ਮੁੰਬਈ – ਬੀਜੇਪੀ ਅਤੇ ਸ਼ਿਵਸੈਨਾ ਦਰਮਿਆਨ ਕੁੜੱਤਣ ਅਤੇ ਦੂਰੀਆਂ ਵੱਧਦੀਆਂ ਹੀ ਜਾ ਰਹੀਆਂ ਹਨ। ਬੀਐਮਸੀ ਚੋਣਾਂ ਵੱਖਰੇ ਤੌਰ ਤੇ ਲੜਨ ਦੇ ਐਲਾਨ ਤੋਂ ਬਾਅਦ ਸ਼ਿਵਸੈਨਾ ਨੇ ਗੁਜਰਾਤ ਵਿਧਾਨਸਭਾ ਚੋਣਾਂ ਵੀ ਭਾਜਪਾ ਦੇ ਖਿਲਾਫ਼ ਲੜਨ ਦੀ ਘੋਸ਼ਣਾ ਕੀਤੀ ਹੈ। ਗੁਜਰਾਤ ਵਿੱਚ ਸਰਕਾਰ ਦੇ ਵਿਰੁੱਧ ਅੰਦੋਲਨ ਦੀ ਅਗਵਾਈ ਕਰਨ ਵਾਲੇ ਹਾਰਦਿਕ ਪਟੇਲ ਨੂੰ ਸ਼ਿਵਸੈਨਾ ਨੇ ਆਪਣਾ ਮੁੱਖਮੰਤਰੀ ਉਮੀਦਵਾਰ ਐਲਾਨਿਆ ਹੈ। ਦਸੰਬਰ ਵਿੱਚ ਹੋਣ ਜਾ ਰਹੀਆਂ ਗੁਜਰਾਤ ਵਿਧਾਨਸਭਾ ਚੋਣਾਂ ਵਿੱਚ ਹਾਰਦਿਕ ਪਟੇਲ ਹੀ ਹੋਣਗੇ ਸ਼ਿਵਸੈਨਾ ਦਾ ਚਿਹਰਾ।
ਹਾਰਦਿਕ ਪਟੇਲ ਦੀ ਮੁੰਬਈ ਪਹੁੰਚਣ ਤੇ ਸੱਭ ਤੋਂ ਪਹਿਲਾਂ ਸ਼ਿਵਸੈਨਾ ਮੁੱਖੀ ਉਦੈ ਠਾਕੁਰੇ ਦੇ ਨਾਲ ਮੰਗਲਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਗੱਲਬਾਤ ਹੋਈ। ਇੰਗਲਸ਼ ਦੇ ਇੱਕ ਨਿਊਜ਼ ਪੇਪਰ ਵਿੱਚ ਛੱਪੀ ਖ਼ਬਰ ਅਨੁਸਾਰ, ‘ ਹਾਰਦਿਕ ਪਟੇਲ ਨੇ ਦੱਸਿਆ ਕਿ ਆ ਰਹੀਆਂ ਬੰਬੇ ਮਿਊਨਿਸਿਪਿਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਗੋਰੇਗਾਂਵ ਅਤੇ ਬੀਰੇਨ ਲਿੰਬਚਿਆ ਤੋਂ ਸ਼ਿਵਸੈਨਾ ਦੇ ਉਮੀਦਵਾਰ ਦੇ ਪੱਖ ਵਿੱਚ ਪਰਚਾਰ ਕਰਨਗੇ।’ ਉਨ੍ਹਾਂ ਨੇ ਇਹ ਵੀ ਕਿਹਾ, “ ਮੈਂ ਭਗਤ ਸਿੰਘ ਅਤੇ ਬਾਲਾ ਸਾਹਿਬ ਠਾਕੁਰੇ ਦੀ ਵਿਚਾਰਧਾਰਾ ਤੇ ਅੱਗੇ ਵੱਧਿਆ ਹਾਂ ਅਤੇ ਮੈਨੂੰ ਵੀਰਸਾਵਰਕਾਰ ਦੀ ਧਰਤੀ ਤੇ ਆ ਕੇ ਬਹੁਤ ਖੁਸ਼ੀ ਹੋਈ ਹੈ।”