ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਸਬੰਧੀ ਆਪਣੀ ਨੀਤੀ ਵਿੱਚ ਬਦਲਾਅ ਕਰਦੇ ਹੋਏ ‘ਵੰਨ ਚਾਈਨਾ’ ਨੀਤੀ ਦਾ ਸਮੱਰਥਨ ਕਰਨ ਦੀ ਗੱਲ ਕੀਤੀ ਹੈ। ਟਰੰਪ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦਰਮਿਆਨ ਫੋਨ ਤੇ ਹੋਈ ਗੱਲਬਾਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ‘ਇੱਕ ਚੀਨ’ ਦੀ ਨੀਤੀ ਦਾ ਆਦਰ ਕਰਨ ਲਈ ਸਹਿਮੱਤ ਹੋ ਗਏ ਹਨ। ਚੀਨ ਨੇ ਟਰੰਪ ਦੇ ਇਸ ਫੈਂਸਲੇ ਦੀ ਸਲਾਘਾ ਕੀਤੀ ਹੈ। ਵਾਈਟ ਹਾਊਸ ਅਨੁਸਾਰ ਅਮਰੀਕੀ ਅਤੇ ਚੀਨ ਦੇ ਪ੍ਰਤੀਨਿਧੀ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਵਟਾਂਦਰਾ ਅਤੇ ਚਰਚਾ ਕਰਨਗੇ।
ਵਾਈਟ ਹਾਊਸ ਅਨੁਸਾਰ ਦੋਵਾਂ ਦੇਸ਼ਾਂ ਦੇ ਮੁੱਖੀਆਂ ਨੇ ਇੱਕ ਦੂਸਰੇ ਨੂੰ ਆਪਣੇ ਦੇਸ਼ ਆਉਣ ਦਾ ਨਿਓਤਾ ਦਿੱਤਾ। ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿੱਚ ਫੋਨ ਤੇ ਲੰਬੀ ਗੱਲਬਾਤ ਹੋਈ। ਅਮੀਕੀ ਪ੍ਰਸ਼ਾਸਨ ਅਨੁਸਾਰ, ‘ਰਾਸ਼ਟਰਪਤੀ ਟਰੰਪ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਵਿੱਚ ਫ਼ੋਨ ਤੇ ਹੋਈ ਗੱਲਬਾਤ ਬਹੁਤ ਹੀ ਸਫ਼ਲ ਰਹੀ ਅਤੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਇੱਕ ਦੂਸਰੇ ਦੇ ਦੇਸ਼ ਦੇ ਲੋਕਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ।’ ਦੋਵਾਂ ਦੇਸ਼ਾਂ ਵੱਲੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਬੰਧਾਂ ਵਿੱਚ ਹੋਰ ਵੀ ਸੁਧਾਰ ਹੋਣਗੇ। ਟਰੰਪ ਨੇ ਵੀ ਇਹ ਮੰਨਿਆ ਹੈ ਕਿ ਚੀਨ ਅਤੇ ਅਮਰੀਕਾ ਦਰਮਿਆਨ ਸਾਕਾਰਤਮਕ ਸਬੰਧ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹਨ। ਉਹ ਅੱਗੇ ਤੋਂ ਵੀ ਇੱਕ ਦੂਸਰੇ ਦੇ ਨਾਲ ਫਲਦਾਇਕ ਅਤੇ ਚੰਗੇ ਰਿਸ਼ਤੇ ਚਾਹੁੰਦੇ ਹਨ।