ਭਾਰਤ ਰੁੱਤਾਂ ਦਾ ਦੇਸ਼ ਹੈ। ਵੈਸੇ ਤਾਂ ਭਾਰਤ ਵਿੱਚ ਛੇ ਰੁੱਤਾਂ ਆਉਂਦੀਆਂ ਹਨ ਪਰ ਬਸੰਤ ਰੁੱਤ ਨੂੰ ਸਭ ਤੋਂ ਪਿਆਰੀ ਰੁੱਤ ਮੰਨਿਆ ਜਾਂਦਾ ਹੈ ਕਿਉਂਕਿ ਇਹ ਪੱਤਝੱੜ ਤੋਂ ਬਾਅਦ ਆਉਂਦੀ ਹੈ। ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਸ ਰੁੱਤ ਤੇ ਚਾਰੇ ਪਾਸੇ ਬਹਾਰ ਹੀ ਬਹਾਰ ਹੁੰਦੀ ਹੈ। ਫੱਲ ਅਤੇ ਪੌਦੇ ਖਿੜਖਿੜਾ ਰਹੇ ਹੁੰਦੇ ਹਨ ਅਤੇ ਪੰਛੀ ਗੀਤ ਗਾ ਰਹੇ ਹੁੰਦੇ ਹਨ। ਇਸ ਰੁੱਤ ਤੇ ਨਾਂ ਗਰਮੀਂ ਹੁੰਦੀ ਹੈ ਅਤੇ ਨਾਂ ਹੀ ਸਰਦੀ। ਬਸੰਤ ਰੁੱਤ ਦੇ ਸਮੇਂ ਤੇ ਠੰਡ ਘਟਣਾਂ ਸ਼ੁਰੂ ਹੋ ਜਾਂਦੀ ਹੈ ਇਸ ਲਈ ਇਹ ਕਹਾਵਤ ਵੀ ਪ੍ਰਸਿੱਧ ਹੈ ਕਿ ਆਈ ਬਸੰਤ ਪਾਲਾ ਉਡੰਤ। ਬਸੰਤ ਵਾਲੇ ਦਿਨ ਪੂਰੇ ਪੰਜਾਬ ਵਿੱਚ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪਤੰਗ ਉਡਾਏ ਜਾਂਦੇ ਹਨ।ਇਸ ਦਿਨ ਅਸਮਾਨ ਰੰਗ ਬਰੰਗੀਆਂ ਪਤੰਗਾਂ ਨਾਲ ਭਰ ਜਾਂਦਾ ਹੈ। ਬੱਚੇ ਅਤੇ ਜਵਾਨ ਇੱਕ ਦੂਜੇ ਦਾ ਪਤੰਗ ਕੱਟਕੇ ਖੁਸ਼ੀ ਮਹਿਸੂਸ ਕਰਦੇ ਹਨ। ਪੰਜਾਬ ਵਿੱਚ ਖਾਸ ਤੌਰ ਤੇ ਮਾਲਵੇ ਵਿੱਚ ਇਸ ਦਿਨ ਘਰਾਂ ਦੀਆਂ ਛੱਤਾਂ ਉੱਤੇ ਡੀਜੇ ਸਪੀਕਰ ਆਮ ਲੱਗੇ ਦੇਖੇ ਜਾ ਸਕਦੇ ਹਨ।
