ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਰਨਾਰਥੀਆਂ ਦੇ ਹੱਕ ਵਿੱਚ ਬਿਆਨ ਦੇਣ ਕਰਕੇ ਅਟਾਰਨੀ ਜਨਰਲ ਸੇਲੀ ਯਾਟਸ ਨੂੰ ਬਰਖਾਸਤ ਕਰ ਦਿੱਤਾ ਹੈ। ਅਟਾਰਨੀ ਜਨਰਲ ਸੇਲੀ ਨੇ ਰਾਸ਼ਟਰਪਤੀ ਟਰੰਪ ਦੇ ਉਨ੍ਹਾਂ ਆਦੇਸ਼ਾਂ ਦਾ ਖੁਲ੍ਹ ਕੇ ਵਿਰੋਧ ਕੀਤਾ ਸੀ, ਜਿੰਨ੍ਹਾਂ ਵਿੱਚ 7 ਮੁਸਲਿਮ ਦੇਸ਼ਾਂ ਦੇ ਸ਼ਰਨਾਰਥੀਆਂ ਦੇ ਅਮਰੀਕਾ ਵਿੱਚ ਦਾਖਿਲ ਹੋਣ ਤੇ ਰੋਕ ਲਗਾ ਦਿੱਤੀ ਗਈ ਸੀ। ਸੇਲੀ ਨੇ ਰਾਸ਼ਟਰਪਤੀ ਦੇ ਇਸ ਵਿਵਾਦਤ ਫੈਂਸਲੇ ਦੀ ਆਲੋਚਨਾ ਕਰਦੇ ਹੋਏ ਨਿਆਂ ਵਿਭਾਗ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਸੀ।
ਵਰਨਣਯੋਗ ਹੈ ਕਿ ਟਰੰਪ ਨੇ ਹਾਲ ਹੀ ਵਿੱਚ ਇੱਕ ਅਜਿਹੇ ਆਦੇਸ਼ ਤੇ ਦਸਤਖਤ ਕੀਤੇ ਹਨ ਜਿਸ ਵਿੱਚ ਸੀਰੀਅ,ਈਰਾਕ, ਈਰਾਨ,ਲੀਬੀਆ, ਯਮਨ, ਸੂਡਾਨ ਅਤੇ ਸੋਮਾਲੀਆ ਆਦਿ ਦੇਸ਼ਾ ਦੇ ਸ਼ਰਨਾਰਥੀਆਂ ਦੇ ਅਮਰੀਕਾ ਵਿੱਚ ਐਂਟਰ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ। ਟਰੰਪ ਦੇ ਇਹ ਕਦਮ ਚੁੱਕਣ ਦੇ ਤੁਰੰਤ ਬਾਅਦ ਤੋਂ ਹੀ ਦੇਸ਼ ਦੀਆਂ ਵੱਖ-ਵੱਖ ਸਟੇਟਾਂ ਵਿੱਚ ਰਾਸ਼ਟਰਪਤੀ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਅਮਰੀਕਾ ਦੀ ਫੈਡਰਲ ਕੋਰਟ ਨੇ ਵੀ ਟਰੰਪ ਦੇ ਇਸ ਕਦਮ ਦੇ ਵਿਰੁੱਧ ਫੈਂਸਲਾ ਦਿੱਤਾ ਹੈ। ਅਟਾਰਨੀ ਜਨਰਲ ਸੇਲੀ ਨੇ ਵੀ ਰਾਸ਼ਟਰਪਤੀ ਵੱਲੋਂ ਉਠਾਏ ਗਏ ਇਸ ਕਦਮ ਦੀ ਸਖਤ ਆਲੋਚਨਾ ਅਤੇ ਨਿੰਦਿਆ ਕੀਤੀ। ਜਿਸ ਕਰਕੇ ਉਸ ਨੂੰ ਆਪਣੇ ਅਹੁਦੇ ਤੋਂ ਹੱਥ ਧੋਣੇ ਪਏ। ਟਰੰਪ ਨੇ ਸੇਲੀ ਦੇ ਬਿਆਨ ਦੇਣ ਦੇ ਕੁਝ ਹੀ ਘੰਟਿਆਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ।