ਅੱਜ ਕਈ ਦਿਨਾਂ ਬਾਅਦ ਦੋਨੋ ਇਕੱਲੇ ਬਹੁਤ ਹੀ ਉਦਾਸ ਮਨ ਨਾਲ ਧੁੱਪੇ ਕੰਧ ਨਾਲ ਮੰਜਾ ਡਾਹ ਕੇ ਬੈਠੇ ਦਿਖਾਈ ਦਿੱਤੇ। ਦੀਪੀ ਨੇ ਉਹਨਾਂ ਨੂੰ ਕੰਧ ਦੇ ਉੱਪਰੋਂ ਬੁਲਇਆ, “ਤਾਈ ਜੀ, ਮੇਥਿਆਂ ਵਾਲੀ ਮੱਕੀ ਦੀ ਰੋਟੀ ਖਾਉਗੇ।”
“ਨਾਂ ਧੀਏ, ਭੁੱਖ ਹੀ ਹੈ ਨਹੀਂ।” ਗਿਆਨ ਕੌਰ ਨੇ ਭਰਵੀ ਅਵਾਜ਼ ਵਿਚ ਕਿਹਾ, “ਬਲਬੀਰੋ ਦੇ ਭਾਪਾ ਤੂੰ ਖਾ ਲੈ।”
“ਮੇਰਾ ਤਾਂ ਆਪ ਚਿੱਤ ਨਹੀਂ ਕਰਦਾ।”
ਉਹ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਦੀਪੀ ਦੋਹਾਂ ਲਈ ਮੇਥਿਆਂ ਵਾਲੀ ਰੋਟੀ ਅਤੇ ਦਹੀਂ ਦਾ ਛੰਨਾ ਲੈ ਕੇ ਆ ਗਈ।
“ਤਾਈ ਜੀ, ਖਾ ਕੇ ਦੇਖੋਂ ਕਿੰਨੀ ਸੁਆਦ ਆ।”
“ਸੁਆਦ ਤਾਂ ਹੋਵੇਗੀ, ਪਰ ਸਾਡੇ ਤਾਂ ਅੰਦਰੋਂ ਹੀ ਭੁੱਖ ਮਰ ਗਈ।” ਗਿਆਨ ਕੌਰ ਨੇ ਕਿਹਾ, ਤਾਏ ਆਪਣੇ ਨੂੰ ਖੁਆ ਦੇ।”
ਦੀਪੀ ਨੇ ਦੋਹਾਂ ਨੂੰ ਇਕ ਇਕ ਰੋਟੀ ਖੁਆ ਹੀ ਦਿੱਤੀ। ਜਦੋਂ ਭਾਂਡੇ ਚੁੱਕ ਕੇ ਚਲੀ ਗਈ ਤਾਂ ਵੇਲਾ ਸਿੰਘ ਆਖਣ ਲੱਗਾ, “ਗਿਆਨ ਕੌਰੇ, ਬਲਬੀਰ ਦੇ ਜਾਣ ਦੇ ਮਗਰੋਂ ਜਦੋਂ ਮੈਂ ਦੀਪੀ ਨੂੰ ਦੇਖਦਾਂ ਹਾਂ ਤਾਂ ਮਨ ਨੂੰ ਕੁਝ ਹੌਸਲਾ ਜਿਹਾ ਹੋ ਜਾਂਦਾ ਆ।”
“ਦੀਪੀ ਦਾ ਤਾਂ ਮੈਨੂੰ ਵੀ ਬਹੁਤ ਸੁੱਖ ਆ।” ਗਿਆਨ ਕੌਰ ਨੇ ਕਿਹਾ, “ਜਦੋਂ ਵੀ ਵਾਜ ਮਾਰਾਂ ਦੌੜੀ ਆਉਂਦੀ ਆ।”
ਗੱਲਾਂ ਕਰ ਹੀ ਰਹੇ ਸਨ ਕਿ ਦਰਵਾਜ਼ੇ ਵਿਚੋਂ ਕਿਸੇ ਨੇ ਅਵਾਜ਼ ਲਗਾਈ, “ਬੀਬੀ ਘਰੇ ਹੋ?”
“ਆ ਜਾ ਪ੍ਰਸਿੰਨੀ ਲੰਘ ਆ, ” ਗਿਆਨ ਕੌਰ ਨੇ ਕਿਹਾ, “ਅਸੀਂ ਕਿੱਥੇ ਜਾਣਾ?”
