ਨਾਅਰਾ ‘ਮਾਂ ਬੋਲੀ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ ਜਾਉਗੇ’
ਕੀ ਸਿਰਫ ਕੰਧਾਂ ਤੇ ਲਿਖਣ ਵਾਸਤੇ ਹੈ?
ਇਹ ਮੰਨਿਆ ਜਾਂਦਾ ਹੈ ਕਿ, ‘ਜੇ ਕੋਈ ਦੁਨੀਆ ਵਿੱਚ ਕੋਈ ਸੱਭ ਤੋਂ ਵੱਡਾ, ਮਿੱਠਾ ਸ਼ਬਦ ਹੈ ਤਾਂ ਉਹ ਹੈ ‘ਮਾਂ’ ਅਤੇ ਇਹ ਸ਼ਬਦ ਕੇਵਲ ਇੱਕ ਇਨਸਾਨ ਲਈ ਵਰਤਿਆ ਜਾਂਦਾ ਹੈ ਜਿਸਦੀ ਕੁੱਖੋਂ ਇਨਸਾਨ ਜੰਮਦਾ ਹੈ ਅਤੇ ਹੋਰ ਕਿਸੇ ਲਈ ਨਹੀਂ, ਪਰ ਜੇ ਮਾਂ ਜਿੰਨਾਂ ਹੀ ਕੋਈ ਹੋਰ ਪਿਆਰਾ ਹੁੰਦਾ ਹੈ ਤਾਂ ਉਹ ਹੈ ਸਾਡੀ ‘ਮਾਂ ਬੋਲੀ’। ਭਾਵ ਜੋ ਬੋਲੀ ਅਸੀਂ ਆਪਣੀ ਮਾਂ ਤੋਂ ਸਿੱਖਦੇ ਹਾਂ, ਜਿਸ ਬੋਲੀ ਵਿੱਚ ਉਸ ਵੇਲੇ ਅਸੀਂ ਆਪਣੀ ਮਾਂ ਕੋਲੋਂ ਮਿੱਠੀਆਂ ਲੋਰੀਆਂ ਸੁਣੀਆਂ ਸਨ ਜਦ ਸਾਨੂੰ ਸ਼ਬਦ ਜਾਂ ਅੱਖਰਾਂ ਦਾ ਕੋਈ ਬੋਧ ਹੀ ਨਹੀਂ ਸੀ।
ਅੱਜ ਦੇ ਪੰਜਾਬ ਵਿਚਲੇ ਮੌਜੂਦਾ ਹਾਲਾਤ ਪੰਜਾਬੀ ਮਾਂ ਬੋਲੀ ਪ੍ਰਤੀ ਬਹੁਤ ਹੀ ਗੰਭੀਰ, ਚਿੰਤਾ ਅਤੇ ਚਿੰਤਨ ਕਰਨ ਵਾਲੇ ਬਣ ਗਏ ਹਨ। ਭਾਵੇਂ ਕਿ ਅਜਿਹੀ ਸਥਿਤੀ ਦੇਖਦੇ ਹੋਏ ਹੀ ਪੰਜਾਬ ਸਰਕਾਰ ਵੱਲੋਂ ਬਕਾਇਦਾ ਪੰਜਾਬੀ ਮਾਂ ਬੋਲੀ ਕਾਨੂੰਨ (ਐਕਟ) ਬਣਾ ਕੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ ਪਰ ਅਮਲੀ ਰੂਪ ਵਿੱਚ ਹਾਲਤ ਜਿਉਂ ਦੀ ਤਿਉਂ ਸਥਿਤੀ ਵਾਲੀ ਹੀ ਹੈ। ਅੱਜ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵਰਗ ਖ਼ਾਸ ਤੌਰ ਤੇ ਪਹਿਲੀ ਜਮਾਤ ਤੋਂ ਦਸਵੀਂ/ਬਾਰਵ੍ਹੀਂ ਵਾਲਿਆਂ ਤੱਕ ਦੀ ਪੰਜਾਬੀ ਮਾਂ ਬੋਲੀ ਪ੍ਰਤੀ ਸ਼ਰਧਾ ਸਤਿਕਾਰ ਅਤੇ ਸਮਝ ਲਗਭਗ ਖਤਮ ਹੋ ਚੁੱਕੀ ਹੈ। ਭਾਵੇਂ ਕਿ ਸਾਡੀ ਮਾਂ ਬੋਲੀ ਦੀ ਸ਼ੁਰੂਆਤ ਸਾਡੇ ਘਰ ਤੋਂ ਹੁੰਦੀ ਹੈ ਭਾਵ ਮੁੱਢ ਘਰ ਤੋਂ ਹੀ ਬੱਝਦਾ ਹੈ, ਪਰ ਇਸਦੀ ਨੀਂਹ ਪੱਕੀ ਹੁੰਦੀ ਹੈ ਸਕੂਲ ਵਿੱਚ ਜਾ ਕੇ। ਜਿੱਥੇ ਬੱਚੇ ਨੇ ਪੈਂਤੀ ਨੂੰ ਸਮਝਣਾ ਸਿੱਖਣਾ ਹੁੰਦਾ ਹੈ ਅਤੇ ਉਸਦੇ ਨਾਲ ਹੀ ਹੋਰ ਭਾਸ਼ਾਵਾਂ ਖਾਸ ਤੌਰ ਤੇ ਹਿੰਦੀ ਅਤੇ ਅੰਗ੍ਰੇਜੀ ਨੂੰ ਵੀ ਸਿੱਖਣਾ, ਸਮਝਣਾ ਹੁੰਦਾ ਹੈ। ਪਰ ਅੱਜ ਤੇ ਇਸ ਸਮੇਂ ਵਿੱਚ ਸਕੂਲਾਂ ਵੱਲੋਂ ‘ਖਾਸ ਤੌਰ ਤੇ ਨਿੱਜੀ ਸਕੂਲਾਂ ਵੱਲੋਂ’ ਵੱਡੇ ਪੱਧਰ ਤੇ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕਰਨ ਸਬੰਧੀ ਕਈ ਮਾਮਲੇ ਕਈ ਵਾਰ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ। ਅੰਗ੍ਰੇਜੀ ਮਾਧਿਅਮ ਸਕੂਲਾਂ ਦੇ ਵਿਦਿਆਰਥੀਆਂ ਦਾ ਤਾਂ ਹੋਰ ਵੀ ਬੁਰਾ ਹਾਲ ਹੈ। ਭਾਵੇਂ ਕਿ ਸਕੂਲਾਂ ਦੇ ਨਾਮ ਪੰਜਾਬ ਦੇ ਯੋਧਿਆਂ, ਸੂਰਬੀਰਾਂ ਅਤੇ ਗੁਰੂ ਸਾਹਿਬਾਨਾਂ ਦੇ ਨਾਮ ਤੇ ਹੀ ਕਿਉਂ ਨਾ ਹੋਣ ਪਰ ਅੰਦਰ ਪੰਜਾਬੀ ਨੂੰ ਬਾਹਰ ਦਾ ਰਸਤਾ ਹੀ ਦਿਖਾਇਆ ਹੁੰਦਾ ਹੈ, ਇਸੇ ਕਰਕੇ ਹੀ ਸਾਡੇ ਲੱਖ ਚਾਹੁਣ ਤੇ ਵੀ ਸਾਡੇ ਬੱਚੇ ਸਾਡੇ ਨਾਲ ਪੰਜਾਬੀ ਵਿੱਚ ਗੱਲ ਨਹੀਂ ਕਰਦੇ ਅਤੇ ਹਿੰਦੀ ਨੂੰ ਪਹਿਲ ਦਿੰਦੇ ਹਨ, ਕਿਉਂਕਿ ਸਕੂਲ ਦਾ ਸਾਰਾ ਮਾਹੌਲ ਅਧਿਆਪਕਾਂ ਤੋਂ ਲੈ ਕੇ ਹਰ ਉਪੱਰਲੇ ਅਤੇ ਹੇਠਲੇ ਦਰਜੇ ਤੱਕ ਹਿੰਦੀ ਹੀ ਹੈ।
ਅੱਜ ਪੰਜਾਬ ਵਿੱਚ ਵੱਸਣ ਵਾਲਾ ਹਰ ਪੰਜਾਬੀ ਆਪਣੇ ਦਿਲ ਨੂੰ ਕੋਸ ਰਿਹਾ ਹੈ ਕਿ ਉਸਦੇ ਬੱਚੇ ਨੂੰ ਪੰਜਾਬੀ ਲਿਖਣੀ, ਪੜ੍ਹਨੀ, ਬੋਲਣੀ ਨਹੀਂ ਆਉਂਦੀ ਅਤੇ ਮੇਰੇ ਅਤੇ ਹੋਰਾਂ ਵਾਂਙ ਸਕੂਲਾਂ ਨੂੰ ਇਸਦਾ ਦੋਸੀ ਵੀ ਮੰਨਦਾ ਹੈ ਪਰ ਕਰ ਕੁੱਝ ਨਹੀਂ ਰਿਹਾ। ਯਾਦ ਰਹੇ ਕੇਵਲ ਸਕੂਲਾਂ ਨੂੰ ਦੋਸ਼ ਦੇਣ ਤੋਂ ਬਾਅਦ ਅਸੀਂ ਖੁਦ ਵੀ ਦੋਸ਼ ਮੁਕਤ ਨਹੀਂ ਹੋ ਸਕਦੇ। ਕਿਉਂਕਿ ਅੱਜ ਸਾਡੇ ਘਰਾਂ ਦੇ ਵਿੱਚ ਵੀ ਹਰ ਖੁਸ਼ੀ/ਗਮੀ ਦੇ ਸਬੰਧੀ ਸੰਦੇਸ਼ ਪੰਜਾਬੀ ਵਿੱਚ ਨਹੀਂ ਹੁੰਦੇ, ਇਸੇ ਤਰ੍ਹਾਂ ਪੰਜਾਬ ਵਿੱਚ ਦੂਜੇ ਰਾਜਾਂ (ਸੂਬਿਆਂ) ਵਿੱਚਲੀਆਂ ਸੰਸਥਾਵਾਂ (ਕੰਪਨੀਆਂ) ਦਾ ਸਮਾਨ ਅਤੇ ਹੋਰ ਇਸ਼ਤਿਹਾਰਬਾਜ਼ੀ ਵਿੱਚ ਵੀ ਜਦੋਂ ਪੰਜਾਬੀ ਲਿਖੀ ਜਾਂਦੀ ਹੈ ਤਾਂ ਵੱਡੀ ਗਿਣਤੀ ਵਿੱਚ ਗਲਤੀਆਂ ਅਕਸਰ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ। ਸਾਡੇ ਦਸਤਖਤ ਪੰਜਾਬੀ ਵਿੱਚ ਨਹੀਂ ਹਨ। ਕਿਸੇ ਵੀ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਸਬੰਧੀ ਪੰਜਾਬੀ ਵਿੱਚ ਛਪੀ ਹੋਈ ਰਸੀਦ ਦੇਖਣ ਨੂੰ ਨਹੀਂ ਮਿਲਦੀ।
ਹਾਲ ਵਿੱਚ ਹੀ ਪੰਜਾਬ ਵਿਧਾਨ ਸਭਾ ਚੌਣਾਂ ਦੌਰਾਨ ਪੰਜਾਬੀ ਮਾਂ ਬੋਲੀ ਦੇ ਵਿਕਾਸ, ਪ੍ਰਚਾਰ-ਪ੍ਰਸਾਰ ਲਈ ਕਿਸੇ ਵੀ ਪਾਰਟੀ ਨੇ ਕੋਈ ਠੋਸ ਰੂਪ ਵਿੱਚ ਪੰਜਾਬੀ ਮਾਂ ਬੋਲੀ ਦਾ ਪੱਧਰ ਉੱਚਾ ਚੁੱਕਣ ਬਾਰੇ ਸਪੱਸ਼ਟ ਲਫਜ਼ਾਂ ਵਿੱਚ ਕੁੱਝ ਨਾ ਕਿਹਾ। ਪ੍ਰਾਪਤ ਖ਼ਬਰਾਂ ਅਨੁਸਾਰ ਸਿਆਸੀ ਰੈਲੀਆਂ, ਨੁੱਕੜ ਮੀਟਿੰਗਾਂ ਜਾਂ ਸਿਆਸੀ ਪ੍ਰਚਾਰ ਵਹੀਰਾਂ ਦੌਰਾਨ ਵੀ ਕਿਸੇ ਖਿੱਤੇ ਜਾਂ ਕਸਬੇ ਵਿੱਚ ਕਿਸੇ ਪਾਰਟੀ ਨੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਦੀ ਗੱਲ ਨਹੀਂ ਕੀਤੀ।
