ਅੰਮ੍ਰਿਤਸਰ – ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੂੰ ਸਿੱਖਾਂ ਬਾਰੇ ਬਣਦੇ ਚੁਟਕਲਿਆਂ ‘ਤੇ ਰੋਕ ਲਾਉਣ ਤੋਂ ਇਨਕਾਰ ਕਰਨ ਦੇ ਫੈਸਲੇ ‘ਤੇ ਦੁਬਾਰਾ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿਉਂਕਿ ਅਜਿਹੇ ਚੁਟਕਲੇ ਸਿੱਖਾਂ ਦੇ ਅਕਸ ਨੂੰ ਢਾਹ ਲਗਾਉਣ ਲਈ ਜ਼ਿੰਮੇਵਾਰ ਬਣਦੇ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਦਫਤਰ ਤੋਂ ਜਾਰੀ ਇਕ ਪ੍ਰੈਸ ਨੋਟ ਵਿਚ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਹੈ ਅਤੇ ਸਿੱਖ ਕੌਮ ਮਾਨਵਤਾ ਦੇ ਹਮਦਰਦ ਵਜੋਂ ਮਾਨਤਾ ਰੱਖਦੀ ਹੈ। ਗੁਰਦੁਆਰਿਆਂ ਵਿਚ ਬਿਨਾਂ ਕਿਸੇ ਭੇਦ-ਭਾਵ ਦੇ ਲੋਕਾਂ ਨੂੰ ਲੰਗਰ ਛਕਾਉਣ ਅਤੇ ਕੁਦਰਤੀ ਆਫਤਾ ਸਮੇਂ ਦੇਸ਼ ਭਰ ‘ਚ ਬਿਨਾਂ ਕਿਸੇ ਜਾਤ-ਪਾਤ, ਰੰਗ-ਭੇਦ ਦੇ ਮਨੁੱਖਤਾ ਦੀ ਮਦਦ ਲਈ ਤੱਤਪਰ ਰਹਿਣ ਵਾਲੀ ਸਿੱਖ ਕੌਮ ਦੀ ਪਛਾਣ ਨੂੰ ਗਲਤ ਰੰਗ ਵਿਚ ਪੇਸ਼ ਕਰਦੇ ਚੁਟਕਲਿਆਂ ਵਿਚ ਸਿੱਖਾਂ ਨੂੰ ਮਜ਼ਾਕ ਦੇ ਪਾਤਰ ਬਣਾਇਆ ਜਾਂਦਾ ਹੈ। ਇਸ ਲਈ ਇਨਾਂ ਚੁਟਕਲਿਆਂ ‘ਤੇ ਰੋਕ ਲੱਗਣੀ ਬੇਹੱਦ ਜ਼ਰੂਰੀ ਹੋ ਜਾਂਦੀ ਹੈ। ਮਾਨਯੋਗ ਸਰਵਰਉੱਚ ਅਦਾਲਤ ਨੇ ਇਨਾਂ ‘ਤੇ ਕਿਵੇਂ ਰੋਕ ਲਾਈ ਜਾਵੇ, ਇਸ ਗੱਲ ‘ਤੇ ਅਸਮਰੱਥਾ ਪ੍ਰਗਟ ਕੀਤੀ ਹੈ। ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਕਿਹਾ ਕਿ ਇਹ ਗੱਲ ਤਾਂ ਬਿਲਕੁਲ ਵਾਜਿਬ ਨਹੀਂ ਖਾਸ ਕਰਕੇ ਜੇ ਸੁਪਰੀਮ ਕੋਰਟ ਹੀ ਅਜਿਹੀ ਅਸਮਰੱਥਾ ਪ੍ਰਗਟਾਏ ਤਾਂ ਫਿਰ ਫਰਿਆਦੀ ਕਿੱਥੇ ਜਾਏ। ਅਦਾਲਤ ਵੱਲੋਂ ਸਿੱਖਾਂ ਬਾਰੇ ਚੁਟਕਲਿਆਂ ‘ਤੇ ਰੋਕ ਨਾ ਲਗਾਉਣ ਨਾਲ ਸੰਸਾਰ ਭਰ ‘ਚ ਵੱਸਦੇ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਨੂੰ ਇਸ ਅਤਿ ਸੰਜੀਦਾ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਿਚ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰਨ ਲਈ ਦੁਬਾਰਾ ਨਜ਼ਰਸਾਨੀ ਕਰਨੀ ਚਾਹੀਦੀ ਹੈ।
ਸਿੱਖਾਂ ਬਾਰੇ ਚੁਟਕਲਿਆਂ ‘ਤੇ ਰੋਕ ਲਗਾਉਣ ਸਬੰਧੀ ਸੁਪਰੀਮ ਕੋਰਟ ਨੂੰ ਦੁਬਾਰਾ ਨਜ਼ਰਸਾਨੀ ਕਰਨ ਦੀ ਕੀਤੀ ਅਪੀਲ
This entry was posted in ਪੰਜਾਬ.