ਲੁਧਿਆਣਾ – ਇੱਕ ਪਾਸੇ ਦੂਰ ਸੰਚਾਰ ਦੇ ਖੇਤਰ ਦੀਆਂ ਨਿੱਜੀ ਕੰਪਨੀਆਂ ਖਪਤਕਾਰਾਂ ਨੂੰ ਆਪਣੇ ਨਾਲ ਜੋੜਨ ਲਈ ਡੋਰ-ਟੂ-ਡੋਰ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ ਦੂਜੇ ਪਾਸੇ ਭਾਰਤ ਸੰਚਾਰ ਨਿਗਮ ਲਿ. (ਬੀਐਸਐਨਐਲ) ਦੇ ਕਰਮਚਾਰੀ ਖਪਤਕਾਰਾਂ ਨਾਲ ਆਏ ਦਿਨ ਮਾੜਾ ਵਰਤਾਓ ਕਰਕੇ ਖਪਤਕਾਰਾਂ ਨੂੰ ਆਪਣੇ ਨਾਲੋਂ ਤੋੜਨ ਵਿੱਚ ਵਿਸ਼ੇਸ਼ ਹਿੱਸੇਦਾਰੀ ਨਿਭਾ ਰਹੇ ਹਨ। ਜਿਸ ਦੀ ਮਿਸਾਲ ਇੱਕ ਖਤਪਕਾਰ ਨਾਲ ਏਥੋਂ ਦੀ ਇੱਕ ਮਹਿਲਾ ਕਰਮਚਾਰੀ ਪਰਮਜੀਤ ਕੌਰ ਵੱਲੋਂ ਮਾੜਾ ਵਰਤਾਓ ਕਰਨ ਨਾਲ ਮਿਲੀ। ਜਿਸ ਕਾਰਨ ਨਵਾਂ ਸਿੱਮ ਲੈਣ ਆਏ ਖਤਪਕਾਰ ਨੇ ਇੱਕ ਨਿੱਜੀ ਕੰਪਨੀ ਦਾ ਰੁਖ ਕਰ ਲਿਆ।
ਇਸ ਸਬੰਧੀ ਸ਼ਿਕਾਇਤ ਕਰਤਾ ਰਘਬੀਰ ਸਿੰਘ ਨੇ ਦੱਸਿਆ ਕਿ ਬੀਐਸਐਨੈਲ ਦੇ ਭਾਰਤ ਨਗਰ ਚੌਂਕ ਸਥਿੱਤ ਦਫਤਰ ਵਿਖੇ ਉਹ ਨਵਾਂ ਮੋਬਾਈਲ ਕੁਨੈਕਸ਼ਨ ਲੈਣ ਲਈ ਗਏ ਸਨ। ਫਾਰਮ ਭਰਨ ਵਿੱਚ ਗਲਤੀ ਹੋਣ ਤੇ ਕਾਊਂਟਰ ਤੇ ਬੈਠੀ ਮਹਿਲਾ ਪਰਮਜੀਤ ਕੌਰ ਜੇਟੀਉ ਨੇ ਉਨ੍ਹਾਂ ਨਾਲ ਮਾੜਾ ਵਰਤਾਓ ਕਰਨ ਦੇ ਨਾਲ ਨਾਲ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਇਸ ਮਾੜੇ ਵਰਤਾਓ ਦੀ ਲਿਖਤ ਸ਼ਿਕਾਇਤ ਉਨ੍ਹਾਂ ਨੇ ਜੀਐਮ ਨੂੰ ਕੀਤੀ ਜਿਸ ਦਾ ਸ਼ਿਕਾਇਤ ਪ੍ਰਾਪਤੀ ਨੰਬਰ 1330 ਮਿਤੀ 15-09-2016 ਹੈ। ਕਥਿੱਤ ਤੌਰ ਤੇ ਮਾੜਾ ਵਰਤਾਓ ਕਰਨ ਵਾਲੀ ਪਰਮਜੀਤ ਕੌਰ ਖਿਲਾਫ ਬੀਐਸੈਨੈਲ ਨੇ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਉਸ ਨੂੰ ਪਬਲਿਕ ਡੀਲਿੰਗ ਸੀਟ ਤੇ ਤਾਇਨਾਤ ਕਰ ਦਿੱਤਾ ਗਿਆ ਤਾਂਜੋ ਉਹ ਦੂਸਰੇ ਲੋਕਾਂ ਨਾਲ ਵੀ ਇਹੋ ਜਿਹਾ ਵਰਤਾਓ ਕਰ ਸਕੇ।
ਇਸ ਸਬੰਧੀ ਜਦੋਂ ਜੀਐਮ ਰਾਜ ਦਿਉ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਹਿਲਾ ਕਰਮਚਾਰੀ ਨੂੰ ਸਮਝਾ ਦਿੱਤਾ ਗਿਆ ਹੈ ਅੱਗੇ ਤੋਂ ਉਹ ਇਸ ਤਰਾਂ ਦਾ ਵਰਤਾਓ ਨਹੀਂ ਕਰੇਗੀ। ਜਦੋਂ ਕਾਰਵਾਈ ਨਾ ਕਰਨ ਤੇ ਉਸ ਨੂੰ ਪਬਲਿਕ ਡੀਲਿੰਗ ਦੀ ਉੱਚੀ ਕੁਰਸੀ ਤੇ ਤਾਇਨਾਤ ਕਰਨ ਦੀ ਗੱਲ ਪੁੱਛੀ ਤਾਂ ਉਹਨਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਕੁਝ ਦਿਨਾਂ ਬਾਅਦ ਉਸ ਨੂੰ ਬਦਲ ਦਿੱਤਾ ਜਾਵੇਗਾ। ਜੀਐਮ ਨਾਲ ਗੱਲ ਕਰਨ ਤੇ ਇਹ ਲੱਗਿਆ ਕਿ ਉਹ ਆਪਣੇ ਦਫਤਰ ਦੇ ਕਰਮਚਾਰੀਆਂ ਖਿਲਾਫ ਕੋਈ ਵੀ ਠੋਸ ਕਾਰਵਾਈ ਨਹੀਂ ਕਰਨਾ ਚਾਹੁੰਦੇ ਜਾਂ ਕਿਸੇ ਦਬਾਅ ਥੱਲੇ ਕਾਰਵਾਈ ਨਹੀਂ ਕਰ ਰਹੇ।
ਸ਼ਿਕਾਇਤ ਕਰਤਾ ਨੇ ਕਿਹਾ ਕਿ ਜੇਕਰ ਉਕਤ ਮਹਿਲਾ ਕਰਮਚਾਰੀ ਪਰਮਜੀਤ ਕੌਰ ਜੇਟੀਉ ਖਿਲਾਫ ਕਾਰਵਾਈ ਨਹੀਂ ਕੀਤੀ ਤਾਂ ਉਹ ਆਪਣੇ ਨਾਲ ਹੋਏ ਮਾੜੇ ਵਰਤਾਓ ਦਾ ਇਨਸਾਫ ਲੈਣ ਲਈ ਉਪਭੋਗਤਾ ਫੋਰਮ (ਕੰਜ਼ਿਊਮਰ ਕੋਰਟ) ਦਾ ਰੁੱਖ ਕਰੇਗਾ ।