ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵਿਚ ਕਮੇਟੀ ਦੇ ਖਿਲਾਫ਼ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਕੂੜ ਪ੍ਰਚਾਰ ਦੱਸਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਰਾਰਾ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਆਗੂਆਂ ਨੇ ਸਰਨਾ ਨੂੰ ਝੂਠਾ ਤੇ ਦਿਸ਼ਾਹੀਨ ਆਗੂ ਦੱਸਿਆ। ਜੀ.ਕੇ. ਨੇ ਸਰਨਾ ਵੱਲੋਂ ਕਮੇਟੀ ਦੀ ਐਫ਼.ਡੀ.ਆਰ. ਅਤੇ ਡੇਰਾ ਸਿਰਸਾ ਦੇ ਸੰਬੰਧ ਵਿਚ ਕੀਤੇ ਜਾ ਰਹੇ ਪ੍ਰਚਾਰ ਨੂੰ ਸਰਨਾ ਦੀ ਹਤਾਸ਼ਾ ਕਰਾਰ ਦਿੰਦੇ ਹੋਏ ਸਰਨਾ ਵੱਲੋਂ 32 ਕਰੋੜ ਰੁਪਏ ਦਾ ਕਰਜ਼ ਕਮੇਟੀ ਵੱਲੋਂ ਲੈਣ ਦੇ ਕੀਤੇ ਜਾਂਦੇ ਦਾਅਵੇ ਚੁਨੌਤੀ ਭਰੇ ਅੰਦਾਜ਼ ਵਿਚ ਨਕਾਰ ਦਿੱਤਾ। ਜੀ.ਕੇ. ਨੇ ਕਿਹਾ ਕਿ ਜੇਕਰ ਸਰਨਾ 32 ਰੁਪਏ ਦਾ ਕਰਜ਼ ਵੀ ਕਮੇਟੀ ਤੇ ਸਾਬਿਤ ਕਰ ਦੇਵੇ ਤਾਂ ਸਾਡੇ ਸਾਰੇ 46 ਉਮੀਦਵਾਰ ਅੱਜ ਹੀ ਚੋਣ ਮੁਹਿੰਮ ਤੋਂ ਕਿਨਾਰਾ ਕਰ ਲੈਣਗੇ।
ਜੀ.ਕੇ. ਨੇ ਕਿਹਾ ਕਿ ਐਫ਼.ਡੀ.ਆਰ. ਦੇ ਮਸਲੇ ’ਤੇ ਸਰਨਾ ਦਾ ਝੂਠ ਬੇਨਕਾਬ ਕਰਨ ਦੇ ਲਈ ਅੱਜ ਅਸੀਂ 2013 ਅਤੇ 2016 ਦੀ ਆੱਡਿਟ ਬੈਲੇਂਸਸ਼ੀਟ ਜਾਰੀ ਕਰ ਰਹੇ ਹਾਂ ਤਾਂਕਿ ਸਰਨਾ ਦਾ ਝੂਠ ਬੇਨਕਾਬ ਹੋ ਸਕੇ। ਤੱਥਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਸਰਨਾ ਨੇ ਜਦ ਕਮੇਟੀ ਛੱਡੀ ਸੀ ਉਸ ਵੇਲੇ ਕਮੇਟੀ ਦੇ ਕੋਲ ਲਗਭਗ 85 ਕਰੋੜ ਰੁਪਏ ਦੀ ਐਫ਼.ਡੀ.ਆਰ. ਮੌਜੂਦ ਸੀ ਜਿਸਨੂੰ ਅੱਜ ਸਰਨਾ 150 ਕਰੋੜ ਰੁਪਏ ਦੀ ਦੱਸਦੇ ਹਨ। ਉਕਤ ਐਫ਼.ਡੀ.ਆਰ. ਵਿਚ ਸ਼ਾਮਿਲ ਕਾਲਜ ਅਤੇ ਤਕਨੀਕੀ ਅਦਾਰਿਆਂ ਦੀ ਐਫ਼.ਡੀ.ਆਰ. ਅੱਜ ਵੀ ਲਗਭਗ ਆਪਣੀ ਪੁਰਾਣੀ ਹਾਲਾਤ ਵਿਚ ਸੁਰੱਖਿਅਤ ਹੈ ਜਦਕਿ ਸਕੂਲ ਸਟਾਫ਼ ਨੂੰ ਅਸੀਂ ਕੋਰਟ ਦੇ ਆਦੇਸ਼ ਤੇ 48.5 ਕਰੋੜ ਰੁਪਏ ਅੱਜੇ ਤਕ ਛੇਵੇਂ ਪੇ ਕਮਿਸ਼ਨ ਦੇ ਬਕਾਏ ਦੇ ਰੂਪ ਵਿਚ ਭੁਗਤਾਨ ਕੀਤਾ ਹੈ।
