ਨਵੀਂ ਦਿੱਲੀ,(ਜਸਬੀਰ ਸਿੰਘ ਪੱਟੀ) – ਸ੍ਰ ਪਰਮਜੀਤ ਸਿੰਘ ਬਖਸ਼ੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਿਲ ਹੋਣ ਉਪਰੰਤ ਅਕਾਲੀ ਦਲ ਬਾਦਲ ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਬਾਦਲ ਦਲੀਆ ਨੇ ਜਿਹੜੇ ਸੰਗਤਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਇੱਕ ਵੀ ਪੂਰਾ ਨਹੀ ਕੀਤਾ ਸਗੋਂ ਗੁਰੂ ਘਰ ਦਾ ਇੰਨਾ ਨੁਕਸਾਨ ਕੀਤਾ ਹੈ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਦਾ ਸੁਆਗਤ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਸਿਰੋਪਾ ਪਾ ਕੇ ਕੀਤਾ। ਇਸ ਮੌਕੇ ਸ੍ਰ. ਬਖਸ਼ੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨਾ ਤੇ ਸੌਦਾ ਸਾਧ ਨੂੰ ਮੁਆਫੀ ਦੇਣ ਉਪਰੰਤ ਹਵਾਈ ਜਹਾਜ ਭਰ ਕੇ ਜਥੇਦਾਰ ਨੂੰ ਵਧਾਈ ਦੇਣ ਜਾਣਾ ਸਾਬਤ ਕਰਦਾ ਹੈ ਕਿ ਬਾਦਲ ਦਲੀਏ ਪੰਥ ਪ੍ਰਸਤ ਨਹੀਂ ਸਗੋਂ ਵੋਟ ਪ੍ਰਸਤ ਹਨ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਦੇ ਪਿਤਾ ਨੂੰ ਗਦਾਰ ਦੱਸਣ ਵਾਲਿਆਂ ਦੀ ਗੋਦ ਵਿੱਚ ਉਹ ਬੈਠ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਦੇ ਪਿਤਾ ਨੂੰ ਇੱਕ ਕੇਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸੀ ਪਰ ਉਹ ਇੰਦਰਾ ਗਾਂਧੀ ਤੇ ਬੂਟਾ ਸਿੰਘ ਦੇ ਪਿੱਛੇ ਲੱਗ ਕੇ ਪੇਸ਼ ਹੋਣ ਦੀ ਬਜਾਏ ਅਕਾਲ ਤਖਤ ਦੇ ਖਿਲਾਫ ਬੋਲਦਾ ਰਿਹਾ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਤੋ ਜਦੋ ਆਦੇਸ਼ ਜਾਰੀ ਹੋਏ ਕਿ ਜਥੇਦਾਰ ਸੰਤੋਖ ਸਿੰਘ ਦਿੱਲੀ ਦੀਆ ਮੁਸ਼ਕਾਂ ਬੰਨ ਕੇ ਪੇਸ਼ ਕੀਤਾ ਜਾਵੇ ਤਾਂ ਮੁਸ਼ਕਾਂ ਤੋ ਬਚਾਉਣ ਲਈ ਉਹਨਾਂ ਦੇ ਪਿਤਾ ਸ੍ਰ ਜਗਦੇਵ ਸਿੰਘ ਬਖਸ਼ੀ, ਪਰਮਜੀਤ ਸਿੰਘ ਸਰਨਾ, ਮਹਿੰਦਰ ਸਿੰਘ ਮਠਾੜੂ ਨੇ ਸੰਤੋਖ ਸਿੰਘ ਨੂੰ ਸਮਝਾਇਆ ਤਾਂ ਬੜੀ ਮੁਸ਼ਕਲ ਨਾਲ ਇਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਸੀ। ਉਹਨਾਂ ਕਿਹਾ ਕਿ ਪਹਿਲਾਂ ਜਥੇਦਾਰ ਸੰਤੋਖ ਸਿੰਘ ਤੇ ਅੱਜ ਉਸ ਦਾ ਪੁੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਖਿੇੱਲੀ ਉਡਾ ਰਿਹਾ ਹੈ ਅਤੇ ਅਜਿਹੇ ਵਿਅਕਤੀ ਦੀ ਹਮਾਇਤ ਕਰਨਾ ਉਹਨਾਂ ਦੀ ਆਤਮਾ ਦੀ ਅਵਾਜ ਨਹੀ ਦਿੰਦੀ। ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦਾ ਪ੍ਰਧਾਨ ਤਬਦੀਲ ਹੋ ਜਾਵੇਗਾ ਤੇ ਜੀ ਕੇ ਦੀ ਥਾਂ ਤੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਹੋਵੇਗਾ ਕਿਉਂਕਿ ਉਸ ਦੀ .ਯੋਗਤਾ ਜੱਟ ਹੋਣ ਦੀ ਹੈ ਤੇ ਜੀ.ਕੇ. ਨਾਨ ਜੱਟ ਹੈ। ਉਹਨਾਂ ਕਿਹਾ ਕਿ ਬਾਦਲਾਂ ਦੀ ਹਾਰ ਤੇ ਸਰਨਿਆਂ ਦੀ ਜਿੱਤ ਦੇ ਹਰਫ ਕੰਧ ਤੇ ਲਿਖੇ ਹੋਏ ਹਨ ਕੇ ਸਰਨਿਆਂ ਕੋਲ ਹੀ ਦਿੱਲੀ ਕਮੇਟੀ ਸੁਰੱਖਿਅਤ ਹੈ। ਉਹਨਾਂ ਕਿਹਾ ਕਿ ਉਹ ਸ੍ਰ. ਸਰਨਾ ਦੀ ਹਮਾਇਤ ਦਾ ਐਲਾਨ ਕਰਦੇ ਹਨ ਤੇ ਉਹਨਾਂ ਨੂੰ ਕਾਮਯਾਬ ਕਰਨ ਲਈ ਹਰ ਪ੍ਰਕਾਰ ਦੇ ਯਤਨ ਕੀਤੇ ਜਾਣਗੇ।