ਮੈਂ ਪੰਜਾਬ ਬੋਲਦਾਂ ਮੇਰੀ ਕਹਾਣੀ ਹਮੇਸ਼ਾਂ ਬਹਾਦਰ ਅਤੇ ਦਲੇਰ ਲੋਕਾਂ ਦੀ ਕਹਾਣੀ ਹੈ ਪਰ ਹੁਣ ਮੈਂ ਉਹ ਪੰਜਾਬ ਨਹੀਂ ਰਹਿ ਗਿਆ। ਹੁਣ ਮੇਰੇ ਕੋਲੋਂ ਬਹਾਦਰੀ ਦਾ ਸੱਬਕ ਨਹੀਂ ਸਿੱਖਦਾ ਕੋਈ ਹੁਣ ਤਾਂ ਮੇਰੇ ਲੋਕ ਗੁਲਾਮੀ ਦਾ ਪਾਠ ਸੁਣਦੇ ਨੇ ਅਤੇ ਗੁਲਾਮੀ ਦਾ ਹੀ ਨਾਮ ਜਪਦੇ ਨੇ। ਕਦੇ ਮੇਰੇ ਜਨਮੇ ਲੋਕਾਂ ਨੇ ਅਜਾਦ ਹੋਣ ਲਈ ਵਿਦੇਸ਼ੀਆਂ ਨਾਲ ਟੱਕਰਾਂ ਲਈਆਂ ਸਨ ਪਰ ਹੁਣ ਵਿਦੇਸ਼ੀਆਂ ਦੇ ਗੁਲਾਮ ਬਣਨ ਲਈ ਟੱਕਰਾਂ ਮਾਰ ਰਹੇ ਹਨ। ਕਦੇ ਮੇਰੇ ਲੋਕ ਅਜਾਦ ਰਹਿਣ ਲਈ ਘਰ ਘਾਟ ਛੱਡ ਤੁਰਿਆ ਕਰਦੇ ਸਨ ਹੁਣ ਗੁਲਾਮ ਹੋਣ ਲਈ ਘਰ ਘਾਟ ਵੇਚਣ ਦੇ ਰਾਹ ਪੈ ਗਏ ਹਨ। ਕਦੇ ਮੇਰੇ ਵਾਰਿਸ ਦੁੱਧ ਅਤੇ ਪੁੱਤ ਮੰਗਿਆ ਕਰਦੇ ਸਨ। ਦੁੱਧ ਅਤੇ ਪੁੱਤ ਵੇਚਣਾ ਗੁਨਾਹ ਹੁੰਦਾ ਸੀ ਇਹਨਾਂ ਲਈ, ਪਰ ਹੁਣ ਦੁੱਧ ਅਤੇ ਪੁੱਤ ਵੇਚਣਾ ਇਹਨਾਂ ਦਾ ਪਹਿਲਾ ਕੰਮ ਹੈ । ਕਦੇ ਮੇਰੇ ਇਲਾਕੇ ਵਿੱਚ ਵੱਸਣ ਵਾਲੇ ਧੀਆਂ ਦੀਆਂ ਇਜਤਾਂ ਬਚਾਉਣ ਲਈ ਜਾਨ ਦੀ ਬਾਜੀ ਲਾ ਦਿਆ ਕਰਦੇ ਸਨ ਪਰ ਅੱਜ ਕੱਲ ਦੀ ਮੇਰੀ ਨੌਜਵਾਨੀ ਆਪਣੇ ਆਪ ਨੂੰ ਗੁੰਡਿਆਂ ਵਰਗਾ ਦਿਖਾਉਣ ਲਈ ਆਪਣਾ ਪਹਿਰਾਵਾ ਅਤੇ ਸ਼ਕਲ ਸੂਰਤ ਵੀ ਬਦਲਾੳਣ ਲੱਗ ਪਈ ਹੈ। ਮੈਂ ਕਦੇ ਕਾਬਲ ਕੰਧਾਰ ਤੱਕ ਆਪਣੇ ਝੰਡੇ ਗੱਡ ਲਏ ਸਨ ਪਰ ਅੱਜ ਦੇ ਵਕਤ ਤਾਂ ਮੇਰੇ ਪੁੱਤਰ ਅਖਵਾਉਣ ਵਾਲੇ ਕਪੁੱਤਰਾਂ ਨੇ ਹੀ ਮੇਰੇ ਟੋਟੇ ਟੋਟੇ ਕਰਵਾ ਦਿੱਤੇ ਹਨ ਹੁਣ ਮੇਰੇ ਕੋਲੇ ਕਾਬਲ ਕੰਧਾਰ ਤਾਂ ਕੀ ਨਨਕਾਣਾ, ਹਿਮਾਚਲ ,ਚੰਡੀਗੜ ਅਤੇ ਅੰਬਾਲੇ ਵਰਗੇ ਸ਼ਹਿਰ ਵੀ ਬਿਗਾਨੇ ਕਰਵਾ ਦਿੱਤੇ ਹਨ ਜਿੱਥੇ ਅੱਜ ਵੀ ਪੰਜਾਬੀ ਬੋਲਣ ਵਾਲੇ ਮੇਰੀ ਹੋਂਦ ਦੀ ਗਵਾਹੀ ਦੇਂਦੇ ਹਨ। ਕਦੇ ਮੇਰੇ ਨਾਮ ਲੇਵਾ ਲੋਕ ਬਿਗਾਨੇ ਹੱਕਾਂ ਨੂੰ ਖਾਣਾ ਗਊ ਤੇ ਸੂਰ ਖਾਣ ਤੱਕ ਸਮਝਦੇ ਸਨ ਪਰ ਅੱਜ ਤਾਂ ਮੇਰੇ ਧਾਰਮਿਕ ਸਥਾਨਾਂ ਵਿੱਚ ਬੈਠੇ ਅਖੌਤੀ ਧਾਰਮਿਕ ਆਗੂ ਵੀ ਪਰਾਏ ਹੱਕ ਖਾਣ ਲੱਗੇ ਸ਼ਰਮ ਨਹੀਂ ਮੰਨਦੇ । ਪਰਾਏ ਹੱਕ ਖਾਣ ਤੋਂ ਅੱਗੇ ਜਾਕੇ ਧਰਮ ਕਰਮ ਲਈ ਦਿੱਤੇ ਦਾਨ ਵੀ ਖਾ ਜਾਣ ਤੇ ਡਕਾਰ ਵੀ ਨਹੀਂ ਵੱਜਣ ਦਿੰਦੇ ।
ਕਦੇ ਮੇਰੇ ਦੇਸ਼ ਵਿੱਚ ਵੱਸਣ ਵਾਲੇ ਲੋਕ ਕਿਰਤ ਨੂੰ ਸੱਭ ਤੋਂ ਉੱਤਮ ਸਮਝਦੇ ਸਨ ਪਰ ਹੁਣ ਸਰਕਾਰਾਂ ਤੇ ਬੰਦਿਆਂ ਦੀ ਗੁਲਾਮੀ ਕਰਨ ਨੂੰ ਉੱਤਮ ਸਮਝਦੇ ਹਨ। ਇਸ ਤਰਾਂ ਦੀਆਂ ਗੁਲਾਮੀਆਂ ਕਰਨ ਵਾਲੇ ਲੋਕਾਂ ਦਾ ਵੱਡਾ ਹਿੱਸਾ ਤਾਂ ਅੱਗੇ ਆਉਣ ਵਾਲੇ ਲੋਕਾਂ ਨੂੰ ਵੀ ਗੁਲਾਮ ਬਣਾਉਣ ਲਈ ਅਤੇ ਲੁੱਟਣ ਲਈ ਸਭ ਧਰਮ ਕਰਮ ਭੁੱਲ ਜਾਂਦੇ ਹਨ। ਕਿਰਤ ਕਰਨ ਵਾਲਿਆਂ ਦੀ ਸਰਕਾਰਾਂ ਦੇ ਭਾਈਵਾਲ ਬਣਕੇ ਵਪਾਰ ਕਰਨ ਵਾਲੇ ਅਤੇ ਗੁਲਾਮੀ ਕਰਨ ਵਾਲੇ ਨੌਕਰੀ ਪੇਸ਼ਾ ਲੋਕ ਆਪਣੀ ਦੁਸ਼ਮਣੀ ਕੱਢ ਰਹੇ ਹਨ ਅਤੇ ਪੁਰਾਣੀ ਕਹਾਵਤ ਉੱਤਮ ਕਿਰਤ ਨਖਿੱਧ ਚਾਕਰੀ ਅਤੇ ਮੱਧਮ ਵਪਾਰ ਨੂੰ ਵੀ ਉਲਟਾਉਣ ਲੱਗੇ ਹੋਏ ਹਨ। ਅੱਜ ਕੱਲ ਕਿਰਤ ਨਖਿੱਧ ਹੋਈ ਜਾ ਰਹੀ ਹੈ ਅਤੇ ਗੁਲਾਮੀ ਵਾਲੀ ਚਾਕਰੀ ਉੱਤਮ ਬਣ ਬੈਠੀ ਹੈ। ਕਿਰਤ ਦਾ ਸੱਭ ਤੋਂ ਵੱਡਾ ਰੂਪ ਖੇਤੀ ਕਰਨਾਂ ਘਾਟੇ ਦਾ ਸੌਦਾ ਹੋ ਗਿਆ ਹੈ। ਵਪਾਰ ਜੋ ਕਦੇ ਮੱਧਮ ਦਰਜੇ ਵਿੱਚ ਗਿਣਿਆ ਜਾਂਦਾ ਸੀ ਹੁਣ ਸਰਕਾਰਾਂ ਨਾਲ ਅਤੇ ਭਰਿਸ਼ਟਾਂ ਨਾਲ ਰੱਲਕੇ ਸਭ ਕੁੱਝ ਹੀ ਉਲਟਾਈ ਜਾ ਰਿਹਾ ਹੈ। ਵਪਾਰਾਂ ਦੇ ਮਾਲਕ ਲੋਕ ਤਾਂ ਰਾਜਸੱਤਾ ਵੀ ਆਪਣੀ ਮਰਜੀ ਦੀ ਬਣਵਾ ਰਹੇ ਹਨ ਵਪਾਰ ਦਾ ਧਰਮ ਰੋਜੀ ਰੋਟੀ ਨਾਂ ਰਹਿ ਕੇ ਦੌਲਤਾਂ ਦੇ ਭੰਡਾਰ ਖੜੇ ਕਰਨਾ ਬਣ ਗਿਆ ਹੈ।
ਕਿਸੇ ਵਕਤ ਮੇਰੇ ਪੰਜਾਬੀ ਖੇਤਰਾਂ ਵਿੱਚੋਂ ਸੱਚ ਧਰਮ ਦੀ ਅਵਾਜ ਉੱਠਿਆ ਕਰਦੀ ਸੀ ਜਿਸ ਨਾਲ ਨਿਤਾਣਿਆ ਨੂੰ ਤਾਣ ,ਨਿਮਾਣਿਆ ਨੂੰ ਮਾਣ ਅਤੇ ਨਿਓਟਿਆਂ ਨੂੰ ਓਟ ਮਿਲਦੀ ਸੀ ਪਰ ਅੱਜਕਲ ਤਾਂ ਸੱਚ ਧਰਮ ਦੀ ਥਾਂ ਝੂਠ ਵਾਲੀ ਰਾਜਨੀਤਕ ਅਵਾਜ ਹੀ ਧਰਮ ਦੇ ਨਾਂ ਤੇ ਚਾਰ ਚੁਫੇਰੇ ਗੂੰਜਦੀ ਹੈ ਜਿਸ ਨਾਲ ਮਸੂਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੈਂ ਪੰਜਾਬ ਕਦੇ ਇਸ ਤਰਾਂ ਦਾ ਬਣ ਜਾਵਾਂਗਾ ਕਦੇ ਚਿਤਵਿਆ ਵੀ ਨਹੀਂ ਸੀ ਪਰ ਜਦ ਦੀ ਸਿਆਸਤ ਧਰਮ ਤੋਂ ਉੱਪਰ ਹੋਕੇ ਚੱਲਣ ਲੱਗੀ ਹੈ ਤਦ ਤੋਂ ਮੇਰਾ ਇਹ ਬੁਰਾ ਹਾਲ ਹੋਇਆ ਹੈ। ਕਿਸੇ ਵਕਤ ਮੇਰੇ ਖੇਤਰ ਵਿੱਚ ਵੱਸਣ ਵਾਲੇ ਲੋਕ ਪਾਣੀ ਨੂੰ ਪਿਤਾ ਅਤੇ ਪਰਮਾਤਮਾ ਦਾ ਦਰਜਾ ਦਿੰਦੇ ਸਨ। ਪਾਣੀ ਪਿਤਾ ਦਾ ਖਿਤਾਬ ਦੇਕੇ ਬਾਬੇ ਨਾਨਕ ਨੇ ਜਲ ਨੂੰ ਸਤਿਕਾਰ ਦਿੱਤਾ ਸੀ ਅਤੇ ਆਮ ਲੋਕ ਭਾਸ਼ਾ ਵਿੱਚ ਜਲ ਮਿਲਿਆ ਪਰਮੇਸਰ ਮਿਲਿਆ ਕਹਿਕੇ ਮੇਰੇ ਲੋਕ ਜਲ ਦਾ ਆਦਰ ਕਰਦੇ ਸਨ ਪਰ ਹੁਣ ਮੇਰੇ ਉਹੀ ਪੰਜਾਬੀ ਜਲ ਦਾ ਉਹ ਬੁਰਾ ਹਾਲ ਕਰ ਰਹੇ ਹਨ ਜੋ ਕਦੀ ਸੋਚਿਆ ਵੀ ਨਹੀਂ ਜਾ ਸਕਦਾ। ਸ਼ਹਿਰਾਂ ਵਿੱਚ ਵੱਸਣ ਵਾਲੇ ਤਾਂ ਆਪਣਾ ਸਾਰਾ ਗੰਦ ਮੰਦ ਇਸ ਜਲ ਵਿੱਚ ਖਪਾਉਣਾ ਹੀ ਧਰਮ ਸਮਝਦੇ ਹਨ। ਸਰਕਾਰਾਂ ਜਲ ਨੂੰ ਪਲੀਤ ਕਰਵਾਉਣ ਲਈ ਕਾਰਖਾਨੇਦਾਰਾਂ ਦੀ ਤਰਫਦਾਰੀ ਕਰਦੀਆਂ ਹਨ। ਲੋਕਾਂ ਦਾ ਢਿੱਡ ਭਰਨ ਦੇ ਨਾਂ ਤੇ ਕਿਸਾਨ ਵਰਗ ਵੀ ਜਲ ਦੀ ਦੁਰਵਰਤੋਂ ਵੱਧ ਕਰ ਰਿਹਾ ਹੈ ਕਿਸ ਕਿਸ ਬਾਰੇ ਕੁੱਝ ਕਹਾਂ ਇੱਥੇ ਤਾਂ ਮੇਰੇ ਜੰਮਿਆਂ ਦਾ ਆਵਾ ਹੀ ਊਤ ਹੋ ਗਿਆ ਹੈ। ਜਿਸ ਕਿਸੇ ਪਾਸੇ ਨਿਗਾਹ ਮਾਰਦਾਂ ਹਾਂ ਤਾਂ ਮੈਂ ਸ਼ਰਮ ਨਾਲ ਮੂੰਹ ਢੱਕ ਲੈਂਦਾ ਹਾਂ, ਹੁਣ ਤਾਂ ਮੈਨੂੰ ਉਸ ਵਕਤ ਅਫਸੋਸ ਵੀ ਨਹੀਂ ਹੁੰਦਾ ਜਦੋਂ ਕੋਈ ਮੇਰਾ ਵਾਰਸ ਪੰਜਾਬੀ ਤੋਂ ਮੁਨੱਕਰ ਹੋ ਜਾਂਦਾਂ ਹੈ ਕਿਉਂਕਿ ਹੁਣ ਮੇਰੇ ਲੋਕ ਦੁਨੀਆਂ ਲਈ ਚੰਗੇ ਕੰਮਾਂ ਦੀ ਮਿਸਾਲ ਨਹੀਂ ਰਹਿ ਗਏ, ਹੁਣ ਤਾਂ ਹਰ ਮਾੜੇ ਕੰਮਾਂ ਵਿੱਚ ਮੇਰੇ ਜਾਏ ਜਰੂਰ ਸ਼ਾਮਿਲ ਹੁੰਦੇ ਹਨ। ਨਸ਼ਿਆਂ ਦੇ ਸੱਭ ਤੋਂ ਵੱਡੇ ਸੁਦਾਗਰ ਮੇਰੇ ਪੁੱਤ ਬਣ ਰਹੇ ਹਨ । ਸਮੈਕ ਗਾਂਜਾ ,ਕੋਕੀਨ ਵਰਗੇ ਭੈੜੇ ਨਸ਼ਿਆਂ ਦਾ ਰਾਹ ਵੀ ਮੇਰਾ ਘਰ ਪੰਜਾਬ ਹੀ ਬਣ ਗਿਆ ਹੈ। ਮੇਰੀਆਂ ਸਰਕਾਰਾਂ ਨੇ ਮੇਰੇ ਭਵਿੱਖ ਲਈ ਸ਼ਰਾਬ ਦੇ ਹੜ ਸਰਕਾਰੀ ਤੌਰ ਤੇ ਵਗਾ ਦਿੱਤੇ ਹਨ ਫਿਰ ਬਿਗਾਨਿਆਂ ਨੂੰ ਕੀ ਦੋਸ਼ ਦੇਵਾਂ। ਮੇਰਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ, ਮੈਨੂੰ ਸਮਝ ਨਹੀਂ ਲੱਗਦੀ ਮੇਰੇ ਕੋਲੋਂ ਕਿੱਥੇ ਗੱਲਤੀ ਹੋ ਗਈ ਹੈ। ਹੇ ਅਨੰਤ ਕੁਦਰਤ ਮੇਰੇ ਗੁਨਾਹ ਬਖਸ਼ ਅਤੇ ਮੇਰੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾ ਭੈੜੀਆਂ ਬਿਮਾਰੀਆਂ ਤੋਂ। ਇੱਕ ਵਾਰ ਫਿਰ ਮੇਰੇ ਲੋਕ ਗੁਰੂਆਂ ਦੇ ਨਾਂ ਤੇ ਜਿਉਣ ਲੱਗਣ………..। ਇਹ ਲੋਕ ਰਿਸ਼ੀਆਂ ਮੁਨੀਆਂ ਦੀ ਧਰਤੀ ਨੂੰ ਸਮਗਲਰਾਂ ਗੁੰਡਿਆਂ ਭਰਿਸ਼ਟਾਂ ਦੀ ਧਰਤੀ ਨਾਂ ਅਖਵਾਉਣ ਦੇਣ। ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਬਾਬੇ ਫਰੀਦ ਦੀ ਕਰਮ ਭੂਮੀ ਹੈ। ਰਾਮਰਾਜ ਦੀ ਜਨਮਦਾਤੀ ਹੈ, ਕਿਰਤੀਆਂ ਕਾਮਿਆਂ ਦੀ ਮਿਹਨਤ ਨਾਲ ਸਜੀ ਸੰਵਰੀ ਹੈ। ਇੱਥੋਂ ਸੱਚ ਦੀ ਅਵਾਜ ਉੱਠਦੀ ਰਹੀ ਹੈ ਅਤੇ ਅੱਗੇ ਤੋਂ ਵੀ ਇੱਥੋਂ ਸੱਚ ਧਰਮ ਦੀ ਅਤੇ ਗਿਆਨ ਦੀ ਅਵਾਜ ਉੱਠੇ, ਇਹ ਮੇਰੀ ਕਾਮਨਾਂ ਹੈ।