ਕਿਸੇ ਵੀ ਪ੍ਰਾਂਤ ਜਾਂ ਰਾਜ ਵਿੱਚ, ਜਿੱਥੇ ਕਿ ਵੱਖ-ਵੱਖ ਧਰਮਾਂ, ਜਾਤੀਆਂ ਅਤੇ ਮੱਤਾਂ-ਸਿਧਾਂਤਾਂ ਨੂੰ ਮੰਨਣ ਵਾਲੇ ਲੋਕ ਵੱਸਦੇ ਹੋਣ, ਇੱਕ ਉਹ ਚੀਜ਼ ਜੋ ਕਿ ਉਹਨਾਂ ਦਾ ਏਕਾ ਦਰਸਾਉਂਦੀ ਅਤੇ ਉਹਨਾਂ ਨੂੰ ਇੱਕ ਅਟੁੱਟ ਬੰਧਨ ‘ਚ ਬੰਨਕੇ ਰੱਖਦੀ ਹੈ, ਉਹ ਹੁੰਦੀ ਹੈ ਉੱਥੋਂ ਦੀ ਬੋਲੀ, ਜਿਸ ਨੂੰ ਕਿ ਮਾਂ-ਬੋਲੀ ਕਿਹਾ ਜਾਂਦਾ ਹੈ।
ਇਸ ਦਾ ਸੰਬੰਧ ਕਿਸੇ ਧਰਮ ਜਾਂ ਵਰਗ-ਵਿਸ਼ੇਸ਼ ਨਾਲ ਨਹੀਂ ਹੁੰਦਾ। ਇਹ ਐਸਾ ਅਨੋਖਾ ਬੰਧਨ ਹੈ ਜੋ ਕਿ ਉੱਥੋਂ ਦੇ ਲੋਕਾਂ ਨੂੰ ਧਾਰਮਿਕ ਭਿੰਨਤਾਵਾਂ ਤੋਂ ਉੱਪਰ ਉੱਠਦੇ ਹੋਏ, ਇੱਕ ਵਿਲੱਖਣਤਾ ਦੇ ਧਾਗੇ ‘ਚ ਪਿਰੋਂਦਾ ਹੈ। ਮਾਂ-ਬੋਲੀ, ਪ੍ਰਾਂਤ ਦੇ ਲੋਕਾਂ ਨੂੰ ਆਪਣੀਆਂ ਜੜ੍ਹਾਂ, ਪ੍ਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਸੱਭਿਆਚਾਰ ਨਾਲ ਸਦਾ ਲਈ ਜੋੜਕੇ ਰੱਖਦੀ ਹੈ ਅਤੇ ਇਹਨਾਂ ਦੀ ਅੰਗ-ਰੱਖਿਅਕ ਸਾਬਿਤ ਹੁੰਦੀ ਹੈ। ਹਿੰਦੋਸਤਾਨ ਦੇ ਕਈ ਇਲਾਕਿਆਂ, ਜਿਵੇਂ ਕਿ ਬੰਗਾਲ ਜਾਂ ਦੱਖਣੀ ਰਾਜਾਂ ‘ਚ, ਜਿੱਥੇ ਮਾਂ-ਬੋਲੀ ਨੂੰ ਉੱਥੋਂ ਦੇ ਲੋਕਾਂ ਦੁਆਰਾ ਆਪਣੇ ਦਿਲਾਂ ਵਿੱਚ ਇੱਕ ਪਵਿੱਤਰ ਅਤੇ ਪੂਜਨੀਕ ਸਥਾਨ ਦਿੱਤਾ ਜਾਂਦਾ ਹੈ, ਉੱਥੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਦੀ ਮਾਂ-ਬੋਲੀ ਪੰਜਾਬੀ ਨੂੰ ਉਸ ਦੇ ਆਪਣੇ ਪ੍ਰਾਂਤ ਵਿੱਚ ਹੱਦੋਂ ਵੱਧ ਭੈੜੇ ਵਰਤਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਤੇ ਸਿਲਸਲੇਵਾਰ ਆਉਂਦੀਆਂ ਰਾਜ ਸਰਕਾਰਾਂ ਦੀਆਂ ਇਸ ਪ੍ਰਤੀ ਅਣਗਹਿਲੀਆਂ ਅਤੇ ਅਵੇਸਲੇਪਣ ਕਰਕੇ ਅਤੇ ਕੁੱਝ ਪੰਜਾਬੀਆਂ ਦੇ ਖੁੱਦ ਦੇ ਹੀ ਪ੍ਰੇਮ ਅਤੇ ਜਜ਼ਬਾਤਾਂ ਦੀ ਘਾਟ ਦੇ ਕਾਰਣ ਪੰਜਾਬੀ ਬੋਲਣ, ਲਿਖਣ ਅਤੇ ਪੜ੍ਹਨ ਵਿੱਚ ਨਿਰੰਤਰ ਗਿਰਾਵਟ ਪਾਈ ਜਾ ਰਹੀ ਹੈ।
