ਫ਼ਤਹਿਗੜ੍ਹ ਸਾਹਿਬ – “ਜੋ ਕੱਟੜਵਾਦੀ ਹਿੰਦੂ ਸੰਗਠਨ ਆਰ. ਐਸ. ਐਸ. ਦੇ ਮੌਜੂਦਾ ਮੁੱਖੀ ਸ੍ਰੀ ਮੋਹਨ ਭਗਵਤ ਵੱਲੋਂ ਜੋ ਭਾਰਤ ਵਿਚ ਵੱਸਣ ਵਾਲੀਆਂ ਵੱਖ-ਵੱਖ ਕੌਮਾਂ ਸਿੱਖ, ਮੁਸਲਮਾਨ ਜਾਂ ਇਸਾਈਆ ਨੂੰ ‘ਹਿੰਦੂ’ ਗਰਦਾਨਣ ਦੀ ਗੈਰ-ਦਲੀਲ ਬਿਆਨਬਾਜੀ ਕੀਤੀ ਜਾ ਰਹੀ ਹੈ, ਇਹ ਸਮੁੱਚੇ ਭਾਰਤ ਨਿਵਾਸੀਆਂ ਉਤੇ ‘ਹਿੰਦੂ’ ਸ਼ਬਦ ਨੂੰ ਥੋਪਣ ਦੀ ਅਤੇ ਇਥੋਂ ਦੇ ਸਮਾਜਿਕ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੇ ਦੁੱਖਦਾਇਕ ਅਮਲ ਪੈਦਾ ਕੀਤੇ ਜਾ ਰਹੇ ਹਨ। ਜਿਸ ਨੂੰ ਸਿੱਖ ਕੌਮ ਕਤਈ ਵੀ ਪ੍ਰਵਾਨ ਇਸ ਕਰਕੇ ਨਹੀਂ ਕਰੇਗੀ ਕਿਉਂਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖ ਧਰਮ ਦੀ ਨੀਂਹ ਰੱਖਦੇ ਹੋਏ ਬਹੁਤ ਸਦੀਆਂ ਪਹਿਲੇ ਆਪਣੇ ਮੁਖਾਰਬਿੰਦ ਤੋਂ ‘ਨਾ ਅਸੀਂ ਹਿੰਦੂ ਨਾ ਮੁਸਲਮਾਨ’ ਉਚਾਰਕੇ ਸਪੱਸ਼ਟ ਕਰ ਦਿੱਤਾ ਸੀ ਕਿ ਸਿੱਖ ਕੌਮ ਇਕ ਵੱਖਰੀ ਤੇ ਅਣਖੀਲੀ ਪਹਿਚਾਣ ਦੀ ਮਾਲਕ ਹੈ। ਜੋ ਕਦੀ ਵੀ ਕਿਸੇ ਜ਼ਾਬਰ ਹੁਕਮਰਾਨ ਅੱਗੇ ਨਾ ਤਾਂ ਈਨ ਮੰਨਦੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਤਾਨਾਸ਼ਾਹੀ ਸੋਚ ਤੇ ਅਮਲਾਂ ਨੂੰ ਪ੍ਰਵਾਨ ਕਰਦੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ. ਐਸ. ਐਸ. ਦੇ ਮੌਜੂਦਾ ਮੁੱਖੀ ਸ੍ਰੀ ਮੋਹਨ ਭਗਵਤ ਵੱਲੋਂ ਬੀਤੇ ਦਿਨੀਂ ਸਮੁੱਚੇ ਭਾਰਤ ਨਿਵਾਸੀਆਂ ਨੂੰ ਬੀਜੇਪੀ ਦੀ ਸੈਂਟਰਲ ਹਕੂਮਤ ਦੀ ਸ਼ਹਿ ਤੇ ਹਿੰਦੂ ਗਰਦਾਨਣ ਦੀ ਕੀਤੀ ਗਈ ਹਿਰਦੇਵੇਦਕ ਬਿਆਨਬਾਜੀ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਹਨਾਂ ਕੱਟੜਵਾਦੀ ਸੰਗਠਨਾਂ ਤੇ ਆਗੂਆਂ ਵੱਲੋਂ ਹਿੰਦੂ ਸੋਚ ਅਧੀਨ ਠੋਸੇ ਜਾ ਰਹੇ ਫੈਸਲਿਆਂ ਨੂੰ ਅਪ੍ਰਵਾਨ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ੍ਰੀ ਮੋਹਨ ਭਗਵਤ ਘੱਟ ਗਿਣਤੀ ਕੌਮਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਅਮਲ ਕਰਕੇ ਉਹਨਾਂ ਦੀ ਅਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਹਿੰਦੂ ਧਰਮ ਵਿਚ ਰਲਗਡ ਕਰਨ ਦੀਆਂ ਨਾਕਾਮ ਸਾਜ਼ਿਸਾਂ ਕਰ ਰਹੇ ਹਨ। ਜਦੋਂਕਿ ਭਾਰਤ ਇਕ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆਂ ਅਤੇ ਕਬੀਲਿਆਂ ਦਾ ਇਕ ਸਮੂਹ ਮੁਲਕ ਹੈ। ਫਿਰ ਭਾਰਤ ਦੇ ਵਿਧਾਨ ਦੀ ਧਾਰਾ 14, 19 ਅਤੇ 21 ਇਥੋ ਦੇ ਨਾਗਰਿਕਾਂ ਨੂੰ ਆਪਣੀ ਆਜ਼ਾਦੀ ਨਾਲ ਬਿਨ੍ਹਾਂ ਕਿਸੇ ਡਰ-ਭੈ ਤੋਂ ਆਪਣਾ ਧਰਮ ਗ੍ਰਹਿਣ ਕਰਨ, ਉਸ ਦੀਆਂ ਰਹੁਰੀਤੀਆਂ ਦਾ ਪਾਲਣ ਕਰਨ ਦੀ ਇਜ਼ਾਜਤ ਦਿੰਦੀਆਂ ਹਨ। ਫਿਰ ਸ੍ਰੀ ਮੋਹਨ ਭਗਵਤ ਵਰਗੇ ਆਰ. ਐਸ. ਐਸ. ਦੇ ਮੁੱਖੀ ਜਾਂ ਬੀਜੇਪੀ ਦੇ ਹੁਕਮਰਾਨ ਇਕ ਸੋਚੀ ਸਮਝੀ ਸਾਜ਼ਿਸ ਅਧੀਨ ਉਪਰੋਕਤ ਧਰਮ ਦੀ ਆਜ਼ਾਦੀ ਵਾਲੇ ਹੱਕ ਨੂੰ ਅਤੇ ਬਰਾਬਰਤਾ ਵਾਲੇ ਅਮਲਾਂ ਨੂੰ ਕਿਸ ਤਰ੍ਹਾਂ ਕੁਚਲ ਸਕਦੇ ਹਨ ? ਉਹਨਾਂ ਅਜਿਹੇ ਫਿਰਕੂ ਅਤੇ ਕੱਟੜਵਾਦੀ ਸੰਗਠਨਾਂ ਅਤੇ ਆਗੂਆਂ ਨੂੰ ਅਤੇ ਮੌਜੂਦਾ ਬੀਜੇਪੀ ਦੀ ਹਕੂਮਤ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਅਜਿਹੀਆ ਸਮਾਜ ਵਿਚ ਨਫ਼ਰਤ ਪੈਦਾ ਕਰਨ ਵਾਲੀਆ ਅਤੇ ਘੱਟ ਗਿਣਤੀ ਕੌਮਾਂ ਦੀ ਅਤੇ ਧਰਮਾਂ ਦੀ ਆਜ਼ਾਦੀ ਨੂੰ ਕੁਚਲਣ ਵਾਲੇ ਅਮਲਾਂ ਨੂੰ ਸਖ਼ਤੀ ਨਾਲ ਕਾਬੂ ਰੱਖੇ ਤਾਂ ਕਿ ਇਥੋਂ ਦਾ ਅਮਨ-ਚੈਨ, ਜ਼ਮਹੂਰੀਅਤ, ਸਮਾਜਿਕ ਕਦਰਾਂ-ਕੀਮਤਾਂ ਅਤੇ ਵੱਖ-ਵੱਖ ਧਰਮਾਂ ਦੀ ਅਤੇ ਕੌਮਾਂ ਦੀ ਆਜ਼ਾਦੀ ਬਰਕਰਾਰ ਰਹਿ ਸਕੇ ।