ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਚੌਲ ਕ੍ਰਾਂਤੀ ਦੇ ਪਿਤਾਮਾ ਡਾ. ਗੁਰਦੇਵ ਸਿੰਘ ਖੁਸ਼ ਨੇ ਅੱਜ ਪੀਏਯੂ ਵਿਖੇ ਮੀਡੀਆ ਅਧਿਕਾਰੀਆਂ ਨਾਲ ਹੋਈ ਵਿਚਾਰ-ਚਰਚਾ ਦੌਰਾਨ ਗਲੋਬਲ ਵਾਰਮਿੰਗ ਅਤੇ ਮੌਸਮੀ ਬਦਲਾਅ ਸੰਬੰਧੀ ਗੱਲਬਾਤ ਕੀਤੀ । ਉਹਨਾਂ ਨੇ ਮੌਸਮੀ ਬਦਲਾਅ ਦੇ ਮੁੱਦੇ, ਝੋਨੇ ਥੱਲੇ ਰਕਬਾ ਘਟਾਉਣ, ਫ਼ਸਲੀ ਵਿਭਿੰਨਤਾ ਨੂੰ ਵਧਾਉਣ ਅਤੇ ਘੱਟ ਪਾਣੀ ਵਾਲੀਆਂ ਫ਼ਸਲਾਂ ਨੂੰ ਉਗਾਉਣ ਦੀ ਅਪੀਲ ਕੀਤੀ । ਉਹਨਾਂ ਨੇ ਕਿਸਾਨਾਂ ਨੂੰ ਚੌਲਾਂ ਵਿੱਚ ਜ਼ਿੰਕ ਅਤੇ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਬਾਇਓ ਤਕਨੀਕੀ ਸੰਦਾਂ ਦੀ ਵਰਤੋਂ ਕਰਨ ਦਾ ਮਸ਼ਵਰਾ ਦਿੱਤਾ ।
ਡਾ. ਖੁਸ਼, ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਦਾ ਖੇਤੀਬਾੜੀ ਵਿਗਿਆਨ ਵਿੱਚ ਅਗੇਤੀਆਂ ਤਕਨੀਕਾਂ ਸੰਬੰਧੀ ਯੂਨੀਵਰਸਿਟੀ ਵਿਖੇ 31 ਜਨਵਰੀ ਨੂੰ ਹੋਣ ਵਾਲੇ ਸਲਾਨਾ ਸਮਾਗਮ ਵਿੱਚ ਹਿੱਸਾ ਲੈਣ ਯੂ ਐਸ ਏ ਤੋਂ ਪਹੁੰਚੇ ਹਨ। ਇਸ ਸਲਾਨਾ ਸਮਾਗਮ ਵਿੱਚ ਯੂਨੀਵਰਸਿਟੀ ਵਿਗਿਆਨੀਆਂ ਦੇ ਨਾਲ-ਨਾਲ 300 ਵਿਦਿਆਰਥੀ ਵੀ ਹਿੱਸਾ ਲੈ ਰਹੇ ਹਨ। ਇਸ ਮੌਕੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ ਐਸ ਕਾਲਕਟ, ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿਲੋਂ ਅਤੇ ਖੇਤੀਬਾੜੀ ਕਮਿਸ਼ਨਰ, ਪੰਜਾਬ ਡਾ. ਬੀ ਐਸ ਸਿੱਧੂ ਵੀ ਹਾਜ਼ਰ ਸਨ ।
ਫਾਊਂਡੇਸ਼ਨ ਦੇ ਸੈਕਟਰੀ ਡਾ. ਡੀ ਐਸ ਬਰਾੜ ਨੇ ਡਾ. ਖੁਸ਼ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਡਾ. ਖੁਸ਼ ਭਾਰਤ ਵਿੱਚ ਚੌਲ ਕ੍ਰਾਂਤੀ ਨੂੰ ਲਿਆਉਣ ਵਾਲੇ ਪ੍ਰਮੁ¤ਖ ਵਿਅਕਤੀ ਹਨ । ਸਾਰੇ ਸੰਸਾਰ ਵਿੱਚ ਉਹਨਾਂ ਦੁਆਰਾ ਵਿਕਸਿਤ ਕੀਤੀਆਂ 35 ਚੌਲਾਂ ਦੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ । ਉਹਨਾਂ ਨੇ ਹਮੇਸ਼ਾਂ ਹੀ ਵਿਸ਼ਵ ਭੋਜਨ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਨਵੀਆਂ ਤਕਨੀਕਾਂ ਨੂੰ ਅਪਨਾਉਣ ਲਈ ਯਤਨ ਕੀਤੇ। ਡਾ. ਬਰਾੜ ਨੇ ਨਾਲ ਹੀ ਜਾਣਕਾਰੀ ਦਿੰਦਿਆਂ ਕਿਹਾ ਕਿ ਡਾ. ਖੁਸ਼ ਵਿਸ਼ਵ ਪ੍ਰਸਿੱਧ ਰਾਈਸ ਬਰੀਡਰ ਅਤੇ ਤੀਖਣ ਬੁੱਧੀ ਵਾਲੇ ਵਿਗਿਆਨੀ ਹਨ ਜਿਨ੍ਹਾਂ ਨੇ ਕਈ ਸੰਸਾਰ ਪ੍ਰਸਿੱਧ ਵਿਗਿਆਨੀਆਂ ਨੂੰ ਸਿਖਲਾਈ ਵੀ ਪ੍ਰਦਾਨ ਕੀਤੀ ਹੈ । ਜਪਾਨ ਪ੍ਰਾਈਜ਼ (1987) ਅਤੇ ਵਰਲਡ ਫੂਡ ਪ੍ਰਾਈਜ਼ (1996) ਦੇ ਵਿਜੇਤਾ ਡਾ. ਖੁਸ਼ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕਰ ਚੁੱਕੀਆਂ ਹਨ।
ਖੁਸ਼ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਉਪਰ ਚਾਨਣਾ ਪਾਉਂਦਿਆਂ ਡਾ. ਬਰਾੜ ਨੇ ਕਿਹਾ ਕਿ ਡਾ. ਖੁਸ਼ ਵੱਲੋਂ ਦਿੱਤੀ 3.5 ਕਰੋੜ ਦੀ ਵਿੱਤੀ ਮਦਦ ਨਾਲ 2010 ਵਿੱਚ ਸਥਾਪਿਤ ਕੀਤੀ ਗਈ ਇਹ ਫਾਊਂਡੇਸ਼ਨ ਪੀਏਯੂ ਖੇਤੀਬਾੜੀ ਖੋਜ ਅਤੇ ਖੇਤੀ ਵਿਕਾਸ ਦੇ ਪ੍ਰੋਗਰਾਮਾਂ ਲਈ ਹਮੇਸ਼ਾਂ ਸਹਾਈ ਸਿੱਧ ਹੁੰਦੀ ਹੈ । ਪੀਏਯੂ ਅਤੇ ਗਡਵਾਸੂ ਦੇ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਨੂੰ ਵਜ਼ੀਫਾ, ਪੀਏਯੂ ਦੇ ਨੌਜਵਾਨ ਸਟਾਫ਼ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਟਰੈਵਲ ਗ੍ਰਾਂਟਸ, ਖੇਤੀਬਾੜੀ ਸੰਬੰਧਿਤ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਦਾ ਟੀਮ ਐਵਾਰਡ ਨਾਲ ਸਨਮਾਨ ਅਤੇ ਸੰਸਾਰ ਪ੍ਰਸਿੱਧ ਖੇਤੀਬਾੜੀ ਵਿਗਿਆਨੀਆਂ ਦੇ ਵਿਸ਼ੇਸ਼ ਭਾਸ਼ਣ ਕਰਵਾਉਣੇ ਇਸ ਫਾਊਂਡੇਸ਼ਨ ਦੇ ਮੁੱਖ ਉਦੇਸ਼ ਹਨ। ਹੁਣ ਤੱਕ ਕਈ ਵਿਦਿਆਰਥੀ, ਅਧਿਆਪਕ, ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਸੇਵਾ ਕੇਂਦਰ ਦੇ ਕਈ ਵਿਗਿਆਨੀ ਖੁਸ਼ ਫਾਊਂਡੇਸ਼ਨ ਤੋਂ ਐਵਾਰਡ ਪ੍ਰਾਪਤ ਕਰ ਚੁੱਕੇ ਹਨ । ਡਾ. ਬਰਾੜ ਨੇ ਦੱਸਿਆ ਕਿ ਇਸ ਫਾਊਂਡੇਸ਼ਨ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਵੀ ਹਮੇਸ਼ਾਂ ਪ੍ਰਦਾਨ ਕੀਤੀ ਜਾਵੇਗੀ ।
ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਕਾਲਕਟ ਨੇ ਵੱਧ ਰਹੀਆਂ ਵਾਤਾਵਰਣਿਕ ਚੁਣੌਤੀਆਂ ਉਤੇ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਜਾਗਰੂਕ ਹੋਣਾ ਪਵੇਗਾ ਅਤੇ ਅੱਗੇ ਆਉਣਾ ਪਵੇਗਾ।
ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀਏਯੂ ਵੱਲੋਂ ਵਿਕਸਿਤ ਕੀਤੀਆਂ ਚੌਲਾਂ ਦੀਆਂ ਕਿਸਮਾਂ ਪੀ ਆਰ-121, ਪੀ ਆਰ-124 ਅਤੇ ਪੀ ਆਰ 126 ਨੂੰ ਸੂਬੇ ਦੇ ਕਿਸਾਨਾਂ ਨੇ ਬਾਖੂਬੀ ਸਵੀਕਾਰ ਕੀਤਾ ਜਿਸ ਕਾਰਨ ਪਿਛਲੇ ਸਾਲ ਸੂਬੇ ਦੇ 50 ਪ੍ਰਤੀਸ਼ਤ ਖੇਤਰ ਵਿੱਚ ਪੀ ਆਰ 121 ਕਿਸਮ ਬੀਜੀ ਗਈ ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਲਾਭ ਮਿਲਿਆ। ਇਸ ਦੇ ਨਾਲ ਹੀ ਯੂਨੀਵਰਸਿਟੀ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਆਪਣੀਆਂ ਖੋਜਾਂ ਨੂੰ ਉਹ ਦਿਸ਼ਾ ਦੇ ਰਹੀ ਹੈ ਜਿਸ ਨਾਲ ਕੁਦਰਤੀ ਸੋਮੇ ਵੀ ਬਚਣ ਅਤੇ ਖੇਤੀ ਰਸਾਇਣਾਂ ਦੀ ਵਰਤੋਂ ਵੀ ਘੱਟ ਹੋਵੇ। ਉਹਨਾਂ ਕਿਹਾ ਕਿ ਇਸ ਵਿੱਚ ਅਸੀਂ ਲਗਾਤਾਰ ਸਫਲ ਹੋ ਰਹੇ ਹਾਂ ਅਤੇ ਨਾਲ ਹੀ ਕਿਸਾਨਾਂ ਨੂੰ ਨਦੀਨ-ਨਾਸ਼ਕਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਅਪੀਲ ਵੀ ਕਰ ਰਹੀ ਹੈ ।
ਅੰਤ ਵਿੱਚ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਜਗਦੀਸ਼ ਕੌਰ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਮੀਡੀਆ ਕਰਮਚਾਰੀਆਂ ਦਾ ਧੰਨਵਾਦ ਕੀਤਾ ।