ਕੁੱਝ ਲਿਖਾਰੀ ਅਤੇ ਸਾਹਿਤਕ ਅਤੇ ਸਮਾਜਿਕ ਸੰਸਥਾਂਵਾਂ ਇਸ ਦੀ ਰਾਖੀ ਅਤੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਯਤਨਸ਼ੀਲ ਹਨ। ਪਰ ਰਾਜ ਦੀਆਂ ਸਰਕਾਰਾਂ ਵਲੋਂ ਸਹਾਇਤਾ ਦੀ ਘਾਟ ਅਤੇ ਉਹਨਾਂ ਦੇ ਕੰਨ ਤੇ ਕੋਈ ਜੂੰ ਨਾ ਸਰਕਣ ਵਾਲੇ ਰਵੱਈਏ ਕਾਰਣ, ਇਹਨਾਂ ਦੇ ਪੰਜਾਬੀ ਬੋਲੀ ਦੇ ਪਸਾਰ ਅਤੇ ਪ੍ਰਸਾਰ ਲਈ ਕੀਤੇ ਉੱਦਮ ਲੋੜਿੰਦਾ ਫਲ਼ ਨਹੀਂ ਦੇ ਪਾ ਰਹੇ।
ਪੰਜਾਬੀ ਬੋਲੀ ਦੇ ਪ੍ਰਤੀ ਪੇਸ਼ ਆ ਰਹੀਆਂ ਕੁੱਝ ਖਾਮੀਆਂ ਅਤੇ ਉਹਨਾਂ ਨੁੰ ਦੂਰ ਕਰਨ ਲਈ ਪੰਜਾਬ ਸਰਕਾਰ ਦੇ ਧਿਆਨ ਹਿੱਤ ਲਿਆਉਣ ਲਈ ਕੁੱਝ ਸੁਝਾਅ ਹੇਠਾਂ ਲਿਖਤ ਹਨ।
1. ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਨੂੰ ਲਾਜ਼ਮੀ ਤੋਰ ਤੇ ਯਕੀਨੀ ਬਣਾਉਣਾ।
2. ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਨਾ।
3. ਅੰਗਰੇਜ਼ੀ ਮਾਧਮਿਕ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਰੋਕ ਲਗਾਉਣ ਵਾਲੇ ਤੁਗਲਕੀ ਫੂਰਮਾਨਾਂ ਤੇ ਨੱਥ ਪਾਉਣਾ।
4. ਪੰਜਾਬ ਦੇ ਸਾਰੇ ਦਿਸ਼ਾਂ-ਸੂਚਕ ਅਤੇ ਨਿਰਦੇਸ਼ ਤਖ਼ਤੀਆਂ ਉੱਤੇ ਸ਼ੁੱਧ ਪੰਜਾਬੀ ਲਿਖਣਾ ਅਤੇ ਗਲਤੀਆਂ ਦੀ ਦਰੁਸਤੀ ਕਰਨੀ।
5. ਪੰਜਾਬ ਵਿਚਲੇ ਕੇਂਦਰੀ ਅਦਾਰਿਆਂ ਵਿੱਚ ਪੰਜਾਬੀ ਬੋਲੀ ਦੀ ਅਣ-ਵਰਤੋਂ ਨੂੰ ਇੱਕ ਗੰਭੀਰ ਵਿਸ਼ਾ ਸਮਝਦੇ ਹੋਏ, ਦੂਜੇ ਰਾਜਾਂ ਵਾਂਗ ਤ੍ਰੈ-ਭਾਸ਼ਾ ਫਾਰਮੂਲਾ ਦੀ ਵਰਤੋਂ ਕਰਦੇ ਹੋਏ, ਪੰਜਾਬੀ ਬੋਲੀ ਦੀ ਵਰਤੋਂ ਯਕੀਨੀ ਬਣਵਾਉਣਾ।