ਪਹਿਲਾਂ-ਪਹਿਲ ਲੋਕ ਰੀਲ ਵਾਲੇ ਧਾਗੇ ਨਾਲ ਪਤੰਗ ਉਡਾਉਂਦੇ ਸਨ। ਫਿਰ ਇਸ ਧਾਗੇ ਨੂੰ ਕੱਚ ਅਤੇ ਰੰਗ ਲਗਾਕੇ ਮਜਬੂਤ ਅਤੇ ਆਕਰਸ਼ਕ ਬਣਾਇਆ ਜਾਣ ਲੱਗਾ। ਇਸਨੂੰ ਮਾਂਝਾ ਡੋਰ ਕਿਹਾ ਜਾਂਦਾ ਸੀ। ਬਹੁਤ ਸਮਾਂ ਇਸ ਡੋਰ ਦੀ ਵਰਤੋਂ ਹੁੰਦੀ ਰਹੀ। ਫਿਰ ਬਣੀ-ਬਣਾਈ ਡੋਰ ਮਿਲਣ ਲੱਗੀ ਜਿਸਨੂੰ ਬਰੇਲੀ ਕਿਹਾ ਜਾਂਦਾ ਸੀ। ਬਰੇਲੀ ਮਾਂਝੇ ਤੋਂ ਮਜਬੂਤ ਅਤੇ ਮਹਿੰਗੀ ਪੈਂਦੀ ਸੀ। ਬਰੇਲੀ ਤੋਂ ਬਾਅਦ ਪਾਂਡਾ ਡੋਰ ਹੋਂਦ ਵਿੱਚ ਆਈ। ਇਹ ਮਾਂਝੇ ਅਤੇ ਬਰੇਲੀ ਦੋਨਾਂ ਤੋਂ ਮੋਟੀ ਅਤੇ ਮਜਬੂਤ ਸੀ ਅਤੇ ਦੋਨਾਂ ਨੂੰ ਆਸਾਨੀ ਨਾਲ ਕੱਟ ਸਕਦੀ ਸੀ। ਅੱਜ ਦੇ ਸਮੇਂ ਵਿੱਚ ਪਲਾਸਟਿਕ ਡੋਰ ਚੱਲ ਰਹੀ ਹੈ।ਇਹ ਬਹੁਤ ਹੀ ਮੁਲਾਇਮ ਅਤੇ ਮਜਬੂਤ ਹੁੰਦੀ ਹੈ। ਇਸਨੁੰ ਚਾਈਨਾਂ ਡੋਰ ਵੀ ਕਿਹਾ ਜਾਂਦਾ ਹੈ। ਇਹ ਆਮ ਤੌਰ ਤੇ ਹੱਥ ਨਾਲ ਨਹੀਂ ਟੁੱਟਦੀ। ਬਾਕੀ ਡੋਰ ਦੀ ਤਰਾਂ ਜੇਕਰ ਇਹ ਪਾਣੀ ਵਿੱਚ ਗਿੱਲੀ ਵੀ ਹੋ ਜਾਵੇ ਤਾਂ ਇਹ ਛੇਤੀ ਖਰਾਬ ਨਹੀਂ ਹੁੰਦੀ। ਗਿੱਲੀ ਹੋਣ ਤੇ ਇਸਦਾ ਕੇਵਲ ਰੰਗ ਹੀ ਉਤਰਦਾ ਹੈ। ਇਹ ਡੋਰ ਸਰੀਰ ਦੇ ਜਿਸ ਕਿਸੇ ਹਿੱਸੇ ਤੇ ਵੀ ਲੱਗਦੀ ਹੈ ਉੱਥੇ ਜਖਮ ਕਰ ਦਿੰਦੀ ਹੈ। ਇਸ ਡੋਰ ਕਾਰਨ ਆਏ ਦਿਨ ਬਹੁਤ ਸਾਰੇ ਪੰਛੀ ਅਤੇ ਮਨੁੱਖ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਭਾਵੇਂ ਹੀ ਸਰਕਾਰ ਨੇ ਇਸ ਡੋਰ ਉੱਪਰ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਇਹ ਡੋਰ ਪੰਜਾਬ ਵਿੱਚ ਧੜਾਧੜ ਵਿਕ ਰਹੀ ਹੈ।ਇਸ ਡੋਰ ਤੇ ਪਾਬੰਦੀ ਲਗਾਉਣ ਲਈ ਸਾਨੂੰ ਸਾਰਿਆਂ ਨੂੰ ਜੁੰਮੇਵਾਰ ਨਾਗਰਿਕ ਬਣਕੇ ਸਰਕਾਰ ਅਤੇ ਸਮਾਜ ਦੀ ਮਦਦ ਕਰਨ ਚਾਹੀਦੀ ਹੈ। ਚਾਈਨਾਂ ਡੋਰ ਨੂੰ ਨਾਂ ਹੀ ਵੇਚਿਆ ਜਾਵੇ ਅਤੇ ਨਾਂ ਹੀ ਖਰੀਦਿਆ ਜਾਵੇ।
ਪਤੰਗ ਕੱਟਣ ਦੀ ਕਲ੍ਹਾ : ਇੱਕੋ ਤਰਾਂ ਦੀ ਡੋਰ ਹੋਣ ਦੇ ਬਾਵਜੂਦ ਵੀ ਇੱਕ ਪਤੰਗ ਦੂਜੇ ਪਤੰਗ ਨਾਲ ਕੱਟੀ ਜਾਂਦੀ ਹੈ। ਇਸਦੇ ਪਿੱਛੇ ਵਿਗਿਆਨਕ ਕਾਰਨ ਹੈ ਅਜਿਹਾਂ ਰਗੜ ਅਤੇ ਤਣਾਅ ਦੇ ਸਿਧਾਂਤ ਕਾਰਨ ਹੁੰਦਾ ਹੈ।
ਪਤੰਗ ਕੱਟਣ ਲਈ ਦੋ-ਤਿੰਨ ਤਰਾਂ ਦੇ ਤਰੀਕੇ ਅਪਣਾਏ ਜਾ ਸਕਦੇ ਹਨ। ਪਹਿਲੇ ਤਰੀਕੇ ਜਿਸਨੂੰ ਪੰਜਾਬੀ ਵਿੱਚ ਖਿੱਚਾ ਮਾਰਨਾਂ ਵੀ ਕਹਿੰਦੇ ਹਨ ਇਸ ਵਿੱਚ ਅਸੀ ਆਪਣੇ ਪਤੰਗ ਡੀ ਡੋਰ ਨੂੰ ਦੂਜੇ ਪਤੰਗ ਦੀ ਡੋਰ ਦੇ ਥੱਲਿਓਂ ਦੀ ਬਹੁਤ ਹੀ ਤੇਜੀ ਨਾਲ ਲਿਆਉਂਦੇ ਹਾਂ। ਹਵਾ ਜੇਕਰ ਘੱਟ ਹੋਵੇ ਤਾਂ ਇਹ ਤਰੀਕਾ ਬਹੁਤ ਕਾਮਯਾਬ ਹੁੰਦਾ ਹੈ। ਖਿੱਚਾ ਮਾਰਨ ਲੱਗੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਪਤੰਗ ਨੂੰ ਖਿੱਚਾ ਮਾਰਿਆ ਜਾ ਰਿਹਾ ਹੈ ਉਸਦੀ ਡੋਰ ਤੁਹਾਡੀ ਡੋਰ ਉਪੱਰ ਤੇਜੀ ਨਾਲ ਢਿੱਲ ਨਾਂ ਖਾਵੇ। ਅਰਥਾਤ ਦੂਜੇ ਵਿਅਕਤੀ ਨੂੰ ਬਿਨਾਂ ਕੋਈ ਸਮਾਂ ਦਿੱਤੇ ਬਹੁਤ ਤੇਜੀ ਨਾਲ ਖਿੱਚਾ ਮਾਰਨਾਂ ਚਾਹੀਦਾ ਹੈ। ਦੂਜੇ ਤਰੀਕੇ ਨੂੰ ਢਿੱਲ ਦੇਣਾ ਕਹਿੰਦੇ ਹਨ। ਜਦੋਂ ਹਵਾ ਦਾ ਵਹਾਅ ਬਹੁਤ ਜਿਆਦਾ ਹੋਵੇ ਤਾਂ ਇਹ ਤਰੀਕਾ ਵਰਤਣਾ ਚਾਹੀਦਾ ਹੈ। ਹਵਾ ਤੇਜ਼ ਹੋਣ ਕਾਰਨ ਪਤੰਗ ਨੂੰ ਤੇਜੀ ਨਾਲ ਧੱਕਾ ਵੱਜਦਾ ਹੈ ਜਿਸਦੇ ਕਾਰਨ ਡੋਰ ਤੇਜੀ ਨਾਲ ਫਿਰਦੀ ਹੈ। ਢਿੱਲ ਦਾ ਤਰੀਕਾ ਵਰਤਣ ਲਈ ਜਾਂ ਤਾਂ ਪਤੰਗ ਬਹੁਤ ਉੱਪਰ ਉਡਾਇਆ ਜਾਵੇ ਜਾਂ ਹਵਾ ਬਹੁਤ ਜਿਆਦਾ ਤੇਜ ਹੋਵੇ। ਇਹਨਾਂ ਦੋਨਾਂ ਤਰੀਕਿਆਂ ਤੋਂ ਇਲਾਵਾ ਦੂਜੇ ਪਤੰਗ ਦੀ ਡੋਰ ਨੂੰ ਆਪਣੇ ਪਤੰਗ ਦੀ ਡੋਰ ਨਾਲ ਦੂਹਰਾ ਪੇਚਾ ਪਾਕੇ ਵੀ ਅਗਲੇ ਦੀ ਪਤੰਗ ਕੱਟੀ ਜਾ ਸਕਦੀ ਹੈ।
ਸਮਾਂ ਬੀਤਣ ਦੇ ਨਾਲ-ਨਾਲ ਹੋਰਨਾਂ ਤਿਉਹਾਰਾਂ ਦੀ ਤਰ੍ਹਾਂ ਬਸੰਤ ਤੇ ਵੀ ਆਧੁਨਿਕਤਾ ਦਾ ਪ੍ਰਭਾਵ ਪਿਆ ਹੈ। ਅੱਜ ਕੱਲ੍ਹ ਇਹ ਤਿਉਹਾਰ ਜਾਨਲੇਵਾ ਅਤੇ ਸ਼ੋਰ-ਸ਼ਰਾਬੇ ਵਾਲਾ ਬਣਦਾ ਜਾ ਰਿਹਾ ਹੈ। ਤਿਉਹਾਰ ਖੁਸ਼ੀਆਂ ਮਨਾਉਣ ਲਈ ਹੁੰਦੇ ਹਨ ਇਸ ਲਈ ਇਸ ਨੂੰ ਇਸ ਤਰੀਕੇ ਨਾਲ ਮਨਾਈਏ ਕਿ ਖੁਸ਼ੀ ਮਨਾਈਏ ਅਤੇ ਖੁਸ਼ੀਆਂ ਵੰਡੀਏ। ਚਾਈਨਾ ਡੋਰ ਦੀ ਵਰਤੋਂ ਬੰਦ ਕਰੀਏ। ਬਸੰਤ ਨੂੰ ਆਵਾਜ ਪ੍ਰਦੂਸ਼ਨ ਮੁਕਤ ਬਣਾਈਏ। ਜੇਕਰ ਸਪੀਕਰ ਚਲਾਉੇਣੇ ਵੀ ਹਨ ਤਾਂ ਹੌਲੀ ਆਵਾਜ ਵਿੱਚ ਚਲਾਈਏ। ਪਤੰਗ ਲੁੱਟਣ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਨਾਂ ਪਾਈਏ। ਛੋਟੇ ਬੱਚਿਆਂ ਅਤੇ ਭੈਣ-ਭਰਾਵਾਂ ਦਾ ਧਿਆਨ ਰੱਖੀਏ ਕਿਉਂ ਕਿ ਪਤੰਗ ਉਡਾਉਂਦੇ ਜਾਂ ਲੁੱਟਦੇ ਕੋਠੇ ਤੋਂ ਡਿੱਗਣ ਜਾਂ ਕਿਸੇ ਵਾਹਨ ਵਿੱਚ ਵੱਜਣ ਦੀਆਂ ਘਟਨਾਵਾਂ ਆਏ ਸਾਲ ਵਾਪਰਦੀਆਂ ਹਨ।