
ਊਧਵ ਨੇ ਕਿਹਾ, ‘ ਭਾਜਪਾ ਸਾਨੂੰ 114 ਸੀਟਾਂ ਦੇਣ ਦੀ ਗੱਲ ਕਰ ਰਹੀ ਹੈ। ਕੀ ਇਹ ਸ਼ਿਵਸੈਨਾ ਦਾ ਅਪਮਾਨ ਨਹੀਂ ਹੈ? ਸ਼ਿਵਸੈਨਾ ਦੀ ਤਾਕਤ ਉਸ ਤੋਂ ਘੱਟ ਹੈ ਕੀ? ਸ਼ਿਵਸੈਨਾ ਨੇ 50 ਸਾਲ ਦੇ ਕਾਰਜਕਾਲ ਵਿੱਚ 25 ਸਾਲ ਗਠਬੰਧਨ ਕਰਕੇ ਬਰਬਾਦ ਹੋ ਗਏ, ਪਰ ਹਿੰਦੂਤਵ ਅਤੇ ਦੇਸ਼ ਦੇ ਲਈ ਭਾਜਪਾ ਦਾ ਸਾਥ ਦਿੱਤਾ। ਹੁਣ ਸ਼ਿਵਸੈਨਾ ਕਿਸੇ ਦੇ ਸਾਹਮਣੇ ਨਹੀਂ ਝੁਕੇਗੀ। ਬੁਰੇ ਸਮੇਂ ਵਿੱਚ ਸ਼ਿਵਸੈਨਾ ਦੇ ਸਾਥ ਦੇਣ ਕਰਕੇ ਹੀ ਭਾਜਪਾ ਬਚੀ ਰਹੀ ਹੈ।’ ਊਧਵ ਨੇ ਇਹ ਵੀ ਕਿਹਾ ਕਿ ਭਾਜਪਾ ਪਾਰਟੀ ਵਿੱਚ ਸੱਭ ਗੁੰਡੇ ਸ਼ਾਮਿਲ ਕਰ ਰਹੀ ਹੈ। ਇਹ ਗੁੰਡੇ ਇਸ ਲਈ ਸ਼ਾਮਿਲ ਕੀਤੇ ਜਾ ਰਹੇ ਹਨ ਕਿ ਉਹ ਸ਼ਿਵਸੈਨਾ ਦੇ ਸੈਨਿਕਾਂ ਨਾਲ ਲੜ ਨਹੀਂ ਸਕਦੀ।
ਮਹਾਂਰਾਸ਼ਟਰ ਦੀਆਂ ਦਸ ਮਹਾਂਨਗਰਪਾਲਿਕਾਵਾਂ ਅਤੇ 26 ਜਿਲ੍ਹਾ ਪ੍ਰੀਸ਼ਦਾਂ ਦੇ ਲਈ 21 ਫਰਵਰੀ ਨੂੰ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਲਈ ਬੀਜੇਪੀ ਅਤੇ ਸ਼ਿਵਸੈਨਾ ਦਰਮਿਆਨ ਗਠਬੰਧਨ ਨੂੰ ਲੈ ਕੇ ਗੱਲਬਾਤ ਚੱਲੀ ਸੀ ਪਰ ਸੀਟਾਂ ਦੀ ਵੰਡ-ਵੰਡਾਈ ਨੂੰ ਲੈ ਕੇ ਗੱਲਬਾਤ ਨੇਪਰੇ ਨਹੀਂ ਚੜ੍ਹ ਸਕੀ।