6. ਲੇਖਕਾਂ, ਸਾਹਿਤਕਾਰਾਂ ਅਤੇ ਸੰਬੰਧਿਤ ਸੰਸਥਾਵਾਂ ਦੇ ਪੰਜਾਬੀ ਬੋਲੀ ਦੇ ਪਸਾਰ ਅਤੇ ਪ੍ਰਸਾਰ ਲਈ ਕੀਤੇ ਯਤਨਾਂ ਦਾ ਹਰ ਸੰਭਵ ਤਰੀਕੇ ਨਾਲ ਸਹਿਯੋਗ ਕਰਨਾ।
7. ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ ਦਾ ਵਿਰੋਧ ਕਰਦੇ ਹੋਏ ਉੱਥੇ ਸਮੂਹ ਵਿਦਿਅਕ ਸੰਸਥਾਵਾਂ ਵਿੱਚ ਪੰਜਾਬੀ ਲਾਜ਼ਲੀ ਤੋਰ ਤੇ ਪੜ੍ਹਾਉਣਾ ਅਤੇ ਸਰਕਾਰੀ ਦਫਤਰਾਂ ‘ਚ ਪੰਜਾਬੀ ਵਿੱਚ ਕੰਮ-ਕਾਜ ਕਰਨ ਨੂੰ ਯਕੀਨੀ ਬਣਾਉਣਾ। ਇਸ ਤੋਂ ਇਲਾਵਾ ਸਰਕਾਰੀ ਪੰਜਾਬੀ ਸਕੂਲਾਂ ਦੀ ਸਥਾਪਨਾ ਵੱਲ ਉਚੇਚਾ ਧਿਆਨ ਦੇਣਾ।
ਅੱਜ ਕੋਮਾਂਤਰੀ ਮਾਂ-ਬੋਲੀ ਦਿਵਸ ਤੇ ਸਮੂਹ ਪੰਜਾਬੀਆਂ ਨੂੰ ‘ਮੇਰੀ ਮਾਂ ਬੋਲੀ ਪੰਜਾਬੀ ਸਭਾ’ ਜਿੱਥੇ ਵਧਾਈਆਂ ਦਿੰਦੀ ਹੈ, ਉੱਥੇ ਹੀ ਆਉਣ ਵਾਲੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਆਪਣੇ ਉਲੀਕੇ ਗਏ ਟੀਚਿਆਂ ਵਿੱਚ ਮਾਂ-ਬੋਲੀ ਦੀ ਸੇਵਾ ਅਤੇ ਸੰਭਾਲ ਨੂੰ ਹੋਰਨਾਂ ਗੰਭੀਰ ਮੁੱਦਿਆਂ ਦੇ ਤੁੱਲ ਹੀ ਰੱਖਿਆ ਜਾਵੇ। ਪੰਜਾਬੀਆਂ ਅਤੇ ਪੰਜਾਬੀ ਬੋਲੀ ਦੀ ਪੀੜਿਤ ਮਨੋਦਸ਼ਾ ਵੱਲ ਉਚੇਚਾ ਧਿਆਨ ਦਿੰਦੇ ਹੋਏ ਸਾਡੀ ਰਾਜ-ਭਾਸ਼ਾ ਨੂੰ ਇਸਦਾ ਬਣਦਾ ਮਾਣ-ਸਨਮਾਨ ਅਤੇ ਰੁਤਬਾ ਪ੍ਰਦਾਨ ਕੀਤਾ ਜਾਵੇ। ਇਸਦੇ ਨਾਲ ਹੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਆਪਣੀ ਮਾਂ-ਬੋਲੀ ਤੇ ਮਾਣ ਮਹਿਸੂਸ ਕਰਦੇ ਹੋਏ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਅਤੇ ਪੰਜਾਬੀ ਲਿਖੋ।