1955 ਦਾ ‘ਪੰਜਾਬੀ ਸੂਬਾ ਜਿੰਦਾਬਾਦ’ ਆਖਣ ਉਪਰ ਲੱਗੀ ਪਾਬੰਦੀ ਵਾਲਾ ਮੋਰਚਾ ਅਕਾਲੀਆਂ ਨੇ ਬੜੀ ਸ਼ਾਨ ਨਾਲ਼ ਜਿੱਤ ਲਿਆ। ਇਸ ਨਾਲ਼ ਸਿੱਖ ਜਨਤਾ ਵਿਚ ਆਮ ਕਰਕੇ ਅਤੇ ਅਕਾਲੀਆਂ ਵਿਚ ਖਾਸ ਕਰਕੇ, ਚੜ੍ਹਦੀਕਲਾ ਵਾਲ਼ਾ ਉਤਸ਼ਾਹਜਨਕ ਵਾਤਾਵਰਣ ਪ੍ਰਭਾਵੀ ਹੋ ਰਿਹਾ ਸੀ। ਅਜਿਹੇ ਵਾਤਾਵਰਣ ਦੌਰਾਨ ਹੀ ਅਗਲੇ ਸਾਲ ਦੇ ਸ਼ੁਰੂ ਵਿਚ ਅੰਮ੍ਰਿਤਸਰ ਵਿਖੇ ‘ਸਰਬ ਹਿੰਦ ਅਕਾਲੀ ਕਾਨਫ਼੍ਰੰਸ’ ਕਰਨ ਦਾ, ਅਕਾਲੀ ਲੀਡਰਸ਼ਿਪ ਨੇ ਫੈਸਲਾ ਕਰ ਲਿਆ। ਐਨ ਓਸੇ ਹੀ ਸਮੇ ਕਾਂਗਰਸ ਨੇ ਵੀ ਆਪਣੀ ‘ਆਲ ਇੰਡੀਆ ਕਾਨਫ਼੍ਰੰਸ’ ਤੇ ਜਨਸੰਘ ਨੇ ਵੀ ਆਪਣਾ ‘ਅਖਿਲ ਭਾਰਤੀ ਅਧਿਵੇਸ਼ਨ’ ਕਰਨ ਦਾ ਪ੍ਰੋਗਰਾਮ ਬਣਾ ਲਿਆ। ਪਹਿਲਾਂ ਕਿਸ ਨੇ ਪ੍ਰੋਗਰਾਮ ਬਣਾਇਆ ਤੇ ਬਾਅਦ ਵਿਚ ਰੀਸ ਕਿਸ ਨੇ ਕੀਤੀ, ਇਸ ਗੱਲ ਦਾ ਮੈਨੂੰ ਇਲਮ ਨਹੀ। ਅਸੀਂ ਓਹਨੀਂ ਦਿਨੀਂ ਤਰਨ ਤਾਰਨ ਵਿਖੇ ਰਹਿੰਦੇ ਸਾਂ। ਸਿੱਖਾਂ ਵਿਚ ਇਸ ਕਾਨਫ਼੍ਰੰਸ ਕਰਕੇ ਬੜਾ ਉਤਸ਼ਾਹ ਸੀ। ਮੈ ਵੀ ਰੌਣਕ ਮੇਲਾ ਵੇਖਣ ਲਈ ਤਰਨ ਤਾਰਨੋ ਬੱਸ ਤੇ ਬੈਠ ਕੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿਤੇ। ਰਸਤੇ ਵਿਚ ਥਾਂ ਥਾਂ ਉਤਸ਼ਾਹੀ ਸਿੱਖਾਂ ਵੱਲੋਂ, ਸਿੰਘਾਂ ਦੀਆਂ ਦਸਤਾਰਾਂ ਤੇ ਸਿੰਘਣੀਆਂ ਦੇ ਸਿਰ ਵਾਲ਼ੇ ਲੀੜੇ, ਨੀਲੇ ਰੰਗ ਵਿਚ ਰੰਗਣ ਲਈ ਭੱਠੀਆਂ ਚਾਹੜੀਆਂ ਹੋਈਆਂ ਸਨ। ਹਰੇਕ ਸਿੱਖ ਬੀਬੀ ਦਾ ਸਿਰ ਵਾਲ਼ਾ ਲੀੜਾ ਤੇ ਹਰੇਕ ਸਿੱਖ ਦੀ ਪੱਗ ਨੂੰ ਲੁਹਾ ਕੇ ਤਪ ਰਹੀ ਕੜਾਹੀ ਵਿਚ ਡੋਬ ਕੇ ਨੀਲੇ ਕੀਤੇ ਜਾ ਰਹੇ ਸਨ।
ਪਹਿਲਾਂ ਪਹਿਲਾਂ ਤਰਨ ਤਾਰਨੋ ਅੰਮ੍ਰਿਤਸਰ ਦੇ ਰਸਤੇ ਵਿਚ ਬਹੁਤੀਆਂ ਬੱਸਾਂ ਜਨਸੰਘੀਆਂ ਨਾਲ਼ ਭਰੀਆਂ ਹੋਈਆਂ ਹੀ ਜਾ ਰਹੀਆਂ ਦਿਸੀਆਂ ਸਨ ਜੋ ਕਿ ਖੱਟੀਆਂ ਟੋਪੀਆਂ ਪਾਈ, ਹੱਥਾਂ ਵਿਚ ਜਨਸੰਘੀ ਝੰਡੇ ਫੜੀ, ਅੰਮ੍ਰਿਤਸਰ ਵੱਲ ਨੂੰ ਧਾਈ ਕਰੀ ਜਾ ਰਹੇ ਸਨ। ਉਹਨਾਂ ਵੱਲੋਂ ਟਿਪੀਕਲ ਹਿੰਦੀ ਵਿਚ ਇਕ ਨਾਹਰਾ ਇਹ ਵੀ ਲਾਇਆ ਜਾ ਰਿਹਾ ਸੀ, “ਅੰਮ੍ਰਿਤਸਰ ਕੋ ਜਾਨੱਾ ਹੈ। ਮਹਾਂ ਪੰਜਾਬ ਬਨਾਨੱਾ ਹੈ।” ਯਾਦ ਰਹੇ ਕਿ ਜਿਥੇ ਅਕਾਲੀ ਉਸ ਸਮੇ ਦੇ ਪੰਜਾਬ ਵਿਚੋਂ ਹਿੰਦੀ ਬੋਲਣ ਵਾਲ਼ੇ ਇਲਾਕੇ ਛਾਂਗ ਕੇ, ਬਾਕੀ ਪੰਜਾਬ ਨੂੰ ਪੰਜਾਬੀ ਸੂਬੇ ਦੇ ਰੂਪ ਵਿਚ ਸਿਰਜਣਾ ਚਾਹੁੰਦੇ ਸਨ ਤਾਂ ਕਿ ਆਜ਼ਾਦੀ ਦੀ ਲੜਾਈ ਦੌਰਾਨ, ਕਾਂਗਰਸੀ ਲੀਡਰਾਂ ਵੱਲੋਂ ਸਿਖਾਂ ਨਾਲ਼ ਸਮੇ ਸਮੇ ਕੀਤੇ ਜਾਂਦੇ ਰਹੇ ਵਾਅਦਿਆਂ ਦੀ, ਕਿਸੇ ਹੱਦ ਤੱਕ ਪੂਰਤੀ ਹੋ ਸਕੇ ਤੇ ਦੇਸ ਵਿਚ ਰਾਜਸੀ ਤੌਰ ਤੇ ਸਿਖਾਂ ਦੀ ਆਵਾਜ਼ ਦਾ ਵੀ ਕੋਈ ਵਜਨ ਬਣਾਇਆ ਜਾ ਸਕੇ। ਦੂਜੇ ਪਾਸੇ ਕਾਂਗਰਸੀ ਤੇ ਜਨਸੰਘੀ ਫਿਰਕੂ ਦ੍ਰਿਸ਼ਟੀਕੋਣ ਵਾਲ਼ੇ ਸੱਜਣ ਸਿੱਖਾਂ ਦੀ ਨਿਗੂਣੀ ਤੋਂ ਨਿਗੂਣੀ ਰਾਜਸੀ ਬੇਹਤਰੀ ਤੋਂ ਵੀ ਚਿੜ੍ਹਦੇ ਸਨ ਤੇ ਉਸ ਸਮੇ ਦੇ ਪੰਜਾਬ ਵਿਚੋਂ ਹਿੰਦੀ ਭਾਸ਼ੀ ਇਲਾਕੇ ਕੱਢਣ ਦੇ ਉਲਟ, ਹਿਮਾਚਲ ਤੇ ਪੈਪਸੂ ਨੂੰ ਵੀ ਇਸ ਵਿਚ ਸ਼ਾਮਲ ਕਰਕੇ, ਤੇ ਪੰਜਾਬ ਨੂੰ ਮਹਾਂ ਪੰਜਾਬ ਬਣਾ ਕੇ, ਸਿੱਖਾਂ ਦੀ ਰਾਜਸੀ ਹਸਤੀ ਨੂੰ ਹੋਰ ਵੀ ਘਟਾਉਣਾ ਚਾਹੁੰਦੇ ਸਨ। ਅਜਿਹੇ ਫਿਰਕੂ ਮਾਹੌਲ ਵਿਚ ਓਹਨੀ ਦਿਨੀਂ ਇਹ ਤਿੰਨੇ ਕਾਨਫ਼੍ਰੰਸਾਂ ਇਕੋ ਸਮੇ ਤੇ ਇਕੋ ਸ਼ਹਿਰ, ਅੰਮ੍ਰਿਤਸਰ ਵਿਚ ਕੀਤੀਆਂ ਜਾ ਰਹੀਆਂ ਸਨ।
ਇਕੋ ਦਿਨ ਹੀ ਤਿੰਨਾਂ ਕਾਨਫ਼੍ਰੰਸਾਂ ਦੇ ਜਲੂਸ ਨਿਕਲ਼ੇ। ਦੂਜਿਆਂ ਦਾ ਤਾਂ ਪਤਾ ਨਹੀ ਕਿਥੋਂ, ਕਦੋਂ ਤੇ ਕਿਜੇਹੇ ਨਿਕਲ਼ੇ ਪਰ ਅਕਾਲੀਆਂ ਦਾ ਜਲੂਸ, ਗੁਰਦੁਆਰਾ ਬੁਰਜ ਬਾਬਾ ਫੂਲਾ ਸਿੰਘ ਜੀ ਤੋਂ ਸ਼ੁਰੂ ਹੋਇਆ। ਜਿਉਂ ਸਵੇਰ ਤੋਂ ਜਲੂਸ ਸ਼ੁਰੂ ਹੋਇਆ ਪਤਾ ਨਹੀ ਰਾਤ ਕਦੋਂ ਤੱਕ ਚੱਲਦਾ ਰਿਹਾ। ਪਹਿਲਾਂ ਯਾਰਾਂ ਯਾਰਾਂ ਦੀ ਕਤਾਰ ਤੇ ਫੇਰ ਹੋਰ ਵਧ ਤੇ ਅਖੀਰ ਵਿਚ ਫਿਰ ਖੁਲ੍ਹੇ ਹੀ ਛੱਡ ਦਿਤੇ ਗਏ; ਬਈ ਜਿਵੇਂ ਕਿਸੇ ਦਾ ਜੀ ਕਰਦਾ ਹੈ ਤੁਰ ਪਵੇ ਕਿਉਂਕਿ ਏਨੀ ਜਨਤਾ ਨੂੰ ਜਬਤ ਵਿਚ ਰੱਖਣਾ ਸੰਭਵ ਨਹੀ ਸੀ।
ਸਭ ਤੋਂ ਅੱਗੇ ਹਾਥੀ ਉਪਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਸ ਸਮੇ ਦੇ ਸਿੱਖ ਪੰਥ ਦੇ ਸਿਰਮੌਰ ਆਗੂ, ਸ਼੍ਰੀ ਮਾਨ ਮਾਸਟਰ ਤਾਰਾ ਸਿੰਘ ਜੀ, ਉਹਨਾਂ ਦੇ ਨਾਲ਼ ਸ. ਹੁਕਮ ਸਿੰਘ ਤੇ ਸ. ਹਰਬੰਸ ਸਿੰਘ ਮਜੀਠਾ, ਹਾਥੀ ਦੇ ਹੌਦੇ ਵਿਚ ਸਜੇ ਹੋਏ ਸਨ। ਮੈ ਇਸ ਜਲੂਸ ਵਿਚ ਹਾਲ ਗੇਟ ਤੋਂ ਬਾਹਰ ਉਚੇ ਪੁਲ਼ ਤੋਂ ਜਾ ਕੇ ਰਲ਼ਿਆ। ਬੜੇ ਜੋਸ਼ ਵਿਚ ਅਕਾਲੀ ਸਿੰਘ ਨਾਹਰੇ ਮਾਰਦੇ ਹੋਏ, ਪੰਡਾਲ਼ ਵੱਲ਼ ਵਧ ਰਹੇ ਸਨ ਜੋ ਕਿ ਸ਼ਹਿਰੋਂ ਬਹੁਤ ਹੀ ਦੂਰ, ਕਾਂਗਰਸ ਵੱਲੋਂ ਆਪਣੀ ਕਾਨਫ਼੍ਰੰਸ ਲਈ ਉਚੇਚੇ ਵਸਾਏ ਗਏ, ਸ਼ਹੀਦ ਨਗਰ, ਤੋਂ ਵੀ ਅੱਗੇ ਜਾ ਕੇ ਸਜਾਇਆ ਗਿਆ ਸੀ ਤੇ ਅਕਾਲੀਆਂ ਦਾ ਜਲੂਸ ਕਾਂਗਰਸ ਦੇ ਪੰਡਾਲ਼ ਦੇ ਅਗੋਂ ਦੀ ਲੰਘਦਾ ਸੀ। ਮੈ ਬਾਕੀ ਜਲੂਸ ਨਾਲ਼ੋਂ ਛੇਤੀ ਛੇਤੀ ਤੁਰ ਕੇ, ਦਿਨ ਹੁੰਦਿਆਂ ਹੀ ਪੰਡਾਲ਼ ਵਿਚ ਪੁੱਜ ਗਿਆ ਸਾਂ। ਵਿਸ਼ਾਲ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਤ ਹੋ ਰਿਹਾ ਸੀ। ਦੀਵਾਨ ਅਜੇ ਨਹੀ ਸੀ ਸਜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨੀਵੇ ਕਰਕੇ ਦੋਹੀਂ ਪਾਸੀਂ ਦੋ ਵੱਡੀਆਂ ਫੋਟੋ ਸਜਾਈਆਂ ਹੋਈਆਂ ਸਨ। ਇਕ ਫੋਟੋ, ਜੋ ਕਿ ਮਹਾਰਾਜ ਜੀ ਦੇ ਸੱਜੇ ਪਾਸੇ ਸੀ ਉਹ ਮਾਸਟਰ ਜੀ ਦੀ ਸੀ, ਤੇ ਉਸ ਉਪਰ ਲਿਖਿਆ ਹੋਇਆ ਸੀ: ਪੰਥ ਦੇ ਜਰਨੈਲ, ਸ੍ਰੀ ਮਾਨ ਮਾਸਟਰ ਤਾਰਾ ਸਿੰਘ ਜੀ। ਖੱਬੇ ਪਾਸੇ ਵਾਲ਼ੀ ਫੋਟੋ ਗਿਆਨੀ ਕਰਤਾਰ ਸਿੰਘ ਜੀ ਦੀ ਸੀ, ਜਿਸ ਉਪਰ ਲਿਖਿਆ ਹੋਇਆ ਸੀ: ਪੰਥ ਦੇ ਦਿਮਾਗ਼, ਗਿਆਨੀ ਕਰਤਾਰ ਸਿੰਘ ਜੀ।
ਮੈ ਤਾਂ ਛੇਤੀ ਹੀ ਪੰਡਾਲ਼ ਤੋਂ ਵਾਪਸੀ ਵਹੀਰਾਂ ਘੱਤ ਦਿਤੀਆਂ। ਕਾਰਨ ਸਨ: ਇਕ ਤਾਂ ਮੇਰਾ ਜਾਣਕਾਰ ਕੋਈ ਨਹੀ ਸੀ ਓਥੇ। ਦੂਜਾ, ਓਦੋਂ ਮੈਨੂੰ ਹੋਣ ਵਾਲ਼ੇ ਭਾਸ਼ਨਾਂ ਦੀ ਸਮਝ ਨਾ ਹੋਣ ਕਰਕੇ ਇਹਨਾਂ ਨੂੰ ਸੁਣਨ ਵਿਚ ਦਿਲਚਸਪੀ ਕੋਈ ਨਹੀ ਸੀ। ਤੀਜਾ, ਦਿਨੇ ਦਿਨੇ ਤਰਨ ਤਾਰਨ ਵਾਪਸ ਪੁੱਜਣਾ ਜਰੂਰੀ ਸੀ ਕਿਉਂਕਿ ਰਾਤ ਰਹਿਣ ਦੀ ਸਮੱਸਿਆ ਦੇ ਨਾਲ਼ ਨਾਲ਼ ਬੀਬੀ (ਮਾਂ) ਜੀ, ਜੋ ਕਿ ਵਾਹਵਾ ਹੀ ਕਰੜੇ ਸੁਭਾ ਦੇ ਸਨ, ਉਹਨਾਂ ਨੂੰ ਸਪੱਸ਼ਟੀਕਰਣ ਦੇਣਾ ਪੈਣਾ ਸੀ ਕਿ ਕਿਥੇ ਰਿਹਾ ਤੇ ਕਿਉਂ ਰਿਹਾ!
ਮੇਰੇ ਨਾਲ ਇਸ ਸਮੇ ਦੋ ਸਪੈਸ਼ਲ ਘਟਨਾਵਾਂ ਘਟੀਆਂ: ਇਕ ਤਾਂ ਜਦੋਂ ਮੈ ਵਾਪਸ ਮੁੜਦਿਆਂ ਉਚੇ ਪੁਲ਼ ਤੋਂ ਹੇਠਾਂ ਨੂੰ ਉਤਰ ਰਿਹਾ ਸੀ ਤਾਂ ਜੋਸ਼ ਵਿਚ ਜਾ ਰਹੇ ਸਿੰਘਾਂ ਵਿਚੋਂ ਇਕ ਦਾ ਘਸੁੰਨ ਮੇਰੇ ਕਲ਼ੇਜੇ ਵਿਚ ਪੂਰੇ ਜੋਰ ਨਾਲ਼ ਵੱਜਾ ਤੇ ਮੈ ਕੁਝ ਸਮਾ ਓਥੇ ਹੀ ਪੈਰਾਂ ਦੇ ਭਾਰ, ਬੈਠਾ ਰਿਹਾ ਤੇ ਮੈਨੂੰ ਦਿਨੇ ਹੀ ‘ਭੰਬਰ ਤਾਰੇ’ ਦਿਸਦੇ ਰਹੇ। ਕੁਝ ਚਿਰ ਪਿਛੋਂ ਸੰਭਲ਼ ਕੇ ਹੌਲ਼ੀ ਹੌਲ਼ੀ ਫੇਰ ਉਠ ਤੁਰਿਆ। ਫੇਰ ਤਰਨ ਤਾਰਨ ਪਹੁੰਚ ਕੇ ਪਤਾ ਲੱਗਾ ਕਿ ਮੇਰੇ ਮੋਢਿਆਂ ਤੋਂ ਗਰਮ ਲੋਈ ਵੀ ਉਸ ਰੌਣਕ ਵਿਚ ਕਿਧਰੇ ਉਡੰਤ ਹੋ ਗਈ ਸੀ। ਆਪਣੇ ਮੋਢੇ ਉਪਰੋਂ ਲੋਈ ਗਧੇ ਦੇ ਸਿਰੋਂ ਸਿਙਾਂ ਦੇ ਅਲੋਪ ਹੋਣ ਵਾਂਗ, ਗੁੰਮ ਹੋਈ ਜਾਣ ਕੇ, ਇਕ ਸਾਧ ਨਾਲ਼ ਵਾਪਰੀ ਘਟਨਾ ਚੇਤੇ ਆ ਗਈ: ਇਕ ਸੰਤ ਜੀ ਮੇਲਾ ਵੇਖਣ ਚਲੇ ਗਏ। ਉਸ ਮੇਲੇ ਵਿਚ ਉਹਨਾਂ ਦੀ ਭੂਰੀ ਗਵਾਚ ਗਈ। ਸੱਚੇ ਸੰਤ ਸਨ। ਭੂਰੀ, ਕਮੰਡਲ਼ ਤੇ ਲੰਗੋਟੀ ਤੋਂ ਬਿਨਾ ਉਹਨਾਂ ਦੇ ਕੋਲ਼ ਹੋਰ ਹੈ ਵੀ ਕੁਝ ਨਹੀ ਸੀ। ਉਹਨਾਂ ਨੂੰ ਭੂਰੀ ਦੇ ਗਵਾਚ ਜਾਣ ਤੇ ਕੁਝ ਖਿਝ ਜਿਹੀ ਵੀ ਆਈ ਹੋਈ ਸੀ। ਵਾਪਸੀ ਤੇ ਪਿੰਡ ਵਾਲ਼ੇ ਮੇਲੇ ਦਾ ਹਾਲ ਪੁੱਛਣ ਤੇ ਸੰਤ ਜੀ ਕੀ ਦੱਸਣ! ਅਖੀਰ ਖਿਝ ਕੇ ਆਪਣੇ ਮੁਖਾਰਬਿੰਦ ਤੋਂ ਕੁਝ ਇਸ ਤਰ੍ਹਾਂ ਉਚਰੇ: ਮੇਲਾ ਕਾਹਦਾ ਸੀ। ਸਾਰਾ ਇਕੱਠ ਸਾਧ ਦੀ ਭੂਰੀ ਚੁਰਾਉਣ ਵਾਸਤੇ ਹੀ ਕੀਤਾ ਹੋਇਆ ਸੀ। ਮੈ ਇਹ ਤਾਂ ਨਹੀ ਆਖ ਸਕਦਾ ਕਿ ਇਹ ਸਾਰੀ ‘ਕਾਨਾਫ਼ੂਸੀ’ ਮੇਰੀ ਲੋਈ ਲਾਹੁਣ ਵਾਸਤੇ ਹੀ ਕੀਤੀ ਗਈ ਸੀ ਪਰ ਉਹ ਉਸ ਹੱਲੇ ਗੁੱਲੇ ਵਿਚ ਗਵਾਚ ਜਰੂਰ ਗਈ ਸੀ।
ਫਿਰ ਖਾਸਾ ਸਮਾ ਲੋਕਾਂ ਕੋਲ਼ੋਂ ਇਸ ਕਾਨਫ਼੍ਰੰਸ ਦੀ ਸਫ਼ਲਤਾ ਦੀਆਂ ਗੱਲਾਂ ਸੁਣਦੇ ਰਹੇ। ਕੁਝ ਸਾਲਾਂ ਬਾਅਦ ਇਹ ਵੀ ਪਤਾ ਲੱਗਾ ਕਿ ਦੇਸ਼ ਵਿਦੇਸ਼ ਦੇ ਪ੍ਰੈਸ ਨੇ ਵੀ ਅਕਾਲੀਆਂ ਦੇ ਇਸ ਲਾ ਮਿਸਾਲ ਜਬਤ, ਜਲੂਸ, ਉਤਸ਼ਾਹ, ਇਕੱਠ ਆਦਿ ਦੀ ਹੈਰਾਨੀ ਨਾਲ਼ ਰੀਪੋਰਟਿੰਗ ਕੀਤੀ ਸੀ। ਇਹ ਵੀ ਸੁਣਿਆ ਕਿ ਕਾਂਗਰਸ ਦੇ ਪੰਡਾਲ ਦਾ ਖਾਣਾ ਮੁੱਕ ਜਾਣ ਤੇ ਉਹ ਅਕਾਲੀਆਂ ਦੇ ਲੰਗਰ ਵਿਚੋਂ ਪ੍ਰਸ਼ਾਦਾ ਛਕ ਕੇ ਜਾਂਦੇ ਰਹੇ। ਅਕਾਲੀਆਂ ਦਾ ਇਹ ਮਹਾਨ ਇਕੱਠ ਵੇਖ ਕੇ, ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਨਹਿਰੂ ਏਨੇ ਬੌਖ਼ਲਾ ਗਏ ਕਿ ਉਹਨਾਂ ਨੂੰ ਆਪਣੀ ਸਪੀਚ ਵਿਚ ਇਹ ਆਖਣ ਲਈ ਮਜਬੂਰ ਹੋਣਾ ਪਿਆ, “ਯਹ ਲੋਗ ਬੜੇ ਬੜੇ ਜਲੂਸ ਨਿਕਾਲ਼ ਕਰ ਹਮੇ ਡਰਾਨਾ ਚਾਹਤੇ ਹੈਂ! ਹਮ ਨਹੀ ਇਨ ਸੇ ਡਰਤੇ!” ਬੰਦਾ ਪੁੱਛੇ ਭਈ ਜੇ ਤੁਸੀਂ ਨਹੀ ਡਰਦੇ ਤਾਂ ਨਾ ਸਹੀ; ਇਹ ਆਖਣ ਦੀ ਕੀ ਲੋੜ ਪੈ ਗਈ! ਵੈਸੇ ਇਸ ਸਮੇ ਦੀ ਕਾਂਗਰਸ ਦੀ ਕਾਨਫ਼੍ਰੰਸ ਦੀ ਸਵਾਗਤੀ ਕਮੇਟੀ ਦੇ ਪ੍ਰਧਾਨ, ਪ੍ਰਸਿਧ ਸਿਖ ਵਿਦਵਾਨ, ਅਧਿਆਪਕ, ਪ੍ਰਚਾਰਕ, ਧਾਰਮਿਕ ਆਗੂ, ਸਾਹਿਤਕਾਰ, ਕਵੀ, ਆਜ਼ਾਦੀ ਘੁਲਾਟੀਏ, ਅਕਾਲ ਤਖ਼ਤ ਦੇ ਸਾਬਕ ਜਥੇਦਾਰ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਜੀ ਸਨ, ਜੋ ਕਿ ਬਹੁਤ ਪਿੱਛੋਂ ਪੰਜਾਬੀ ਸੂਬੇ ਦੇ ਪਹਿਲੇ ਮੁਖ ਮੰਤਰੀ ਬਣੇ ਪਰ ਸਿਰਫ ਚਾਰ ਮਹੀਨੇ ਤੇ ਅੱਠ ਦਿਨਾਂ ਵਾਸਤੇ ਹੀ। ਫਿਰ 1967 ਵਾਲ਼ੀ ਇਲੈਕਸ਼ਨ ਵਿਚ, ਅੰਮ੍ਰਿਤਸਰ ਦੇ ਪੱਛਮੀ ਹਲਕੇ ਤੋਂ ਆਪਣੀ ਸੀਟ ਵੀ ਹਾਰ ਗਏ। ਇਹ ਹਾਰ ਗਿਆਨੀ ਜੀ ਨੂੰ, ਸੱਜੇ ਕਮਿਊਨਿਸਟ ਕਾਮਰੇਡ ਸੱਤਪਾਲ ਡਾਂਗ ਦੇ ਹੱਥੋਂ ਹੋਈ। ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਉਸ ਸਮੇ ਸ੍ਰੀ ਯੂ. ਐਨ. ਧੇਬਰ ਸਨ।
ਇਸ ਕਾਨਫ਼੍ਰੰਸ ਦੇ ਜਲੂਸ ਸਮੇ ਹਾਥੀ ਉਪਰ ਸਵਾਰ ਹੋਏ ਮਾਸਟਰ ਤਾਰਾ ਸਿੰਘ ਜੀ ਦੀ ਫ਼ੋਟੋ ਬਹੁਤ ਪ੍ਰਸਿਧ ਹੋਈ ਤੇ ਦਹਾਕਿਆਂ ਤੱਕ ਪੰਥਕ ਸੋਚ ਵਾਲ਼ੇ ਸਿੱਖਾਂ ਦੇ ਘਰਾਂ ਦਾ ਸ਼ਿੰਗਾਰ ਬਣੀ ਰਹੀ; ਸਮੇਤ ਸਾਡੇ ਘਰ ਦੇ।
ਪੰਜ ਤੇ ਛੇ ਫਰਵਰੀ 1956 (ਸ. ਹਰਬੀਰ ਸਿੰਘ ਭੰਵਰ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਇਹ ਕਾਨਫ਼ੰਸ 11 ਢਰਵਰੀ ਨੂੰ ਹੋਈ ਸੀ। ਮੇਰੇ ਪਾਸ ਪੰਜ ਤੇ ਛੇ ਫਰਵਰੀ ਨੂੰ ਹੋਣ ਦਾ ਕੋਈ ਸਬੂਤ ਨਹੀਂ, ਸਿਵਾਇ ਨਿਜੀ ਯਾਦ ਦੇ। ਅਸੀਂ ਤਿੰਨੇ ਉਸ ਕਾਨਫ਼੍ਰੰਸ ਵਿਚ ਸ਼ਾਮਲ ਸਾਂ। ਉਹ ਦੋਵੇਂ ਵਿਦਵਾਨ ਸੱਜਣ 11 ਫਰਵਰੀ ਆਖਦੇ ਹਨ ਤੇ ਉਹ ਠੀਕ ਹੀ ਹੋ ਸਕਦੇ ਹਨ।) ਦੀ ਇਹ ‘ਸਰਬ ਹਿੰਦ ਅਕਾਲੀ ਕਾਨਫ਼੍ਰੰਸ’ ਜਿਥੇ ਸਿੱਖ ਪੰਥ ਅੰਦਰ ਨਵੇ ਉਤਸ਼ਾਹ ਦਾ ਕਾਰਨ ਬਣੀ ਓਥੇ ਸੰਸਾਰ ਦੇ ਵਾਸੀਆਂ ਤੇ ਸੰਸਾਰ ਮੀਡੀਆ ਲਈ ਹੈਰਾਨੀ ਦਾ ਕਾਰਣ ਅਤੇ ਪੰਥ ਵਿਰੋਧੀਆਂ ਦੇ ਹਿਰਦਿਆਂ ਅੰਦਰ ਈਰਖਾ ਉਪਜਾਉਣ ਦਾ ਕਾਰਨ ਵੀ ਬਣ ਗਈ।
ਇਸ ਕਾਨਫ਼੍ਰੰਸ ਦੀ ਸਫ਼ਲਤਾ ਪਿੱਛੋਂ ਹੀ ਅਕਾਲੀ ਦਲ ਤੇ ਕਾਂਗਰਸ ਵਿਚਾਲ਼ੇ ਸਮਝੌਤਾ ਹੋਇਆ ਜਿਸ ਦਾ ਨਾਂ ਰੱਖਿਆ ਗਿਆ:
ਰੀਜਨਲ ਫਾਰਮੂਲਾ
ਇਸ ਕਾਨਫ਼੍ਰੰਸ ਵਿਚ ਦਸ ਲੱਖ ਸਿੱਖਾਂ ਦੇ ਇਕੱਤਰ ਹੋਣ ਦਾ ਅਨੁਮਾਨ ਸੀ। ਇਸ ਕਾਨਫ਼੍ਰੰਸ ਨੇ ਇਹ ਸਾਬਤ ਕਰ ਦਿਤਾ ਕਿ ਸਿੱਖ ਇਕ ਮੁੱਠ ਨੇ, ਇਹਨਾਂ ਦਾ ਆਗੂ ਮਾਸਟਰ ਤਾਰਾ ਸਿੰਘ ਹੈ ਤੇ ਪੰਜਾਬੀ ਸੂਬਾ ਇਹਨਾਂ ਦੀ ਮੰਗ ਹੈ। ਸਿੱਖ ਕੌੰਮ ਦਾ ਏਕਾ ਅਤੇ ਜੋਸ਼ ਵੇਖ ਕੇ, ਕਾਂਗਰਸੀ ਲੀਡਰਾਂ ਦੇ ਦਿਲ ਕੁਝ ਦਹਿਲੇ। ਉਹਨਾਂ ਨੇ ਅਕਾਲੀਆਂ ਨਾਲ਼ ਪੰਜਾਬੀ ਸੂਬੇ ਬਾਰੇ ਗੱਲ ਬਾਤ ਆਰੰਭੀ। ਅਕਾਲੀਆਂ ਵੱਲੋਂ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਵਿਚ, ਸ. ਹੁਕਮ ਸਿੰਘ, ਗਿਆਨੀ ਕਰਤਾਰ ਸਿੰਘ, ਸ. ਗਿਆਨ ਸਿੰਘ ਰਾੜੇਵਾਲਾ ਅਤੇ ਚੀਫ਼ ਖਾਲਸਾ ਦੀਵਾਨ ਦੇ ਨੁਮਾਇੰਦੇ ਭਾਈ ਜੋਧ ਸਿੰਘ ਜੀ ਸ਼ਾਮਲ ਹੋਏ। ਕਾਂਗਰਸ ਵੱਲੋਂ ਪੰਡਤ ਜਵਾਹਰ ਲਾਲ ਨਹਿਰੂ, ਮੌਲਾਨਾ ਅਬੁਲ ਕਲਾਮ ਆਜ਼ਾਦ ਅਤੇ ਪੰਡਤ ਗੋਵਿੰਦ ਵਲਭ ਸ਼ਾਮਲ ਹੁੰਦੇ ਰਹੇ।
ਅਕਾਲੀ ਨੁਮਾਇੰਦਿਆਂ ਨਾਲ ਸਰਕਾਰ ਦੀ ਗੱਲ ਬਾਤ 22 ਫਰਵਰੀ ਤੋਂ 24 ਫਰਵਰੀ 1956 ਤੱਕ ਹੋਈ ਇਸ ਦੌਰਾਨ ਮਾਸਟਰ ਜੀ ਨੂੰ ਛੱਡ ਕੇ ਬਾਕੀ ਚਾਰਾਂ ਉਪਰ ਸਰਕਾਰ ਦਾ ਅਸਰ ਪੈ ਚੁੱਕਾ ਸੀ। ਚਾਰਾਂ ਨੂੰ ਹੀ ਸਰਕਾਰ ਨੇ, ਰਾਜਸੀ ਸ਼ਕਤੀ ਵਿਚ ਕਿਸੇ ਨਾ ਕਿਸੇ ਰੂਪ ਵਿਚ ਭਾਈਵਾਲ ਬਣਾ ਲੈਣ ਦਾ ਚੋਗਾ ਪਾ ਕੇ, ਆਪਣੇ ਨਾਲ ਜੋੜ ਲਿਆ ਹੋਇਆ ਸੀ। ਇਸ ਲਈ ਪੰਜਾਬੀ ਸੂਬੇ ਦੇ ਬਦਲ ਵਜੋਂ ਰੀਜਨਲ ਫਾਰਮੂਲਾ ਅਕਾਲੀਆਂ ਨੂੰ ਪੇਸ਼ ਕੀਤਾ ਗਿਆ। ਅਕਾਲੀ ਦਲ ਨੇ ਮਾਸਟਰ ਜੀ ਦੀ ਵਿਰੋਧਤਾ ਦੇ ਬਾਵਜੂਦ ਇਸ ਨੂੰ ਪਰਵਾਨ ਕਰ ਲਿਆ। ਅਕਾਲੀ ਦਲ ਨੇ ਮਾਸਟਰ ਜੀ ਅਤੇ ਉਹਨਾਂ ਦੇ ਸਾਥੀਆਂ ਦੇ ਪੰਜਾਬੀ ਸੂਬੇ ਉਪਰ ਜੋਰ ਦੇਣ ਦੇ ਜਵਾਬ ਵਿਚ, ਗਿਅਨੀ ਕਰਤਾਰ ਸਿੰਘ ਜੀ ਨੇ ਦਲੀਲ ਦਿਤੀ ਕਿ ਇਹ ਫਾਰਮੂਲਾ ਵਿਆਹ ਤੋਂ ਪਹਿਲਾਂ ਛੁਹਾਰਾ ਹੈ। ਇਸ ਲਈ ਇਸ ਨੂੰ ਪਰਵਾਨ ਕਰਨਾ ਚਾਹੀਦਾ ਹੈ। ਛੁਹਾਰਾ ਪਵੇਗਾ ਤਾਂ ਹੀ ਵਿਆਹ ਹੋਵੇਗਾ! ਗਿਆਨੀ ਜੀ ਦੀ ਦਲੀਲ ਅੱਗੇ ਸਭ ਲਾਜਵਾਬ ਹੋ ਜਾਇਆ ਕਰਦੇ ਸਨ। ਪਿਛਲੀ ਉਮਰੇ ਉਹਨਾਂ ਦੇ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਸਮੇ, ਦਲ ਦੀ ਹਾਈ ਕਮਾਡ ਦੀਆਂ ਮੀਟਿੰਗਾਂ ਵਿਚ ਉਹਨਾਂ ਨੂੰ ਬੋਲਦਿਆਂ ਮੈ ਕਈ ਵਾਰੀ ਸੁਣਿਆ ਸੀ।
ਇਸ ਫਾਰਮੂਲੇ ਅਨੁਸਾਰ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰਕੇ, ਪੰਜਾਬ ਨੂੰ ਹਿੰਦੀ ਅਤੇ ਪੰਜਾਬੀ, ਦੋ ਜ਼ੋਨਾਂ ਵਿਚ ਵੰਡਣਾ ਸੀ। ਹਿਮਾਚਲ ਵੱਖਰਾ ਰਹਿਣਾ ਸੀ। ਦੋਹਾਂ ਜ਼ੋਨਾਂ ਦੀਆਂ ਵੱਖ ਵੱਖ ਕੌਂਸਲਾਂ ਹੋਣੀਆਂ ਸਨ ਜਿਨ੍ਹਾਂ ਪਾਸ, ਲਾ ਐਂਡ ਆਰਡਰ, ਟੈਕਸ ਅਤੇ ਫਾਈਨੈਂਸ ਨੂੰ ਛੱਡ ਕੇ, ਬਾਕੀ ਸਾਰੇ ਮਹਿਕਮੇ ਹੋਣੇ ਸਨ। ਇਹਨਾਂ ਕਮੇਟੀਆ ਵੱਲੋਂ ਕੀਤੇ ਗਏ ਫੈਸਲੇ ਵਜ਼ਾਰਤ ਉਪਰ ਵੀ ਲਾਗੂ ਹੋਣੇ ਸਨ। ਝਗੜਾ ਹੋਣ ਤੇ ਗਵਰਨਰ ਦਾ ਫੈਸਲਾ ਆਖਰੀ ਹੋਣਾ ਸੀ। ਪੰਜਾਬੀ ਜ਼ੋਨ ਦੀ ਬੋਲੀ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਅਤੇ ਹਿੰਦੀ ਜ਼ੋਨ ਦੀ ਹਿੰਦੀ ਹੋਣੀ ਸੀ। ਮਾਸਟਰ ਜੀ ਇਸ ਫਰਮੂਲੇ ਨੂੰ ਮੰਨਣ ਲਈ ਤਿਆਰ ਨਹੀ ਸਨ ਪਰ ਦਲ ਦੀ ਬਹੁਸੰਮਤੀ ਨੇ ਪ੍ਰਵਾਨ ਕਰ ਲਿਆ।
