ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਅੱਜ 9 ਉਮੀਦਵਾਰਾਂ ਦੀ ਤੀਜ਼ੀ ਸੂਚੀ ਜਾਰੀ ਕਰ ਦਿੱਤੀ। ਪਹਿਲੀ ਸੂਚੀ ਵਿਚ 26 ਅਤੇ ਦੂਜੀ ਸੂਚੀ ਵਿਚ 11 ਨਾਂ ਪਾਰਟੀ ਪਹਿਲੇ ਹੀ ਜਾਰੀ ਕਰ ਚੁੱਕੀ ਹੈ। ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਵੱਲੋਂ ਜਾਰੀ ਕੀਤੀ ਗਈ ਤੀਜ਼ੀ ਸੂਚੀ ’ਚ 3 ਮੌਜੂਦਾ ਕਮੇਟੀ ਮੈਂਬਰਾਂ ਨੂੰ ਟਿਕਟ ਪ੍ਰਾਪਤ ਹੋਈ ਹੈ।
ਇਸ ਹਿਸਾਬ ਨਾਲ ਅਕਾਲੀ ਦਲ ਵੱਲੋਂ 22 ਮੌਜੂਦਾ ਮੈਂਬਰਾਂ ਤੇ ਚੋਣ ਲੜਨ ਦਾ ਭਰੋਸਾ ਜਤਾਇਆ ਗਿਆ ਹੈ, ਜਦਕਿ ਪਹਿਲੀ ਸੂਚੀ ਵਿਚ 18 ਤੇ ਦੂਜੀ ਸੂਚੀ ਵਿਚ 1 ਮੈਂਬਰ ਦਲ ਦੀ ਟਿਕਟ ਪ੍ਰਾਪਤ ਕਰਨ ਵਿਚ ਕਾਮਯਾਬ ਹੋਏ ਸਨ। ਜਾਰੀ ਸੂਚੀ ਮੁਤਾਬਿਕ ਸਿਵਿਲ ਲਾਈਨ ਵਾਰਡ ਤੋਂ ਜਸਬੀਰ ਸਿੰਘ ਜੱਸੀ, ਸੰਤ ਗੜ੍ਹ ਤੋਂ ਚਮਨ ਸਿੰਘ ਤੇ ਦਿਲਸ਼ਾਦ ਗਾਰਡਨ ਤੋਂ ਰਵਿੰਦਰ ਸਿੰਘ ਲਵਲੀ ਮੌਜੂਦਾ ਮੈਂਬਰਾਂ ’ਤੇ ਪਾਰਟੀ ਨੇ ਆਸ਼ ਬਰਕਰਾਰ ਰੱਖੀ ਹੈ।
ਇਸਦੇ ਨਾਲ ਹੀ ਰੋਹਿਣੀ ਵਾਰਡ ਤੋਂ ਵਿਕਰਮ ਸਿੰਘ, ਗੁਰੂ ਨਾਨਕ ਨਗਰ ਤੋਂ ਰਮਿੰਦਰ ਸਿੰਘ, ਸ਼ਕੂਰ ਬਸਤੀ ਤੋਂ ਜਸਪ੍ਰੀਤ ਸਿੰਘ ਵਿੱਕੀ ਮਾਨ, ਵਿਕਾਸ ਪੁਰੀ ਤੋਂ ਮਨਮੋਹਨ ਸਿੰਘ, ਸਰਿਤਾ ਵਿਹਾਰ ਤੋਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਛੋਟੇ ਭਰਾ ਹਰਜੀਤ ਸਿੰਘ ਜੀ.ਕੇ. ਅਤੇ ਵਿਵੇਕ ਵਿਹਾਰ ਤੋਂ ਜਸਮੇਨ ਸਿੰਘ ਨੋਨੀ ਤੀਜ਼ੀ ਸੂਚੀ ਵਿਚ ਸ਼ਾਮਿਲ ਉਮੀਦਵਾਰ ਹਨ।