ਫ਼ਤਹਿਗੜ੍ਹ ਸਾਹਿਬ – ਜੇਕਰ ਕੋਈ ਭਾਰਤੀ ਨਾਗਰਿਕ ਜਾਂ ਵਿਦੇਸ਼ੀ ਨਾਗਰਿਕ ਕਾਨੂੰਨ ਤੋੜਦਾ ਹੈ ਜਾਂ ਅਪਰਾਧਿਕ ਕਾਰਵਾਈ ਕਰਦਾ ਹੈ ਤਾਂ ਉਸ ਅਪਰਾਧੀ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਤਾਂ ਭਾਰਤੀ ਵਿਧਾਨ ਗੱਲ ਕਰਦਾ ਹੈ, ਪਰ ਕਿਸੇ ਭਾਰਤੀ ਜਾਂ ਵਿਦੇਸ਼ੀ ਨਾਗਰਿਕ ਨੂੰ ਪੁਲਿਸ, ਬੀਐਸਐਫ ਜਾਂ ਹੋਰ ਅਰਧ ਸੈਨਿਕ ਬਲਾਂ ਵੱਲੋਂ ਗੋਲੀ ਮਾਰਕੇ ਖ਼ਤਮ ਕਰ ਦੇਣ ਦਾ ਹੱਕ ਬਿਲਕੁਲ ਨਹੀਂ ਦਿੰਦਾ। ਕਿਉਂਕਿ ਵਿਧਾਨ ਦੀ ਧਾਰਾ 21 ਹਰ ਨਾਗਰਿਕ ਦੀ ਜਿੰਦਗੀ ਦੀ ਹਿਫ਼ਾਜਤ ਤੇ ਆਜ਼ਾਦੀ ਦਾ ਹੱਕ ਦਿੰਦੀ ਹੈ। ਇਸ ਲਈ ਜੋ ਬੀਐਸਐਫ ਵੱਲੋਂ ਭਾਰਤ-ਪਾਕਿ ਸਰਹੱਦ ਤੇ ਇਕ ਨਿਹੱਥੇ ਪਾਕਿਸਤਾਨੀ ਨਾਗਰਿਕ ਨੂੰ ਬੀਤੇ ਦਿਨੀਂ ਗੋਲੀ ਮਾਰਕੇ ਮਾਰ ਦਿੱਤਾ ਗਿਆ ਹੈ, ਇਹ ਭਾਰਤੀ ਵਿਧਾਨ ਦੀ ਧਾਰਾ 21 ਦੀ ਤਾਂ ਘੋਰ ਉਲੰਘਣਾ ਹੈ ਹੀ। ਇਹ ਅਮਲ ਮਨੁੱਖੀ ਅਧਿਕਾਰਾਂ ਦੇ ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਦਾ ਵੀ ਘਾਣ ਕਰਨ ਵਾਲੇ ਹਨ। ਜਦੋਂਕਿ ਅਜਿਹੇ ਸਮੇਂ ਉਸ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਬਣਦੀ ਸੀ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀ ਕਾਰਵਾਈ ਨੂੰ ਕਤਈ ਵੀ ਜਾਇਜ਼ ਨਹੀਂ ਠਹਿਰਾ ਸਕਦਾ ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਭਾਰਤ-ਪਾਕਿ ਸਰਹੱਦ ਉਤੇ ਬੀਐਸਐਫ ਵੱਲੋਂ ਇਕ ਨਿਹੱਥੇ ਪਾਕਿਸਤਾਨੀ ਨਾਗਰਿਕ ਨੂੰ ਗੋਲੀ ਮਾਰਕੇ ਮਾਰ ਦੇਣ ਦੇ ਮਨੁੱਖਤਾ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਆਪਣੇ ਹੀ ਭਾਰਤੀ ਵਿਧਾਨ ਦੀ ਧਾਰਾ 21 ਦੀ ਉਲੰਘਣਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਪਹਿਲੇ ਵੀ ਇਸੇ ਤਰ੍ਹਾਂ ਕਈ ਪੰਜਾਬੀਆਂ, ਸਿੱਖਾਂ ਜਾਂ ਪਾਕਿਸਤਾਨੀਆਂ ਨੂੰ ਬੀਐਸਐਫ ਵੱਲੋਂ ਜਾਨੋ ਮਾਰ ਦੇਣ ਦੇ ਦੁੱਖਦਾਇਕ ਅਮਲ ਹੁੰਦੇ ਰਹੇ ਹਨ। ਜੋ ਕਿ ਇਨਸਾਨੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਜਿਹੀਆਂ ਕਾਰਵਾਈਆਂ ਬੰਦ ਹੋਣੀਆਂ ਚਾਹੀਦੀਆ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਵੀ ਅਪਰਾਧਿਕ ਜਾਂ ਗੈਰ-ਇਨਸਾਨੀ ਕਾਰਵਾਈ ਨੂੰ ਬਿਲਕੁਲ ਵੀ ਮਾਨਤਾ ਨਹੀਂ ਦਿੰਦਾ। ਪਰ ਅਜਿਹੇ ਕਿਸੇ ਅਪਰਾਧਿਕ ਕਾਰਵਾਈ ਨਾਲ ਸੰਬੰਧਤ ਇਨਸਾਨ ਨੂੰ ਬੀਐਸਐਫ ਜਾਂ ਕਿਸੇ ਫੋਰਸ ਵੱਲੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਦੇ ਹੋਏ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਤਾਂ ਰੱਖਦੇ ਹਨ, ਨਾ ਕਿ ਕਿਸੇ ਦੀ ਜਾਨ ਲੈਣ ਦਾ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਬੀਤੇ ਸਮੇਂ ਵਿਚ ਪੰਜਾਬ ਦੀਆਂ ਸਰਹੱਦਾਂ ਤੇ ਅਪਰਾਧੀ ਜਾਂ ਸਮੱਗਲਰ ਜਾਂ ਅੱਤਵਾਦੀ ਕਹਿਕੇ ਕਿਸੇ ਤੋਂ ਜਿੰਦਗੀ ਦਾ ਹੱਕ ਖੋਹ ਲੈਣ ਦੀ ਕਤਈ ਵੀ ਪੈਰਵੀ ਨਹੀਂ ਕਰੇਗਾ । ਬਲਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਇਨਸਾਨੀ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣ ਦੇ ਫਰਜ ਪੂਰਣ ਕਰਦਾ ਹੋਇਆ ਜਦੋਂ ਵੀ ਹਿੰਦੂਸਤਾਨੀ ਫੋਰਸਾਂ ਵੱਲੋ ਅਜਿਹੇ ਅਮਲ ਸਾਹਮਣੇ ਆਉਣਗੇ, ਤਾਂ ਅਸੀਂ ਉਸ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਇਨਸਾਨੀ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਤੋਂ ਕਤਈ ਪਿੱਛੇ ਨਹੀਂ ਹਟਾਂਗੇ ।