ਲੁਧਿਆਣਾ – ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਬਾਘਾਪੁਰਾਣਾ ਤੋਂ ਗੁਰਮੇਜ ਸਿੰਘ ਲੰਗਿਆਣਾ ਅਤੇ ਪਰਮਜੀਤ ਸੋਹਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲਾਂ, ਪ੍ਰਸਾਸ਼ਨਿਕ ਅਦਾਰਿਆਂ ਅਤੇ ਕਚਹਿਰੀਆਂ ਵਿਚ ਪੰਜਾਬੀ ਭਾਸ਼ਾ ਨੂੰ ਸੁਚਾਰੂ ਢੰਗ ਨਾਲ ਲਾਗੂ ਨਾ ਕੀਤੇ ਜਾਣ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾ ਦੇਣ ਲਈ ਭਾਸ਼ਾ ਟ੍ਰਿਬਿਊਨਲ ਨਾ ਸਥਾਪਿਤ ਕੀਤੇ ਜਾਣ ‘ਤੇ ਚੰਡੀਗੜ੍ਹ ਵਿਖੇ ਗ੍ਰਿਫਤਾਰੀਆਂ ਦੇਣ ਲਈ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਡਾ. ਪੰਧੇਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਮਾਂ-ਬੋਲੀ ਦੀ ਪੜ੍ਹਾਈ ਤੋਂ ਬਿਨਾਂ ਸਮਾਜਿਕ ਸ਼ਖਸੀਅਤ ਦੀ ਉਸਾਰੀ ਅਸੰਭਵ ਹੈ ਅਤੇ ਹੋਰ ਭਾਸ਼ਾਵਾਂ ਨੂੰ ਸਿੱਖਣ ਲਈ ਵੀ ਮਾਂ-ਬੋਲੀ ਦੀ ਸਿੱਖਿਆ ਅਤੀ ਜ਼ਰੂਰੀ ਹੈ।
ਲੁਧਿਆਣਵੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰੁਜ਼ਗਾਰ ਨੂੰ ਮਾਂ-ਬੋਲੀ ਨਾਲ ਜੋੜਿਆਂ ਜਾਵੇ ਫਿਰ ਹੀ ਬੇਰੁਜ਼ਗਾਰਾਂ ਦੀ ਵੱਧ ਹੀ ਫੌਜ ਅਤੇ ਨਸ਼ਿਆਂ ਦੇ ਵਹਿਣ ਨੂੰ ਠੱਲ ਪਾਈ ਜਾ ਸਕਦੀ ਹੈ।
ਸ. ਬਲਕੌਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀਆਂ ਵਿਚ ਚਿੰਤਨ ਬਹੁਤ ਘੱਟ ਹੋਣ ਕਰਕੇ ਹੀ ਪੰਜਾਬੀ ਭਾਸ਼ਾ ਚੰਗੀ ਤਰ੍ਹਾਂ ਲਾਗੂ ਨਹੀਂ ਹੋ ਸਕੀ।
ਰਚਨਾਵਾਂ ਦੇ ਦੌਰ ਵਿਚ ਸੋਹਲ ਨੇ ‘ਇਕ ਝਲਕ ਡਾਲਰਾਂ ਦੀ ਖਾਤਰ ਅੱਜ ਜ਼ਿੰਦਗੀ ਦਾਅ ‘ਤੇ ਆ ਬੈਠੇ’, ਭਗਵਾਨ ਢਿੱਲੋ ਨੇ ਕਵਿਤਾ ‘ਸਰਜੀਕਲ ਸਟ੍ਰਾਈਕ ਇਹ ਵੀ’, ਇੰਜ: ਸੁਰਜਨ ਸਿੰਘ ਨੇ ‘ਉੱਚੇ ਪਰਬਤ ਡੂੰਘੇ ਪਾਣੀ’, ਪੰਮੀ ਹਬੀਬ ਨੇ ਮਿੰਨੀ ਕਹਾਣੀ ‘ਆਖਿਰ ਉਹ ਜਿੱਤ ਗਿਆ’, ਗੁਰਮੇਜ ਸਿੰਘ ਲੰਗਿਆਣਾ ਨੇ ‘ਪੂਰਬੀ ਪੰਜਾਬ ਸਾਡਾ ਪੱਛਮੀ ਪੰਜਾਬ’, ਕੇ ਸਾਧੂ ਸਿੰਘ ਨੇ ਕਵਿਤਾ ‘ਚੱਲ ਪਿੱਛੇ ਖੜ੍ਹ’, ਵਿਸ਼ਵਾ ਮਿੱਤਰ ਭੰਡਾਰੀ ਨੇ ਕਵਿਤਾ ‘ਸੁੱਕਾ ਪੱਤਾ’, ਗੁਰਦੀਪ ਸਿੰਘ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ‘ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।