ਨਵੀਂ ਦਿੱਲੀ – ਦੇਸ਼ ਦੇ ਸੱਭ ਤੋਂ ਬਿਜੀ ਟਰਮੀਨਲ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਲਈ ਸਾਊਥ ਕੋਰੀਆ ਅੱਗੇ ਆਇਆ ਹੈ। ਹਰਰੋਜ਼ ਪੰਜ ਲੱਖ ਲੋਕਾਂ ਨੂੰ ਸੰਭਾਲਣ ਵਾਲੇ ਇਸ ਰੇਲਵੇ ਸਟੇਸ਼ਨ ਦੀ ਕਾਇਆ ਪਲਟ ਕਰਨ ਲਈ ਦਸ ਹਜ਼ਾਰ ਕਰੋੜ ਰੁਪੈ ਖਰਚ ਕੀਤੇ ਜਾਣਗੇ। ਇਸ ਨਾਲ ਲੋਕਾਂ ਨੂੰ ਵਧੀਆ ਸਹੂਲਤਾਂ ਅਤੇ ਸ਼ਾਪਿੰਗ ਦੇ ਚੰਗੇ ਮੌਕੇ ਮਿਲਣਗੇ।
ਨਵੀਂ ਯੋਜਨਾ ਅਨੁਸਾਰ ਸਟੇਸ਼ਨ ਦੀ ਮਲਟੀ-ਸਟੋਰੀ ਇਮਾਰਤ ਵਿੱਚ ਡੀਪਾਰਚਰਸ ਅਤੇ ਅਰਾਈਵਲ ਦੇ ਲਈ ਵੱਖਰੇ-ਵੱਖਰੇ ਸੈਕਸ਼ਨ ਹੋਣਗੇ। ਅਜਮੇਰੀ ਗੇਟ ਵਾਲੇ ਪਾਸੇ ਬਹੁਤ ਉਚੇ ਤਿੰਨ ਟਾਵਰ ਕਮਰਸਿ਼ਅਲ ਇਸਤੇਮਾਲ ਦੇ ਲਈ ਹੋਣਗੇ। ਰੇਲ ਵਿਭਾਗ ਅਨੁਸਾਰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਰੂਪ ਬਦਲਣ ਵਿੱਚ ਸਾਊਥ ਕੋਰੀਆ ਰੇਲਵੇ ਨੇ ਦਿਲਚਸਪੀ ਵਿਖਾਈ ਹੈ। ਨਵੇਂ ਪਲਾਨ ਵਿੱਚ ਸਟੇਸ਼ਨ ਤੱਕ ਜਾਣ ਅਤੇ ਬਾਹਰ ਆਉਣ ਦੇ ਰਸਤਿਆਂ ਨੂੰ ਚੰਗੀ ਤਰ੍ਹਾਂ ਵਿਖਾਇਆ ਗਿਆ ਹੈ। ਇਸ ਵਿੱਚ ਕਨਾਟ ਪਲੇਸ ਦੇ ਟਰੈਫਿਕ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ।
ਰੇਲਵੇ ਸਟੇਸ਼ਨ ਤੇ ਟਰੇਨਾਂ ਦਾ ਉਡੀਕ ਕਰਨ ਵਾਲੇ ਯਾਤਰੀਆਂ ਲਈ ਫਰਸਟ ਫਲੋਰ ਤੇ ਕਾਫ਼ੀ ਜਗ੍ਹਾ ਹੋਵੇਗੀ। ਟਰੇਨ ਤੋਂ ਉਤਰਨ ਵਾਲੇ ਯਾਤਰੀ ਗਰਾਊਂਡ ਫਲੋਰ ਤੋਂ ਬਾਹਰ ਆ ਸਕਣਗੇ। ਦੂਸਰੇ ਫਲੋਰ ਤੇ ਦਫ਼ਤਰ ਹੋਣਗੇ। ਜੇ ਇਹ ਯੋਜਨਾ ਅੱਗੇ ਵੱਧਦੀ ਹੈ ਤਾਂ ਜਲਦੀ ਹੀ ਕੋਰੀਆ ਦੀ ਟੀਮ ਨਵੀਂ ਦਿੱਲੀ ਸਟੇਸ਼ਨ ਦਾ ਦੌਰਾ ਕਰੇਗੀ। ਡਿਵੱਲਪਮੈਂਟ ਤੋਂ ਬਾਅਦ ਸਟੇਸ਼ਨ ਵਿੱਚ ਡਿਜ਼ੀਟਲ ਸਾਈਨਜ਼, ਐਸਕੁਲੇਟਰਜ ਅਤੇ ਐਲੀਵੇਟਰਜ, ਆਟੋ ਸੈਲਫ਼ ਟਿਕਟ ਕਾਊਂਟਰਜ, ਸਪੈਸ਼ਲ ਲਾਊਂਜ ਅਤੇ ਹੋਰ ਵੀ ਬੇਹਤਰੀਨ ਸਹੂਲਤਾਂ ਉਪਲੱਭਦ ਹੋਣਗੀਆਂ।