ਨਵੀਂ ਦਿੱਲੀ : ਡੇਰਾ ਸੱਚਾ ਸੌਦਾ ਸਿਰਸਾ ਵਿਖੇ ਪੰਜਾਬ ਚੋਣਾਂ ਲਈ ਹਿਮਾਇਤ ਮੰਗਣ ਗਏ ਸਿੱਖ ਉਮੀਦਵਾਰਾਂ ਦੇ ਖਿਲਾਫ਼ ਪੰਥਕ ਰਿਵਾਇਤਾ ਅਨੁਸਾਰ ਕਾਰਵਾਈ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ। ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਹੀ ਹੇਠ ਕਮੇਟੀ ਅਹੁਦੇਦਾਰਾਂ ਦੀ ਹੋਈ ਆਪਾਤ ਬੈਠਕ ‘ਚ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼ਿਕਾਇਤੀ ਪੱਤਰ ਕਮੇਟੀ ਵੱਲੋਂ ਭੇਜਣ ਦਾ ਫੈਸਲਾ ਲਿਆ ਗਿਆ।
ਬੈਠਕ ’ਚ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਮੌਜੂਦ ਸਨ। ਜੀ।ਕੇ। ਤੇ ਸਿਰਸਾ ਨੇ ਕਿਹਾ ਕਿ ਡੇਰਾ ਸਾਧ ਦੇ ਨਾਲ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਰੋਟੀ ਅਤੇ ਬੇਟੀ ਦਾ ਰਿਸ਼ਤਾ ਨਾ ਰੱਖਣ ਦਾ ਹੁਕਮਨਾਮਾ 2007 ਵਿਚ ਜਾਰੀ ਹੋਇਆ ਸੀ। ਇਸ ਕਰਕੇ ਡੇਰੇ ਦੀ ਚੌਖਟ ’ਤੇ ਗਏ ਸਿੱਖ ਉਮੀਦਵਾਰ ਪਹਿਲੀ ਨਜ਼ਰ ਵਿਚ ਹੁਕਮਨਾਮੇ ਨੂੰ ਨਜ਼ਰਅੰਦਾਜ਼ ਕਰਨ ਦੇ ਕਥਿਤ ਤੌਰ ਤੇ ਦੋਸ਼ੀ ਹਨ।
ਜੀ. ਕੇ. ਨੇ ਦੋਸ਼ੀਆਂ ਨੂੰ ਪੰਥਕ ਰਿਵਾਇਤਾ ਅਨੁਸਾਰ ਸਜ਼ਾ ਦੇਣ ਦੀ ਵਕਾਲਤ ਕਰਦੇ ਹੋਏ ਜਥੇਦਾਰ ਨੂੰ ਭੇਜੇ ਪੱਤਰ ਦਾ ਉਤਾਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਵੀ ਭੇਜਿਆ ਹੈ। ਜੀ. ਕੇ. ਨੇ ਸਾਫ਼ ਕਿਹਾ ਕਿ ਜਿਸ ਤਰੀਕੇ ਨਾਲ ਕੱਤਲ, ਬਲਾਤਕਾਰ ਅਤੇ ਚੇਲਿਆਂ ਨੂੰ ਨਪੁੰਸਕ ਬਣਾਉਣ ਦੇ ਦੋਸ਼ਾ ਤਹਿਤ ਅਦਾਲਤਾਂ ਵਿਚ ਗੇੜੇ ਕੱਟ ਰਹੇ ਇਨਸਾਨ ਨੂੰ ਕਿਸੇ ਕੀਮਤ ’ਤੇ ਸਾਧ ਨਹੀਂ ਮੰਨਿਆ ਜਾ ਸਕਦਾ ਉਸੇ ਤਰ੍ਹਾਂ ਹੀ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਏ ਹੁਕਮਨਾਮੇ ਦੀ ਉਲੰਘਣਾ ਦਾ ਸਵਾਲ ਹੀ ਨਹੀਂ ਉਠਦਾ।