ਨਵੀਂ ਦਿੱਲੀ – ਬੀਜੇਪੀ ਨੇ ਪੰਜਾਬ, ਗੋਆ ਅਤੇ ਉਤਰਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਲਈ ਟੀਵੀ, ਰੇਡੀਓ ਅਤੇ ਪ੍ਰਿੰਟ ਮੀਡੀਆ ਵਿੱਚ ਕੈਂਪੇਨ ਚਲਾਉਣ ਦੇ ਮਾਮਲੇ ਵਿੱਚ ਬੀਜੇਪੀ ਨੇ ਸੱਭ ਰਾਜਨੀਤਕ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਬੀਜੇਪੀ ਨੇ ਵਿਧਾਨਸਭਾ ਚੋਣਾਂ ਦੌਰਾਨ ਇਸ਼ਤਿਹਾਰਾਂ ਤੇ 150 ਕਰੋੜ ਰੁਪੈ ਦੇ ਕਰੀਬ ਖਰਚ ਕੀਤੇ ਹਨ, ਜੋ ਕਿ ਬਾਕੀ ਰਾਜਨੀਤਕ ਦਲਾਂ ਦੁਆਰਾ ਇਸ਼ਤਿਹਾਰਾਂ ਤੇ ਕੀਤੇ ਗਏ ਖਰਚਿਆਂ ਤੋਂ ਕਿਤੇ ਵੱਧ ਹਨ।
ਟੀਏਐਮ ਮੀਡੀਆ ਰੀਸਰਚ ਦੀ ਇਕਾਈ ਐਡੇਕਸ ਇੰਡੀਆ ਤੋਂ ਮਿਲੇ ਅੰਕੜਿਆਂ ਅਨੁਸਾਰ ਪਿੱਛਲੇ ਸਾਲ ਨਵੰਬਰ ਤੋਂ ਲੈ ਕੇ 4 ਫਰਵਰੀ 2017 ਤੱਕ ਤਿੰਨ ਮਾਧਿਅਮਾਂ ਤੇ ਤਿੰਨਾਂ ਰਾਜਾਂ ਦੇ ਲਈ ਸਾਰੇ ਰਾਜਨੀਤਕ ਇਸ਼ਤਿਹਾਰਾਂ ਵਿੱਚ ਬੀਜੇਪੀ ਦਾ ਹਿੱਸਾ 59% ਰਿਹਾ ਹੈ। ਇਸ ਵਿੱਚ ਪੰਜਾਬ ਵਿੱਚ ਸੱਤਾਧਾਰੀ ਸ਼ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੁਆਰਾ ਇੱਕਜੁੱਟ ਹੋ ਕੇ ਕੀਤੇ ਗਏ ਪਰਚਾਰ ਦਾ ਖਰਚ ਸ਼ਾਮਿਲ ਨਹੀਂ ਹੈ। ਇੰਡਸਟਰੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਬੀਜੇਪੀ ਨੇ ਇਨ੍ਹਾਂ ਚੋਣਾਂ ਦੌਰਾਨ ਇਸ਼ਤਿਹਾਰਾਂ ਤੇ 150 ਕਰੋੜ ਰੁਪੈ ਖਰਚ ਕੀਤੇ ਹਨ। ਅਜੇ ਵੀ ਇਸਦੀ ਸੁਤੰਤਰ ਰੂਪ ਵਿੱਚ ਪੁਸ਼ਟੀ ਨਹੀਂ ਹੋ ਸਕੀ। ਬੀਜੇਪੀ ਦੇ ਇੱਕ ਬੁਲਾਰੇ ਨੇ ਈਟੀ ਦੇ ਐਸਐਮਐਸ ਅਤੇ ਕਾਲਾਂ ਦਾ ਜਵਾਬ ਨਹੀਂ ਦਿੱਤਾ।
ਕਾਂਗਰਸ, ਸਮਾਜਵਾਦੀ ਪਾਰਟੀ, ਬਸਪਾ ਅਤੇ ਹੋਰ ਸਾਰੀਆਂ ਪਾਰਟੀਆਂ ਮਿਲ ਕੇ ਵੀ ਬੀਜੇਪੀ ਦੇ ਅੰਕੜਿਆਂ ਦੇ ਅੱਧ ਤੱਕ ਵੀ ਨਹੀਂ ਪਹੁੰਚ ਸਕੀਆਂ। ਕੁਲ ਰਾਜਨੀਤਕ ਕੈਂਪੇਨ ਵਿੱਚ ਸਪਾ ਦਾ ਇਸ਼ਤਿਹਾਰਾਂ ਵਿੱਚ ਹਿੱਸਾ 13%, ਬਸਪਾ ਦਾ 12%, ਅਤੇ ਕਾਂਗਰਸ ਦਾ 4% ਰਿਹਾ। ਰਾਜਪੱਧਰ ਤੇ ਵੇਖਿਆ ਜਾਵੇ ਤਾਂ ਯੂਪੀ ਵਿੱਚ ਰਾਜਨੀਤਕ ਇਸ਼ਤਿਹਾਰਾਂ ਵਿੱਚ ਬੀਜੇਪੀ ਦਾ ਹਿੱਸਾ 69% ਰਿਹਾ, ਸਪਾ ਦਾ 17%, ਬਸਪਾ ਦਾ 12%, ਕਾਂਗਰਸ ਅਤੇ ਲੋਕਦਲ ਦਾ 1-1% ਰਿਹਾ।
ਪੰਜਾਬ ਵਿੱਚ ਰਾਜਨੀਤਕ ਇਸ਼ਤਿਹਾਰਾਂ ਤੇ ਸ਼ਿਅਦ-ਬੀਜੇਪੀ ਦਾ ਹਿੱਸਾ 39% ਰਿਹਾ। ਬੀਜੇਪੀ ਦਾ ਸੁਤੰਤਰ ਤੌਰ ਤੇ 4%, ਕਾਂਗਰਸ ਦਾ 2% ਅਤੇ ਆਮ ਆਦਮੀ ਪਾਰਟੀ ਦਾ 1% ਰਿਹਾ। ਗੋਆ ਵਿੱਚ ਕੇਵਲ ਪ੍ਰਿੰਟ ਮੀਡੀਆ ਤੇ ਬੀਜੇਪੀ ਦਾ 39% ਅਤੇ ਕਾਂਗਰਸ ਦਾ 37% ਰਿਹਾ। ਮਹਾਂਰਾਸ਼ਟਰਵਾਦੀ ਗੋਮਾਤਕ ਪਾਰਟੀ ਦਾ ਅੰਕੜਾ 13% ਅਤੇ ਗੋਆ ਫਾਰਵਰਡ ਪਾਰਟੀ ਦਾ 4% ਰਿਹਾ।