ਰੀਜਨਲ ਫਾਰਮੂਲਾ ਬਣ ਗਿਆ। ਪੈਪਸੂ ਪੰਜਾਬ ਵਿਚ ਸਾਮਲ ਹੋ ਕੇ ਦੋ ਜ਼ੋਨਾਂ, ਹਿੰਦੀ ਅਤੇ ਪੰਜਾਬੀ ਵਿਚ, ਵੰਡਿਆ ਗਿਆ। ਅਕਾਲੀ ਦਲ ਨੇ ਬਹੁਸੰਮਤੀ ਨਾਲ, ਰਾਜਸੀ ਤੌਰ ਤੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਵੀ ਕਰ ਲਿਆ ਤੇ ਮਾਸਟਰ ਜੀ ਜਾਂ ਹੋਰ ਇਕਾ ਦੁਕਾ ਨੂੰ ਛੱਡ ਕੇ ਸਾਰੇ ਹੀ ਮੁਖੀ ਅਕਾਲੀ ਕਾਂਗਰਸ ਵਿਚ ਸ਼ਾਮਲ ਹੋ ਗਏ। 1957 ਦੀਆਂ ਚੋਣਾਂ ਅਕਾਲੀਆਂ ਨੇ ਕਾਂਗਰਸ ਨਾਲ਼ ਰਲ ਕੇ, ਕਾਂਗਰਸ ਟਿਕਟ ਉਪਰ ਲੜੀਆਂ। ਦੋ ਕੁ ਦਰਜਨ ਅਕਾਲੀ, ਕਾਂਗਰਸ ਟਿਕਟ ਉਪਰ ਅਸੈਂਬਲੀ ਦੇ ਮੈਬਰ ਅਤੇ ਤਿੰਨ ਐਮ. ਪੀ. ਬਣ ਗਏ। ਗਿ. ਕਰਤਾਰ ਸਿੰਘ ਅਤੇ ਸ. ਗਿਆਨ ਸਿੰਘ ਰਾੜੇਵਾਲ਼ਾ ਨੂੰ ਪੰਜਾਬ ਵਿਚ ਵਜੀਰ ਬਣਾ ਦਿਤਾ ਗਿਆ ਅਤੇ ਸੈਂਟਰ ਵਿਚਲੀ, ਸ. ਹੁਕਮ ਸਿੰਘ ਦੀ ਡਿਪਟੀ ਸਪੀਕਰੀ ਵੀ ਕਾਇਮ ਰਹੀ ਜੋ ਕਿ ਇਹ ਸਮਝੌਤਾ ਕਰਵਾਉਣ ਦੇ ਬਦਲੇ ਵਿਚ ਪਹਿਲਾਂ ਹੀ ਪੰਡਤ ਨਹਿਰੂ ਨੇ ਦੇ ਦਿਤੀ ਸੀ। ਸਮਝੌਤਾ ਕਰਨ ਵਾਲ਼ੇ ਮਾਸਟਰ ਜੀ ਦੇ ਚਾਰ ਸਾਥੀਆਂ ਵਿਚੋਂ, ਬਾਕੀ ਇਕ ਬਚੇ, ਭਾਈ ਜੋਧ ਸਿੰਘ ਜੀ ਨੂੰ, ਫੌਰੀ ਤੌਰ ਤੇ ਮਿਲ਼ੇ ਇਨਾਮ ਦਾ ਤਾਂ ਪਤਾ ਨਹੀ ਪਰ ਉਹਨਾਂ ਨੂੰ ਬਾਅਦ ਵਿਚ ਬਣਨ ਵਾਲੀ ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣਾ ਦਿਤਾ ਗਿਆ।
ਇਸ ਤਰ੍ਹਾਂ ਚਾਰਾਂ ਨੂੰ ਹੀ ਸਰਕਾਰ ਵੱਲੋਂ ਉਹਨਾਂ ਦੀ ‘ਸੇਵਾ’ ਦਾ ਇਨਾਮ ਦੇ ਦਿਤਾ ਗਿਆ।
ਇਸ ਸਮਝੌਤੇ ਉਪਰ ਅਮਲ ਸਰਕਾਰ ਵੱਲੋਂ ਓਵੇਂ ਹੀ ਕੀਤਾ ਗਿਆ ਜਿਵੇਂ ਸਿੱਖਾਂ ਨਾਲ ਦੂਜੇ ਸਮਝੌਤਿਆਂ ਬਾਰੇ ਹੁੰਦਾ ਰਿਹਾ ਸੀ ਤੇ ਹੁਣ ਵੀ ਹੁੰਦਾ ਹੈ।
ਓਹਨੀਂ ਦਿਨੀਂ ਪੰਡਤ ਨਹਿਰੂ ਦੇ ਹੱਥ ਸਰਦਾਰ ਕੈਰੋਂ ਰੂਪੀ ਕੁਹਾੜੇ ਦਾ ਦਸਤਾ ਆ ਚੁੱਕਾ ਸੀ ਤੇ ਉਸ ਨੇ ਪੰਜਾਬ ਸਾਰਾ ਕੈਰੋਂ ਦੇ ਹਵਾਲੇ ਹੀ ਕਰ ਦਿਤਾ ਸੀ। ਸਰਦਾਰ ਕੈਰੋਂ ਨੂੰ ਲਾਭ ਸਿੱਖ ਸਰਕਾਰ ਟੱਕਰ ਵਿਚ ਹੀ ਸੀ ਨਾ ਕਿ ਸਮਝੌਤੇ ਵਿਚ ਕਿਉਂਿਕ ਜੇ ਸਰਕਾਰ ਤੇ ਸਿਖਾਂ ਵਿਚ ਸੁਲਾਹ ਰਹੇ ਤਾਂ ਫਿਰ ਸਰਕਾਰ ਨੂੰ ਉਸ ਦੀ ਲੋੜ ਨਹੀ ਸੀ ਰਹਿੰਦੀ।
ਅਸਲ ਵਿਚ ਸਰਦਾਰ ਕੈਰੋਂ ਵੀ ਸਰਕਾਰ ਅਤੇ ਅਕਾਲੀਆਂ ਵਿਚਲੇ ਇਸ ਸਮਝੌਤੇ ਨੂੰ ਤਾਰਪੀਡੋ ਕਰਨਾ ਚਾਹੁੰਦਾ ਸੀ ਤੇ ਸਰਕਾਰ ਵੀ ਇਸ ਬਾਰੇ ਗੰਭੀਰ ਨਹੀ ਸੀ। ਅਕਾਲੀਆਂ ਦੇ ਆਗੂ ਮਾਸਟਰ ਜੀ ਪਹਿਲਾਂ ਹੀ ਇਸ ਬਾਰੇ ਸਹਿਮਤ ਨਹੀ ਸਨ। ਫੌਰੀ ਬਹਾਨਾ ਇਕ ਇਹ ਵੀ ਬਣ ਗਿਆ ਕਿ ਸਰਦਾਰ ਕੈਰੋਂ ਪੰਜਾਬੀ ਰੀਜਨਲ ਕਮੇਟੀ ਦਾ ਚੇਅਰਮੈਨ ਸ. ਦਰਬਾਰਾ ਸਿੰਘ ਨੂੰ ਬਣਾਉਣਾ ਚਾਹੁੰਦਾ ਸੀ ਪਰ ਅਕਾਲੀਆਂ ਨੇ ਸੇਠ ਰਾਮ ਨਾਥ ਜੈਤੋ ਵਾਲੇ ਨੂੰ ਬਣਾ ਦਿਤਾ। ਅਕਾਲੀਆਂ ਦਾ ਇਹ ਵਿਚਾਰ ਸੀ ਕਿ ਪੰਜਾਬ ਦੇ ਮੁਖੀ ਹਿੰਦੂਆਂ ਵਿਚੋਂ ਕੇਵਲ ਸੇਠ ਜੀ ਹੀ ਸਨ ਜਿਨ੍ਹਾਂ ਨੇ ਪੰਜਾਬੀ ਸੂਬੇ ਦੀ ਮੰਗ ਦੀ ਹਿਮਾਇਤ ਕੀਤੀ ਸੀ। ਇਸ ਕਰਕੇ ਉਹਨਾਂ ਨੂੰ ਮਾਣ ਦਿਤਾ ਜਾਣਾ ਚਾਹੀਦਾ ਹੈ। ਕੈਰੋਂ ਇਸ ਗੱਲੋਂ ਖਿਝ ਗਿਆ ਤੇ ਉਸ ਨੇ ਰੀਜਨਲ ਫਾਰਮੂਲੇ ਤੇ ਅਮਲ ਨਾ ਹੋਣ ਦੇਣ ਦਾ ਖੁਲ੍ਹਮ ਖੁਲ੍ਹਾ ਤਹੱਈਆ ਕਰ ਲਿਆ। ਏਥੋਂ ਤੱਕ ਕਿ ਉਸ ਨੇ ਅਸੈਂਬਲੀ ਕੰਪਲੈਕਸ ਵਿਚ, ਸੇਠ ਜੀ ਨੂੰ ਪੰਜਾਬੀ ਰੀਜਨ ਦੀ ਕਮੇਟੀ ਦਾ ਦਫ਼ਤਰ ਬਣਾਉਣ ਲਈ ਕਮਰਾ ਵੀ ਨਾ ਲੈਣ ਦਿਤਾ।
ਇਮਾਨਦਾਰੀ ਨਾਲ਼ ਇਸ ਫਾਰਮੂਲੇ ਉਪਰ ਅਮਲ ਨਾ ਹੋਇਆ ਤੇ ਜਨਵਰੀ 1959 ਵਿਚ ਦਲ ਨੇ ਇਸ ਸਮਝੌਤੇ ਨੂੰ ਰਸਮੀ ਤੌਰ ਤੇ ਵੀ ਤੋੜ ਦਿਤਾ। ਮਾਸਟਰ ਜੀ ਨੇ ਆਖ ਦਿਤਾ ਕਿ ਸਰਕਾਰ ਨਾਲ ਸਾਡਾ ਹੋਇਆ ਸਮਝੌਤਾ, ਸਰਕਾਰ ਦੀ ਬੇਈਮਾਨੀ ਕਰਕੇ ਟੁੱਟ ਚੁਕਾ ਹੈ। ਇਸ ਤਰ੍ਹਾਂ ਰੀਜਨਲ ਫਾਰਮੂਲੇ ਦਾ ਭੋਗ ਪੈ ਗਿਆ ਤੇ ਪੰਜਾਬੀ ਸੂਬੇ ਲਈ ਮੁੜ ਜਦੋ ਜਹਿਦ ਸੁਰੂ ਹੋ ਗਈ। ਸਰਕਾਰ ਨੇ ਗਿਆਨੀ ਕਰਤਾਰ ਸਿੰਘ ਨੂੰ ਅੱਗੇ ਲਾ ਕੇ, 1958 ਵਿਚ ਸ੍ਰੋਮਣੀ ਕਮੇਟੀ ਵੀ ਅਕਲੀਆਂ ਹੱਥੋਂ ਖੋਹ ਲਈ। ਅਕਾਲੀ ਦਲ ਨੇ ਅਕਾਲੀ ਐਮ. ਐਲ. ਏਜ਼. ਨੂੰ ਕਾਂਗਰਸ ਵਿਚੋਂ ਬਾਹਰ ਆ ਜਾਣ ਤੇ ਅਸੈਂਬਲੀ ਵਿਚ ਵੱਖਰਾ ਪੰਥਕ ਗਰੁਪ ਬਣਾ ਕੇ ਬੈਠਣ ਲਈ ਆਖ ਦਿਤਾ। ਸਾਰਿਆਂ ਵਿਚੋਂ ਸਿਰਫ ਅੱਠ ਹੀ ਬਾਹਰ ਆਏ ਸਨ। ਉਹ ਅੱਠ, ਸ. ਸਰੂਪ ਸਿੰਘ, ਸ. ਆਤਮਾ ਸਿੰਘ, ਸ. ਗੁਰਬਖਸ਼ ਸਿੰਘ ਸ. ਹਰਗੁਰਨਾਦ ਸਿੰਘ, ਸ. ਧੰਨਾ ਸਿੰਘ ਗੁਲਸ਼ਨ, ਕੰਵਰਾਣੀ ਜਗਦੀਸ਼ ਕੌਰ, ਮਾਸਟਰ ਪ੍ਰਤਾਪ ਸਿੰਘ ਅਤੇ ਸ. ਊਧਮ ਸਿੰਘ ਸਨ। ਉਹਨਾਂ ਵਿਚੋਂ ਵੀ ਉਹਨਾਂ ਦੇ ਲੀਡਰ, ਸ. ਸਰੂਪ ਸਿੰਘ ਨੂੰ ਸਰਦਾਰ ਕੈਰੋਂ ਨੇ ਵਾਪਸ ਖਿੱਚ ਲਿਆ।
1960 ਦੀ ਚੋਣ ਵਿਚ ਫਿਰ ਅਕਾਲੀਆਂ ਨੇ ਸ਼੍ਰੋਮਣੀ ਕਮੇਟੀ ਉਪਰ ਕਬਜਾ ਕਰਕੇ, ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਬਿਗਲ ਵਜਾ ਦਿਤਾ ਤੇ 57129 ਬੰਦੇ ਜੇਹਲਾਂ ਵਿਚ ਗਏ ਪਰ ਕੈਰੋਂ ਨੇ ਆਪਣੀ ‘ਸਿਆਸਤ’ ਨਾਲ ਇਹ ਸਾਰੀ ਜਦੋ ਜਹਿਦ ਨਾਕਾਮ ਕਰ ਦਿਤੀ।
ਪੂਰਾ ਵਿਸਥਾਰ ਜਾਨਣ ਲਈ, ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਦੀ ਕਿਤਾਬ ‘ਮੁਕੰਮਲ ਸਿੱਖ ਤਵਾਰੀਖ’ ਅਤੇ ਸ. ਅਜੀਤ ਸਿੰਘ ਸਰਹੱਦੀ ਜੀ ਦੀ ਕਿਤਾਬ ‘ਪੰਜਾਬੀ ਸੂਬੇ ਦੀ ਗਾਥਾ’ ਪੜ੍ਹੋ।