ਨਵੀਂ ਦਿੱਲੀ – ਆਮਦਨ ਤੋਂ ਵੱਧ ਸੰਪਤੀ ਮਾਮਲੇ ਵਿੱਚ ਏਆਈਏਡੀਐਮਕੇ ( AIADMK) ਦੀ ਮੁੱਖ ਸਕੱਤਰ ਵੀਕੇ ਸ਼ਸ਼ੀਕਲਾ ਨੂੰ ਸੁਪਰੀਮ ਕੋਰਟ ਨੇ ਦੋਸ਼ੀ ਕਰਾਰ ਦੇ ਕੇ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸ਼ਸ਼ੀਕਲਾ ਨੂੰ ਤੁਰੰਤ ਸਰੰਡਰ ਕਰਨ ਨੂੰ ਕਿਹਾ ਹੈ। ਸ਼ਸ਼ੀਕਲਾ ਨੂੰ ਇਸ ਮਾਮਲੇ ਵਿੱਚ 10 ਕਰੋੜ ਦਾ ਜੁਰਮਾਨਾ ਵੀ ਲਗਾਇਆ ਹੈ। ਉਹ ਹੁਣ 10 ਸਾਲ ਤੱਕ ਚੋਣ ਨਹੀਂ ਲੜ ਸਕੇਗੀ।
ਵਰਨਣਯੋਗ ਹੈ ਕਿ ਸਵਰਗਵਾਸੀ ਜੈਲਲਿਤਾ ਦੇ ਨਾਲ ਸ਼ਸ਼ੀਕਲਾ ਅਤੇ ਕੁਝ ਹੋਰ ਇਸ ਮਾਮਲੇ ਵਿੱਚ ਸ਼ਾਮਿਲ ਹਨ। ਹੁਣ ਉਸ ਲਈ ਤਮਿਲਨਾਡੂ ਦੀ ਮੁੱਖਮੰਤਰੀ ਬਣਨ ਦੀ ਇੱਛਾ ਪੂਰੀ ਹੁੰਦੀ ਨਹੀਂ ਵਿਖਾਈ ਦੇ ਰਹੀ। ਉਹ ਹੁਣ 6 ਸਾਲ ਤੱਕ ਕਿਸੇ ਵੀ ਸੰਵਿਧਾਨਿਕ ਅਹੁਦੇ ਤੇ ਸੇਵਾ ਨਹੀਂ ਦੇ ਸਕਦੀ। ਇਹ ਕੇਸ ਦੋ ਦਹਾਕੇ ਦੇ ਕਰੀਬ ਪੁਰਾਣਾ ਹੈ। ਇਸ ਮਾਮਲੇ ਵਿੱਚ ਆਰੋਪੀਆਂ ਤੇ ਇਹ ਆਰੋਪ ਹੈ ਕਿ ਉਨ੍ਹਾਂ ਨੇ 1991 ਤੋਂ 1996 ਦੇ ਵਿੱਚ 66 ਕਰੋੜ ਰੁਪੈ ਦੀ ਸੰਪਤੀ ਇੱਕਠੀ ਕੀਤੀ। ਇਸ ਵਿੱਚ 810 ਹੈਕਟੇਅਰ ਜ਼ਮੀਨ, ਗੋਲਡ ਜਿਊਲਰੀ ਅਤੇ ਹਜ਼ਾਰਾਂ ਸਿਲਕ ਦੀਆਂ ਸਾੜੀਆਂ ਸ਼ਾਮਿਲ ਹਨ।
ਬੰਗਲੂਰੂ ਦੀ ਅਦਾਲਤ ਨੇ 27 ਸਤੰਬਰ 2014 ਨੂੰ ਜੈਲਲਿਤਾ ਨੂੰ ਚਾਰ ਸਾਲ ਸਜ਼ਾ ਸੁਣਾਈ ਸੀ। ਅਦਾਲਤ ਨੇ ਉਨ੍ਹਾਂ ਤੇ 100 ਕਰੋੜ ਰਪੈ ਦਾ ਜੁਰਮਾਨਾ ਵੀ ਲਗਾਇਆ ਸੀ। ਜੈਲਲਿਤਾ ਮੁੱਖਮੰਤਰੀ ਦੇ ਤੌਰ ਤੇ ਅਯੋਗ ਕਰਾਰ ਦੇ ਦਿੱਤੀ ਗਈ ਅਤੇ ਉਸ ਨੂੰ ਇਹ ਅਹੁਦਾ ਛੱਡਣਾ ਪੈ ਗਿਆ।
ਕਰਨਾਟਕ ਹਾਈਕੋਰਟ ਨੇ 11 ਮਈ 2015 ਨੂੰ ਜੈ ਲਲਿਤਾ, ਸ਼ਸ਼ੀਕਲਾ ਅਤੇ ਹੋਰ ਆਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਜੈਲਲਿਤਾ ਦੀ ਸਤਾ ਵਿੱਚ ਫਿਰ ਵਾਪਸੀ ਹੋ ਗਈ। ਹਾਈਕੋਰਟ ਦੇ ਇਸ ਫੈਂਸਲੇ ਤੋਂ ਬਾਅਦ ਰਾਜ ਸਰਕਾਰ ਨੇ ਸੁਪਰੀਮਕੋਰਟ ਵਿੱਚ ਅਪੀਲ ਕਰ ਦਿੱਤੀ ਸੀ।