“ਮੈ ਹੱਟੀ ਨੂੰ ਚੱਲੀ ਸਾਂ।” ਪ੍ਰਸਿੰਨੀ ਨੇ ਦੱਸਿਆ, “ਤੁਹਾਡਾ ਬੂਹਾ ਖੁੱਲਿਆਂ ਦੇਖਿਆ ਤਾਂ ਚਿੱਤ ਕੀਤਾ ਤਹਾਨੂੰ ਮਿਲ੍ਹਦੀ ਚੱਲਾਂ।”
“ਚੰਗਾ ਕੀਤਾ ਤੂੰ ਆ ਗਈ।” ਗਿਆਨ ਕੌਰ ਨੇ ਕਿਹਾ, “ਜਦੋਂ ਤੂੰ ਆ ਜਾਂਨੀ ਏਂ ਤਾਂ ਸਾਡੀ ਘੜੀ ਵੀ ਸੁਹਣੀ ਲੰਘ ਜਾਂਦੀ ਏ।”
“ਲੈ, ਬੀਬੀ ਆਹ ਕਿਹੜੀ ਗੱਲ ਆ।” ਪ੍ਰਸਿੰਨੀ ਨੇ ਆਖਿਆ, “ਸਾਰੀ ਉਮਰ ਤੁਹਾਡੇ ਘਰੋਂ ਤਾਂ ਰੋਟੀਆਂ ਖਾਧੀਆਂ।”
“ਪ੍ਰਸਿੰਨੀਏ ਉਹ ਤਾਂ ਤੂੰ ਆਪਣੀ ਮਿਹਨਤ ਦੀਆਂ ਖਾਂਦੀ ਸੀ।” ਵੇਲਾ ਸਿੰਘ ਨੇ ਆਖਿਆ, “ਸਾਡੇ ਸਾਰੇ ਡੰਗਰਾਂ ਦਾ ਗੋਹਾ ਚੁੱਕਦੀ ਸੀ।”
ਪ੍ਰਸਿੰਨੀ ਕਿੰਨੀ ਦੇਰ ਉਹਨਾਂ ਦੇ ਘਰ ਬੈਠੀ ਰਹੀ। ਪਿੰਡ ਦੇ ਕਈ ਹੋਰ ਲੋਕ ਵੀ ਇਹ ਸੋਚ ਕੇ ਗਿਆਨ ਕੌਰ ਦੇ ਘਰ ਆ ਜਾਂਦੇ ਕਿ ਉਹਨਾਂ ਦੇ ਆਉਣ ਨਾਲ ਸ਼ਾਇਦ ਗਿਆਨ ਕੌਰ ਅਤੇ ਵੇਲਾ ਸਿੰਘ ਦਾ ਦੁੱਖ ਘੱਟ ਹੋ ਜਾਵੇ ਅਤੇ ਟਾਈਮ ਵੀ ਥੋੜਾ ਸੌਖਾ ਲੰਘ ਜਾਵੇਗਾ। ਵੈਸੇ ਗਿਆਨ ਕੌਰ ਅਤੇ ਵੇਲਾ ਸਿੰਘ ਨੂੰ ਮੁਖਤਿਆਰ ਦੇ ਟੱਬਰ ਦਾ ਬਹੁਤ ਸਹਾਰਾ ਸੀ। ਟੱਬਰ ਦੇ ਸਾਰੇ ਮੈਂਬਰ ਹੀ ਉਹਨਾਂ ਦਾ ਬਹੁਤ ਖਿਆਲ ਰੱਖਦੇ। ਵੇਲਾ ਸਿੰਘ ਕੋਲੋਂ ਖੇਤੀ ਦਾ ਕੰਮ ਨਹੀ ਸੀ ਹੁੰਦਾ ਉਸ ਨੇ ਆਪਣੀ ਸਾਰੀ ਜ਼ਮੀਨ ਵੀ ਮੁਖਤਿਆਰ ਨੂੰ ਹੀ ਠੇਕੇ ਉੱਪਰ ਦੇ ਦਿੱਤੀ। ਪਸੂ ਵੀ ਵੇਚ ਦਿੱਤੇ। ਸਿਰਫ ਇਕ ਮੱਝ ਹੀ ਆਪਣੇ ਕੋਲ ਰੱਖੀ। ਵੇਲਾ ਸਿੰਘ ਦਾ ਮਨ ਇੰਨਾ ਉਚਾਟ ਹੋ ਗਿਆ ਸੀ ਕਿ ਉਹ ਮੱਝ ਵੀ ਨਹੀ ਸੀ ਰੱਖਣੀ ਚਾਹੁੰਦਾ। ਇਸ ਲਈ ਉਸ ਨੇ ਭਰੇ ਮਨ ਨਾਲ ਗਿਆਨ ਕੌਰ ਨੂੰ ਕਿਹਾ,
“ਗਿਆਨ ਕੌਰੇ, ਛੱਡ ਖਹਿੜਾ ਮੱਝ ਦਾ, ਕੀ ਕਰਨੀ ਆ ਆਪਾਂ, ਧੀ ਹੀ ਤੁਰ ਗਈ..।”
“ਬਲਬੀਰੋ ਦੇ ਭਾਪਾ ਤੂੰ ਐ ਆਪਦਾ ਚਿਤ ਖਰਾਬ ਨਾ ਕਰਿਆ ਕਰ।” ਗਿਆਨ ਕੌਰ ਨੇ ਕਿਹਾ, “ਮੱਝ ਨਾਲ ਆਪਾਂ ਨੂੰ ਆਹਰ ਰਹੇਗਾ। ਇਸ ਦਾ ਪੱਠਾ-ਦੱਥਾ ਕਰਨ ਦੇ ਬਹਾਨੇ ਬਾਹਰ ਨਿਕਲਿਆ ਕਰਾਂਗੇ।”
“ਅੱਛਾ, ਤੇਰੀ ਮਰਜ਼ੀ।”