ਜੀ.ਕੇ. ਨੇ ਦੱਸਿਆ ਕਿ ਕਮੇਟੀ ਵਿਚ ਸਰਨਾ ਦੇ ਸਮੇਂ 11 ਕਰੋੜ ਰੁਪਏ ਦੀ ਐਫ਼.ਡੀ.ਆਰ. ਸੀ ਜੋ ਕਿ ਇਸ ਵੇਲੇ 7.62 ਕਰੋੜ ਰੁਪਏ ਦੀ ਹੈ ਕਿਉਂਕਿ ਅਦਾਲਤ ਦੇ ਆਦੇਸ਼ ਤੇ 13.25 ਕਰੋੜ ਰੁਪਏ ਦਾ ਭੁਗਤਾਨ ਅਸੀਂ ਬਾਲਾ ਸਾਹਿਬ ਹਸਪਤਾਲ ਦਾ ਕੱਬਜ਼ਾ ਬੀ.ਐਲ. ਕਪੂਰ ਤੋਂ ਛੁਡਾਉਣ ਲਈ ਦਿੱਤਾ ਹੈ। ਜੀ.ਕੇ. ਨੇ ਦਾਅਵਾ ਕੀਤਾ ਕਿ ਕਮੇਟੀ ਦੇ ਕੋਲ ਇਸ ਵੇਲੇ 39 ਕਰੋੜ ਰੁਪਏ ਦੀ ਐਫ਼.ਡੀ.ਆਰ. ਸੁਰੱਖਿਅਤ ਹੈ ਜਦਕਿ ਅਸੀਂ ਲਗਭਗ 61.75 ਕਰੋੜ ਰੁਪਏ ਦਾ ਆਪਣੇ ਸਾਧਨਾਂ ਤੋਂ ਇਲਾਵਾ ਭੁਗਤਾਨ ਕੀਤਾ ਹੈ।
ਸਿਰਸਾ ਨੇ ਇਸ ਮਸਲੇ ਤੇ ਸਰਨਾ ਨੂੰ ਸੰਗਤ ਨੂੰ ਗੁਮਰਾਹ ਕਰਨ ਲਈ ਮੁਆਫੀ ਮੰਗਣ ਦੀ ਨਸੀਹਤ ਦਿੰਦੇ ਹੋਏ ਸਰਨਾ ਨੂੰ ਦੋਨੋਂ ਬੈਲੇਂਸਸ਼ੀਟ ਝੂਠੀ ਸਾਬਤ ਕਰਨ ਦੀ ਵੀ ਚੁਨੌਤੀ ਦਿੱਤੀ। ਸਰਨਾ ਵੱਲੋਂ ਕਮੇਟੀ ਤੇ ਡੇਰਾ ਸਿਰਸਾ ਦੇ ਸਮਰਥਕ ਹੋਣ ਦਾ ਲਗਾਏ ਗਏ ਆਰੋਪਾਂ ਤੇ ਸਰਨਾ ਨੂੰ ਘੇਰਦੇ ਹੋਏ ਸਿਰਸਾ ਨੇ ਸਰਨਾ ਵੱਲੋਂ 2007 ਵਿਚ ਡੇਰਾ ਮੁੱਖੀ ਦਾ ਮੁਆਫੀਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਣ ਦੀ ਵੀਡੀਓ ਅਤੇ ਪੱਤਰ ਦੀ ਕਾੱਪੀ ਵੀ ਜਨਤਕ ਕੀਤੀ।
ਸਿਰਸਾ ਨੇ ਸਵਾਲਿਆ ਲਹਿਜੇ ਵਿਚ ਪੁੱਛਿਆ ਕਿ ਸਰਨਾ ਨੂੰ ਇਹ ਗੱਲ ਸਾਫ਼ ਕਰਨੀ ਚਾਹੀਦੀ ਹੈ ਕਿ ਡੇਰਾ ਮੁੱਖੀ ਦਾ ਮੁਆਫੀਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੁਹੁੰਚਾਉਣ ਈ ਸਰਨਾ ਦੀ ਕਾਂਗਰਸ ਮੁੱਖੀ ਸੋਨੀਆ ਗਾਂਧੀ ਨਾਲ ਕੀ ਡੀਲ ਹੋਈ ਸੀ । ਬਲਾਤਕਾਰ, ਹੱਤਿਆ ਤੇ ਚੇਲਿਆਂ ਨੂੰ ਨਪੁੰਸਕ ਬਣਾਉਣ ਦੇ ਗੰਭੀਰ ਆਰੋਪਾਂ ਦਾ ਸਾਹਮਣਾ ਕਰਨ ਵਾਲੇ ਕਥਿਤ ਬਾਬਾ ਨੂੰ ਮੁਆਫ਼ ਕਰਾਉਣ ਦੀ ਛੇਤੀ ਸਰਨਾ ਨੂੰ ਕਿਉਂ ਸੀ ” ਸਿਰਸਾ ਨੇ ਦਿੱਲੀ ਕਮੇਟੀ ਦੇ ਡੇਰਾ ਮੁੱਖੀ ਖਿਲਾਫ਼ ਪੁਰਾਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਸਰਨਾ ਨੂੰ ਆਪਣੀ ਬੁਖਲਾਹਟ 1 ਮਾਰਚ 2017 ਤਕ ਬਚਾਏ ਰੱਖਣ ਦੀ ਸਲਾਹ ਦਿੱਤੀ।