ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਟੈਗੋਰ ਗਾਰਡਨ ਤੋਂ ਉਮੀਦਵਾਰ ਪਰਮਿੰਦਰ ਪਾਲ ਸਿੰਘ ਨੇ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਸੀਟ ’ਤੇ ਜਮ ਕੇ ਪਸੀਨਾ ਵਾਹ ਕੇ ਵੋਟਾਂ ਦੀ ਫਸਲ ਕੱਟਣ ਦੀ ਪੂਰੀ ਤਿਆਰੀ ਕਰ ਲਈ ਹੈ। ਜਿਥੇ ਜੀ. ਕੇ. ਨੇ ਬੀਤੇ 6 ਦਿਨਾਂ ਵਿਚ 3 ਵਾਰ ਹਲਕੇ ਦਾ ਦੌਰਾ ਕੀਤਾ ਉਥੇ ਹੀ ਸਿਰਸਾ ਨੇ ਕਾਰਕੂਨ ਸਭਾ ਨੂੰ ਸੰਬੋਧਿਤ ਕਰਨ ਦੇ ਨਾਲ ਹੀ ਤਿੰਨ ਘੰਟੇ ਖੁਲੀ ਜੀਪ ਵਿਚ ਬੈਠ ਕੇ ਪਰਮਿੰਦਰ ਦੇ ਹੱਕ ਵਿਚ ਵੋਟਾਂ ਮੰਗੀਆਂ।
ਜੀ. ਕੇ. ਨੇ ਚੋਣ ਦਫ਼ਤਰ ਦਾ ਉਦਘਾਟਨ, ਸੁਦਰਸ਼ਨ ਪਾਰਕ ਵਿਖੇ ਰੋਡ ਸ਼ੋਅ ਅਤੇ ਮੋਤੀ ਨਗਰ ਵਿਖੇ ਭਰਵੀ ਚੋਣ ਸਭਾ ਨੂੰ ਸੰਬੋਧਿਤ ਕਰਕੇ ਪਰਮਿੰਦਰ ਦੀ ਇਮਾਨਦਾਰ ਅਤੇ ਲਿਆਕਤ ਵਾਲੀ ਛਵੀ ਨੂੰ ਆਧਾਰ ਬਣਾ ਕੇ ਵੋਟਾਂ ਪਾਉਣ ਦੀ ਸੰਗਤਾਂ ਨੂੰ ਅਪੀਲ ਕੀਤੀ। ਸਿਰਸਾ ਨੇ ਰਾਜੌਰੀ ਗਾਰਡਨ ਵਿਧਾਨ ਸਭਾ ਦੇ ਹਲਕੇ ਵਿਚ ਪੈਂਦੇ ਇਸ ਸੀਟ ਦੇ ਹਿੱਸੇ ਟੈਗੋਰ ਗਾਰਡਨ ਵਿਖੇ ਕਾਰਕੂਨਾ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪਰਮਿੰਦਰ ਦੀ ਪੰਥਕ ਸੋਚ ਦੀ ਸਲਾਘਾ ਕੀਤੀ। ਸਿਰਸਾ ਨੇ ਇੱਕ ਕਦਮ ਹੋਰ ਅੱਗੇ ਵੱਧਦੇ ਹੋਏ ਕਾਰਕੂਨਾ ਨੂੰ ਭਰੋਸਾ ਦਿੱਤਾ ਕਿ ਤੁਹਾਡਾ ਇੱਕ ਵੋਟ ਜਿਥੇ ਪਰਮਿੰਦਰ ਨੂੰ ਦਿੱਲੀ ਕਮੇਟੀ ਦਾ ਮੈਂਬਰ ਬਣਾਏਗਾ ਉਥੇ ਹੀ ਆਉਣ ਵਾਲੀ ਨਵੀਂ ਕਮੇਟੀ ਵਿਚ ਪਰਮਿੰਦਰ ਅਹੁਦੇਦਾਰ ਵਜੋਂ ਵੀ ਸ਼ਾਮਿਲ ਹੋਵੇਗਾ।
ਜੈਕਾਰਿਆਂ ਦੀ ਗੂੰਜ ਵਿਚ ਇਸ ਤੋਂ ਉਪਰੰਤ ਨਿਕਲੇ ਰੋਡ ਸ਼ੋਅ ਵਿਚ ਵਿਸ਼ਾਲ ਇਨਕਲੈਵ, ਟੈਗੋਰ ਗਾਰਡਨ ਐਕਸ਼ਟੈਨਸ਼ਨ, ਟੈਗੋਰ ਗਾਰਡਨ, ਈ-ਬਲਾਕ ਰਘੂਬੀਰ ਨਗਰ ਦੇ ਮੁਖ ਮਾਰਗਾਂ ਤੇ ਸਿਰਸਾ ਨੇ ਪਰਮਿੰਦਰ ਦੇ ਨਾਲ ਖੁਲੀ ਜੀਪ ਵਿਚ ਸਵਾਰ ਹੋ ਕੇ ਸੰਗਤਾਂ ਨੂੰ ਵੋਟਾਂ ਅਕਾਲੀ ਦਲ ਦੇ ਹੱਕ ਵਿਚ ਪਾਉਣ ਦੀ ਮੰਗ ਕੀਤੀ।