ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵਾਰਡ ਨੰ.9 ਇੱਕ ਵਾਰ ਫਿਰ ਵੱਡਾ ਚੋਣ ਦੰਗਲ ਬਣ ਗਿਆ ਹੈ ਜਿਥੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਦਿੱਗਜ਼ ਨੇਤਾ ਸ.ਮਨਜਿੰਦਰ ਸਿੰਘ ਸਿਰਸਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਇਹ ਸ. ਮਨਜਿੰਦਰ ਸਿੰਘ ਸਿਰਸਾ ਹੀ ਸਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਸਾਥੀਆਂ ਨਾਲ ਮਿਲ ਕੇ 2013 ‘ਚ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਹਜ਼ਾਰਾਂ ਵੋਟਾਂ ਨਾਲ ਹਰਾ ਕੇ ਦਿੱਲੀ ਦੇ ਸਿੱਖ ਇਤਿਹਾਸ ‘ਚ ਇੱਕ ਨਵਾਂ ਮੀਲ ਪੱਥਰ ਕਾਇਮ ਕੀਤਾ। ਪਾਰਟੀ ਵੱਲੋਂ ਸ. ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਉਸਨੂੰ ਉਹਨਾਂ ਨੇ ਬਾਖੂਬੀ ਨਿਭਾਉਂਦੇ ਹੋਏ ਗੁਰਦੁਆਰਾ ਪ੍ਰਬੰਧਾਂ ‘ਚ ਸੁਧਾਰ ਕਰਨ ਲਈ ਇੱਕ ਨਵੀਂ ਲਹਿਰ ਆਰੰਭੀ।
2013 ਤੋਂ ਪਹਿਲਾਂ ਦਿੱਲੀ ਦੇ ਗੁਰਦੁਆਰਾ ਪ੍ਰਬੰਧਾਂ ਅੰਦਰ ਨਿਘਾਰ ਇਸ ਹੱਦ ਤੱਕ ਹੇਠਾਂ ਡਿੱਗ ਚੁੱਕਿਆ ਸੀ ਕਿ ਗੁਰਦੁਆਰਾ ਸਾਹਿਬ ਅੰਦਰ ਦਸਮ ਗ੍ਰੰਥ ਦੀ ਬਾਣੀ ਪੜ੍ਹਨ, ਕੀਰਤਨ ਕਰਨ ਅਤੇ ਕਥਾ ਕਰਨ ਉੱਤੇ ਸਰਨਾ ਭਰਾਵਾਂ ਵੱਲੋਂ ਜੋ ਪਾਬੰਧੀ ਲਗਾਈ ਹੋਈ ਸੀ ਸਮੇਤ ਅਨੇਕਾਂ ਚੁਣੌਤੀਆਂ ਸਿਰਸਾ ਦੀ ਟੀਮ ਅੱਗੇ ਕੰਧ ਬਣ ਕੇ ਖੜੀਆਂ ਹੋਈਆਂ ਸਨ। ਸਿੱਖ ਰਹਿਤ ਮਰਿਆਦਾ ਵਿੱਚ ਸ਼ਾਮਿਲ ਨਿੱਤਨੇਮ ਦੀ ਬਾਣੀ ਜਾਪੁ ਸਾਹਿਬ ਅਤੇ ਅਰਦਾਸ ਵਿੱਚ ਸ਼ਾਮਿਲ ਕੀਤੇ ਕੁੱਝ ਸਲੋਕ ਦਸਮ ਗ੍ਰੰਥ ਦੀ ਬਾਣੀ ਵਿੱਚੋਂ ਲਏ ਗਏ ਹੋਏ ਹਨ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਉੱਤੇ ਸਿੱਖ ਸੰਗਤਾਂ ‘ਚ ਅਜਿਹੀ ਦੁਵਿਧਾ ਪੈਦਾ ਕੀਤੀ ਹੋਈ ਸੀ ਕਿ ਹਰ ਗੁਰੂ ਘਰ ਦੇ ਅੰਦਰ 2-2 ਸੰਗਰਾਂਦਾਂ, ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਉਣ ਦੇ ਵਿਵਾਦ ਨੇ ਸਿੱਖਾਂ ਨੂੰ ਭਰਾ ਮਾਰੂ ਜੰਗ ਵਿੱਚ ਫਸਾਇਆ ਹੋਇਆ ਸੀ। ਗੁਰਦੁਆਰਿਆਂ ਦੀਆਂ ਧਾਰਮਿਕ ਸਟੇਜਾਂ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਣ ਦੀਆਂ ਘਟਨਾਵਾਂ ਨੇ ਸਿੱਖ ਸੰਗਤਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਜਾ ਰਿਹਾ ਸੀ। 2013 ਤੋਂ ਪਹਿਲਾਂ ਦੇ 10 ਸਾਲਾਂ ਦੇ ਕਾਰਜਕਾਲ ‘ਚ ਦਿੱਲੀ ਦੇ ਸਿੱਖ, ਆਪਣੇ ਲੀਡਰਾਂ ਦੇ ਕਿਰਦਾਰ ਅਤੇ ਕਾਰਵਾਈਆਂ ਤੋਂ ਇੰਨੇ ਨਿਰਾਸ਼ ਹੋ ਚੁੱਕੇ ਸਨ ਕਿ ਉਹਨਾਂ ਨੂੰ ਨਾ ਤਾਂ ਉਹਨਾਂ 1984 ਦੇ ਦਿੱਲੀ ਦੇ ਸਿੱਖ ਕਤਲੇਆਮ ਲਈ ਇਨਸਾਫ਼ ਦੀ ਉਮੀਦ ਬਚੀ ਸੀ ਅਤੇ ਨਾ ਹੀ ਦਿੱਲੀ ਦੇ ਗੁਰਦੁਆਰਾ ਪ੍ਰਬੰਧਾਂ ‘ਚ ਸਿੱਖ ਰਹਿਤ ਮਰਿਆਦਾ ਮੁੜ ਬਹਾਲ ਹੁੰਦੀ ਨਜ਼ਰ ਆਉਂਦੀ ਸੀ। ਸ. ਸਿਰਸਾ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕਾਰਜਕਾਲ ‘ਚ ਇੱਕ ਵਾਰ ਵੀ ਐਨ.ਡੀ.ਏ. ਸਰਕਾਰ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਿਸੇ ਮੰਤਰੀ ਜਾਂ ਸੀਨੀਅਰ ਨੇਤਾ ਨੂੰ ਧਾਰਮਿਕ ਸਟੇਜ ਤੋਂ ਸਿਆਸੀ ਫਾਇਦਾ ਪਹੁੰਚਾਉਣ ਦਾ ਯਤਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜਦੋਂ ਉਹ ਖੁਦ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕ ਦੀ ਚੋਣ ਲੜ ਰਹੇ ਸਨ ਤਾਂ ਉਹਨਾਂ ਨੇ ਗੁਰਦੁਆਰਾ ਪ੍ਰਬੰਧਕਾਂ ਤੋਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥਾ ਜ਼ਾਹਿਰ ਕਰਦੇ ਹੋਏ ਖਿਮਾ-ਯਾਚਨਾ ਮੰਗੀ ਸੀ ਕਿ ਉਹ ਧਾਰਮਿਕ ਸਟੇਜ ਦੀ ਵਰਤੋਂ ਸਬੰਧੀ ਆਪਣੀ ਕਹਿਣੀ ਤੇ ਕਥਣੀ ਉੱਤੇ ਕਾਇਮ ਰਹਿਣਾ ਚਾਹੁੰਦੇ ਹਨ।
ਸਰਨਾ ਭਰਾਵਾਂ ਦੇ ਕਾਰਜਕਾਲ ‘ਚ ਦਿੱਲੀ ਦੇ ਗੁਰਦੁਆਰਾ ਪ੍ਰਬੰਧਾਂ ਅੰਦਰ ਧਾਰਮਿਕ ਹਾਲਤ ਇੰਨੇ ਨਿੱਘਰ ਚੁੱਕੇ ਸਨ ਕਿ ਸਿੱਖ ਜਗਤ ਦੇ ਪ੍ਰਸਿੱਧ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀਏ ਸਿੰਘਾਂ ਅਤੇ ਕਥਾ ਵਾਚਕਾਂ ਉੱਪਰ ਪਾਬੰਧੀ ਲਗਾ ਰੱਖੀ ਸੀ ਕਿ ਉਹ ਦਿੱਲੀ ਦੇ ਗੁਰਦੁਆਰਿਆਂ ‘ਚ ਕੀਰਤਨ ਅਤੇ ਕਥਾ ਨਹੀਂ ਕਰ ਸਕਣਗੇ। ਸਰਨਾ ਭਰਾਵਾਂ ਦੀ ਹਉਮੈਵਾਦੀ ਨੀਤੀ ਸਦਕਾ ਹੀ ਗੁਰਦੁਆਰਾ ਬੰਗਲਾ ਸਾਹਿਬ ਦੀ ਮੁੱਖ ਸਟੇਜ ਤੋਂ ਗੁਰੂ ਦੀ ਹਜ਼ੂਰੀ ਵਿੱਚ ਹੋ ਰਹੇ ਕੀਰਤਨ ਨੂੰ ਜ਼ਬਰਦਸਤੀ ਰੋਕ ਕੇ ਕੀਰਤਨੀਏ ਸਿੰਘ ਭਾਈ ਬਲਬੀਰ ਸਿੰਘ ਜੀ ਦੇ ਜਥੇ ਨੂੰ ਜ਼ਲੀਲ ਕਰਨ ਦੀਆਂ ਦੁੱਖਦਾਈ ਘਟਨਾਵਾਂ ਵਾਪਰੀਆਂ। ਕਥਾ ਵਾਚਕਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਉਹ ਕਥਾ ਕਰਨ ਦੀ ਆੜ ‘ਚ ਸਿਆਸੀ ਵਿਰੋਧੀ ਸ਼ਖ਼ਸੀਅਤਾਂ ਦਾ ਅਕਸ ਵਿਗਾੜਨ ਲਈ ਉਹਨਾਂ ਉੱਤੇ ਚਿੱਕੜ ਉਛਾਲਣ। ਸਰਨਾ ਕਾਲ ‘ਚ ਦਿੱਲੀ ਦੇ ਗੁਰਦੁਆਰਿਆਂ ਅੰਦਰ ਗੁਰਬਾਣੀ ਦੀ ਕਥਾ ਕਰਨ ਦੇ ਸਮੇਂ ਅੰਦਰ ਗੁਰਮਤਿ ਪ੍ਰਚਾਰ ਨਹੀਂ ਹੁੰਦਾ ਸੀ ਬਲਕਿ ਵਿਰੋਧੀਆਂ ਨੂੰ ਕਥਾ ਦੀ ਆੜ ‘ਚ ਭੰਡਣ ਦਾ ਕੰਮ ਕੀਤਾ ਜਾਂਦਾ ਰਿਹਾ। 2013 ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਸਟੇਜ ਨੂੰ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਆਰੰਭ ਕੀਤੀ ਨਵੀਂ ਪ੍ਰੰਪਰਾ ਦਾ ਸਿੱਖ ਸੰਗਤਾਂ ਵੱਲੋਂ ਬੁਰਾ ਮਨਾਇਆ ਜਾਂਦਾ ਸੀ ਕਿਉਂਕਿ ਇਹਨਾਂ ਧਾਰਮਿਕ ਸਟੇਜਾਂ ਉੱਤੇ ਨਵੰਬਰ 1984 ਦੇ ਹਜ਼ਾਰਾਂ ਬੱਚਿਆਂ, ਔਰਤਾਂ, ਬਜ਼ੁਰਗਾਂ ਸਮੇਤ ਨਿਰਦੋਸ਼ ਸਿੱਖਾਂ ਦੇ ਕਾਤਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨੀ ਦੇ ਹਵਾਲੇ ਕਰਨ ਵਾਲਿਆਂ ਨੂੰ ਅਤੇ ਗੁਰਦੁਆਰਿਆਂ ਨੂੰ ਢਹਿ-ਢੇਰੀ ਕਰਨ ਦੇ ਮੋਹਰੀ ਦੋਸ਼ੀਆਂ ਨੂੰ ਸਰਨਾ ਕਾਲ ‘ਚ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਵਾਰ-ਵਾਰ ਸਿਰੋਪਾਓ ਅਤੇ ਸਨਮਾਨ ਦੇ ਕੇ ਨਿਵਾਜਣ ਦੀਆਂ ਘਟਨਾਵਾਂ ਨੇ ਸਿੱਖ ਹਿਰਦੇ ਛਲਣੀ-ਛਲਣੀ ਕੀਤੇ ਹੋਏ ਸਨ। ਧਾਰਮਿਕ ਸਟੇਜਾਂ ਤੋਂ ਸਿੱਖਾਂ ਦੇ ਕਾਤਲਾਂ ਅਤੇ ਰਾਜਸੀ ਲੋਕਾਂ ਦੀ ਬੇਲੋੜੀ ਵਡਿਆਈ ਕਰਨ ਦੀ ਪ੍ਰੰਪਰਾ ਸ਼ੁਰੂ ਕਰਨੀ ਅਤੇ ਸਨਮਾਨ ਕਰਨ ਦੀਆਂ ਘਟਨਾਵਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਵੱਡੀ ਢਾਹ ਲਾਈ ਹੋਈ ਸੀ। ਦਿੱਲੀ ਦੇ ਸਿੱਖਾਂ ਵਿੱਚ ਵਿੱਚ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਵੱਡੇ ਪੱਧਰ ਉੱਤੇ ਰੋਸ ਲਹਿਰ ਪੈਦਾ ਹੋਈ ਉੱਥੇ ਹੀ ਉਹਨਾਂ ਨੇ ਗੁਰਦੁਆਰਾ ਪ੍ਰਬੰਧਕਾਂ ਦੇ ਵਿਰੁੱਧ ਰੋਸ ਧਰਨੇ ਲਾਏ ਅਤੇ ਮੁਜ਼ਾਹਰੇ ਕੀਤੇ ਪਰ ਸਿੱਖਾਂ ਦੇ ਕਾਤਲਾਂ ਦਾ ਗੁਰਦੁਆਰਿਆਂ ਵਿੱਚ ਦਾਖਲਾ ਅਤੇ ਹੁੰਦਾ ਆ ਰਿਹਾ ਸਨਮਾਨ ਨਾ ਰੋਕਿਆ ਗਿਆ ਬਲਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀਏ ਅਤੇ ਕਥਾਵਾਚਕਾਂ ਉੱਤੇ ਪਾਬੰਧੀ ਲਾ ਕੇ ਰੱਖੀ ਗਈ ਕਿ ਉਹ ਦਿੱਲੀ ਦੇ ਗੁਰਦੁਆਰਿਆਂ ਵਿੱਚ ਨਾ ਆਉਣ। ਸਰਨਾ ਭਰਾਵਾਂ ਦੀ ਕੇਂਦਰ ਦੀ ਕਾਂਗਰਸ ਅਤੇ ਦਿੱਲੀ ਦੀ ਸ਼ੀਲਾ ਦਿਕਸ਼ਿਤ ਸਰਕਾਰ ਨਾਲ ਸੱਤਾ ਦੀ ਸਾਂਝ ਨੇ ਸਿੱਖ ਰਹਿਤ ਮਰਿਆਦਾ, ਪ੍ਰੰਪਰਾਵਾਂ ਅਤੇ ਇਤਿਹਾਸ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਉਹਨਾਂ ਦੇ ਕਾਰਜਕਾਲ ‘ਚ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਨੂੰ ਇੱਕ ਸਾਜਿਸ਼ ਅਧੀਨ ਵੱਡੇ ਪੱਧਰ ਉੱਤੇ ਦਿੱਲੀ ਦੇ ਗੁਰਦੁਆਰਿਆਂ ‘ਚ ਉਭਾਰਿਆ ਗਿਆ, ਜਿਥੇ 2-2 ਸੰਗਰਾਂਦਾਂ, ਗੁਰਪੁਰਬਾਂ, ਸ਼ਹੀਦੀ ਦਿਹਾੜੇ ਮਨਾਉਣ ਦੀ ਨਵੀਂ ਪ੍ਰੰਪਰਾ ਆਰੰਭ ਕਰਕੇ ਸਿੱਖ ਸੰਗਤਾਂ ‘ਚ ਇੱਕ ਹੋਰ ਡੂੰਘਾ ਵਿਵਾਦ ਪੈਦਾ ਕਰ ਦਿੱਤਾ। ਦਿੱਲੀ ਦੀਆਂ ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਉੱਤੇ ਇੱਕ-ਦੂਸਰੇ ਵਿਰੁੱਧ ਮਾਰੂ ਹਥਿਆਰ ਚੁਕਵਾਉਣ ਲਈ ਸਾਜਿਸ਼ਾਂ ਰਚੀਆਂ ਗਈਆਂ ਅਤੇ ਗੁਰਦੁਆਰਿਆਂ ਦੀ ਹਦੂਦ ਅੰਦਰ ਖੂਨੀ ਸਾਕੇ ਕਰਵਾਏ ਗਏ, ਸਿੱਖਾਂ ਅੰਦਰ ਭਰਾ ਮਾਰੂ ਜੰਗ ਦਾ ਮਾਹੌਲ ਪੈਦਾ ਕਰਕੇ ਸਿੱਖ ਵਿਰੋਧੀ ਸ਼ਕਤੀਆਂ ਨੂੰ ਖੁਸ਼ ਕਰਨ ਦੀ ਇੱਕ ਦੌੜ ਲੱਗੀ, ਇਸ ਦੌੜ ਵਿੱਚ ਸਰਨਾ ਭਰਾ ਸਭ ਤੋਂ ਮੋਹਰੀ ਬਣਦੇ ਰਹੇ। ਇਹਨਾਂ ਭਰਾਵਾਂ ਨੇ ਦਿੱਲੀ ਵਿੱਚ ਸ਼ੀਲਾ ਦਿਕਸ਼ਿਤ ਦੀ ਸਰਕਾਰ ਮੌਕੇ ਆਪਣੀਆਂ ਸਟੀਲ ਦੀਆਂ ਫੈਕਟਰੀਆਂ ਲਗਵਾਉਣ ਲਈ ਲਾਇਸੈਂਸ ਹਾਸਿਲ ਕੀਤੇ ਅਤੇ ਦਿੱਲੀ ਸਰਕਾਰ ਕੋਲੋਂ ਸਟੀਲ ਦੇ ਕੰਮਾਂ ਲਈ ਅਰਬਾਂ-ਖ਼ਰਬਾਂ ਦੇ ਕੰਟਰੈਕਟ ਪ੍ਰਾਪਤ ਕੀਤੇ।
ਸ. ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਚਾਰ ਸਾਲ ਦੇ ਕਾਰਜਕਾਲ ‘ਚ ਦਿੱਲੀ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ‘ਚ ਸੁਧਾਰ ਲਿਆਉਣ ਲਈ ਜੋ ਕਦਮ ਚੁੱਕੇ ਗਏ ਉਸ ਨਾਲ ਸਿੱਖ ਭਾਈਚਾਰੇ ‘ਚ ਆਪਸੀ ਸਾਂਝ ਅਤੇ ਏਕਤਾ ਮਜ਼ਬੂਤ ਹੋਈ ਹੈ। ਉਹਨਾਂ ਕਿਹਾ ਕਿ ਅੱਜ ਕੁੱਝ ਸ਼ਕਤੀਆਂ ਸਿੱਖਾਂ ਦੀ ਏਕਤਾ ਅਤੇ ਆਪਸੀ ਭਾਈਚਾਰੇ ਨੂੰ ਤੋੜਨ ਲਈ ਕੁੱਝ ਅਜਿਹੀਆਂ ਸ਼ਕਤੀਆਂ ਗੁਰਦੁਆਰਾ ਚੋਣਾਂ ਦੀ ਆੜ ‘ਚ ਫਿਰ ਸਰਗਰਮ ਹੋ ਗਈਆਂ ਹਨ ਜਿਨ੍ਹਾਂ ਨੂੰ ਚੋਣਾਂ ‘ਚ ਹਾਰ ਦੇਣੀ ਲਾਜ਼ਮੀ ਬਣ ਗਈ ਹੈ ਨਾਨਕਸ਼ਾਹੀ ਕੈਲੰਡਰ ਦਾ ਬੇਲੋੜਾ ਮੁੱਦਾ ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਰਪ੍ਰਸਤੀ ਹੇਠ ਹੱਲ ਕੀਤਾ ਗਿਆ ਜਿਸ ਕਰਕੇ ਹੁਣ ਗੁਰਦੁਆਰਿਆਂ ‘ਚ ਇੱਕ ਸੰਗਰਾਂਦ ਅਤੇ ਇੱਕ ਗੁਰਪੁਰਬ ਮਨਾਉਣ ਨਾਲ ਸੰਗਤਾਂ ‘ਚ ਆਪਸੀ ਪਿਆਰ ਦੀ ਭਾਵਨਾ ਵਧੀ ਹੈ। ਦਿੱਲੀ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ 32 ਸਾਲ ਬਾਅਦ ਯਾਦਗਾਰ ਬਣਾ ਕੇ ਸੰਗਤਾਂ ਨੂੰ ਸਮਰਪਿਤ ਕੀਤੀ ਅਤੇ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਤੇ ਕਥਾ ਵਾਚਕਾਂ ਉੱਪਰ ਲਗਾਈ ਗਈ ਪਾਬੰਧੀ ਨੂੰ ਖ਼ਤਮ ਕੀਤਾ। ਸੰਗਤਾਂ ਦੀ ਏਕਤਾ ਸਦਕਾ ਹੀ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਇਤਿਹਾਸਿਕ ਪਿਆਓ ਨੂੰ ਤੋੜਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ 2 ਘੰਟੇ ਬਾਅਦ ਹੀ ਪਿਆਓ ਦੀ ਮੁੜ ਉਸਾਰੀ ਕਰਵਾਈ। ਦਿੱਲੀ ਹਾਈ ਕੋਰਟ ਵੱਲੋਂ ਪਿਆਓ ਦੇ ਨਕਸ਼ੇ ਨੂੰ ਮਨਜ਼ੂਰੀ ਦਿਵਾਉਣ ਦਾ ਕੇਸ ਜਿੱਤਿਆ।