ਚੋਣਾਂ ਦੌਰਾਨ ਆਪੋ-ਆਪਣੀ ਸਿਆਸੀ ਪਾਰਟੀ ਦੇ ਪ੍ਰਚਾਰ-ਪ੍ਰਸਾਰ ਵਾਸਤੇ ਮੁਫਤ ਵਿੱਚ ਵੰਡੀ ਗਈ ਪ੍ਰਚਾਰ ਸਮੱਗਰੀ ਦੀ ਗੱਲ ਕਰਦੇ ਹਾਂ ਤਾਂ ਮੱਤ ਹੈਰਾਨ ਹੋ ਜਾਂਦੀ ਹੈ ਕਿ ਇਸ ਸਬੰਧੀ ਛਾਪੇ ਜਾਂ ਛਪਵਾਏ ਗਏ ਇਸ਼ਤਿਹਾਰਾਂ ਵਿੱਚ ਜੋ ਗਲੀਆਂ-ਬਾਜ਼ਾਰਾਂ ਵਿੱਚ ਜਾਂ ਅਖਬਾਰਾਂ ਰਾਹੀਂ ਆਪੋ ਆਪਣੇ ਇਲਾਕੇ ਵਿੱਚ ਵੰਡੇ ਗਏ ਸੰਦੇਸ਼ ਜਾਂ ਅਪੀਲਾਂ ਵਿੱਚ ਪੰਜਾਬੀ ਦੀ ਥਾਂ ਹਿੰਦੀ ਦੇ ਲਫਜ਼ ਵਰਤੇ ਗਏ ਉੱਥੇ ਪੰਜਾਬੀ ਦੇ ਸ਼ਬਦ ਜੋੜਾਂ ਵਿੱਚ ਗਲਤੀਆਂ ਦੀ ਬਹੁਤਾਤ ਰਹੀ। ਮੈਂ ਆਪਣੀ ਨਜ਼ਰ ਵਿੱਚ ਕੋਈ ਅਜਿਹਾ ਇਸ਼ਤਿਹਾਰ ਨਹੀਂ ਦੇਖਿਆ ਜਿਸ ਵਿੱਚ ਪੰਜਾਬੀ ਸ਼ਬਦ ਜੋੜ ਸਮੇਤ ਕੰਪਿਉਟਰ ਟਾਈਪ ਸੈਟਿੰਗ ਵਿੱਚ ਗਲਤੀ ਨਾ ਕੀਤੀ ਗਈ ਹੋਵੇ। ਆਪਣੀਆਂ ਫ਼ੋਟੋਆਂ, ਆਪਣੀ ਪਾਰਟੀ ਦੇ ਨਾਅਰੇ, ਆਪਣੀ ਪਾਰਟੀ ਦਾ ਚਿੰਨ੍ਹ ਰੰਗ ਬਿਰੰਗੇ ਇਸ਼ਤਿਹਾਰਾਂ ਵਿੱਚ ਚਮਕਾ ਕੇ ਛਪਵਾਉਣ ਵੇਲੇ ਜੇਕਰ ਪੰਜਾਬੀ ਮਾਂ ਬੋਲੀ ਨੂੰ ਵੀ ਚਮਕਾ ਕੇ ਰੱਖਦੇ ਤਾਂ ਸ਼ਾਇਦ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਇੰਨੀ ਨਿਰਾਸ਼ਾ ਨਾ ਹੁੰਦੀ ਜਿੰਨੀ ਹੁਣ ਇਹ ਸੱਭ ਕੁੱਝ ਦੇਖ ਕੇ ਹੋਈ ਹੈ।
ਸੋ ਕੌਮਾਂਤਰੀ ਪੱਧਰ ਤੇ ਅੱਜ ਮਾਂ ਬੋਲੀ ਦਿਹਾੜਾ ਮਨਾਇਆ ਜਾ ਰਿਹਾ ਹੈ, ਤਾਂ ਜ਼ਰੂਰ ਫਰਜ਼ ਬਣਦਾ ਹੈ ਕਿ ‘ਮਾਂ ਬੋਲੀ ਨੂੰ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁੱਲ ਜਾਉਗੇ’ ਦੇ ਨਾਅਰੇ ਕੇਵਲ ਕੰਧਾਂ ’ਤੇ ਲਿਖਣ ਤੱਕ ਸੀਮਿਤ ਰੱਖਣਾ ਹੈ ਕਿ ਜਾਂ ਫਿਰ ਜਿੰਦਗੀ ਦਾ ਹਿੱਸਾ ਵੀ ਬਣਾਉਣਾ ਹੈ?