ਵਾਸ਼ਿੰਗਟਨ – ਅਮਰੀਕਾ ਦੇ ਪ੍ਰਮੁੱਖ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ਨੂੰ ਲਗਾਤਾਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮੀਡੀਆ ਅਤੇ ਟਰੰਪ ਦੇ ਦਰਮਿਆਨ ਖਾਈ ਹੋਰ ਵੀ ਡੂੰਘੀ ਹੁੰਦੀ ਜਾ ਰਹੀ ਹੈ। ਵਾਈਟ ਹਾਊਸ ਨੇ ਦੇਸ਼ ਦੇ ਕਈ ਮੁੱਖ ਸਮਾਚਾਰ ਸੰਸਥਾਂਵਾਂ ਦੇ ਪ੍ਰਤੀਨਿਧੀਆਂ ਨੂੰ ਆਪਣੀ ਪ੍ਰੈਸ ਬਰੀਫਿੰਗ ਨੂੰ ਕਵਰ ਕਰਨ ਤੋਂ ਬੈਨ ਕਰ ਦਿੱਤਾ ਹੈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸ਼ਾਨ ਸਪਾਈਸਰ ਨੇ ਸ਼ੁਕਰਵਾਰ ਨੂੰ ਕੁਝ ਚੋਣਵੇਂ ਸਮਾਚਾਰ ਪੱਤਰਾਂ ਦੇ ਪ੍ਰਤੀਨਿਧੀਆਂ ਨੂੰ ਆਪਣੇ ਵੈਸਟ ਵਿੰਗ ਦੇ ਦਫ਼ਤਰ ਵਿੱਚ ਕਵਰਜ਼ ਕਰਨ ਲਈ ਬੁਲਾਇਆ, ਜਦੋਂ ਕਿ ਇਸ ਤੋਂ ਪਹਿਲਾਂ ਜੇਮਸ ਐਸ ਬਰੈਡੀ ਬਰੀਫਿੰਗ ਰੂਮ ਵਿੱਚ ਪੱਤਰਕਾਰਾਂ ਨੂੰ ਸੱਦਿਆ ਜਾਂਦਾ ਸੀ।
ਰਾਸ਼ਟਰਪਤੀ ਟਰੰਪ ਨੇ ਆਪਣੇ ਭਾਸ਼ਣ ਵਿੱਚ ਸੀਐਨਐਨ,ਨਿਊਯਾਰਕ ਟਾਈਮਜ਼,ਐਲਏ ਟਾਈਮਜ਼, ਬੀਬੀਸੀ, ਨਿਊਯਾਰਕ ਡੇਲੀ ਨਿਊਜ਼, ਬਜ਼ਫੀਡ, ਦਾ ਹਿਲ ਅਤੇ ਦਾ ਡੇਲੀ ਮੇਲ ਦੀ ਜਮ ਕੇ ਆਲੋਚਨਾ ਕੀਤੀ। ਉਨ੍ਹਾਂ ਨੂੰ ਬਿਨਾਂ ਕਾਰਣ ਦੱਸੇ ਪ੍ਰੈਸ ਬਰੀਫਿੰਗ ਕਰਨ ਤੋਂ ਵੀ ਰੋਕ ਦਿੱਤਾ ਗਿਆ। ਰਾਸ਼ਟਰਪਤੀ ਦੀ ਪਸੰਦ ਦੇ ਨਿਊਜ਼ ਚੈਨਲਾਂ ਜਿਵੇਂ ਕਿ ਏਬੀਸੀ,ਐਨਬੀਸੀ,ਫਾਕਸ ਨਿਊਜ਼, ਸੀਬੀਐਸ, ਬਲੂੰਬਰਗ ਅਤੇ ਰਾਈਟਰ ਦੇ ਪ੍ਰਤੀਨਿਧੀਆਂ ਨੂੰ ਹੀ ਕਵਰਜ਼ ਕਰਨ ਦੀ ਇਜ਼ਾਜ਼ਤ ਦਿੱਤੀ ਗਈ।
‘ਨਿਊਯਾਰਕ ਟਾਈਮਜ਼’ ਦੇ ਸੰਪਾਦਕ ਡੀਨ ਬੇਕਵੇ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਅਜਿਹਾ ਅਖ਼ਬਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਅਸੀਂ ਨਿਊਯਾਰਕ ਟਾਈਮਜ਼ ਅਤੇ ਹੋਰ ਸਮਾਚਾਰ ਸੰਗਠਨਾਂ ਦੇ ਬਾਈਕਾਟ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਅਨੁਸਾਰ ਇੱਕ ਪਾਰਦਰਸ਼ੀ ਸਰਕਾਰ ਵਿੱਚ ਸੁਤੰਤਰ ਮੀਡੀਆ ਦੀ ਪਹੁੰਚ ਸਪੱਸ਼ਟ ਰੂਪ ਵਿੱਚ ਰਾਸ਼ਟਰੀ ਹਿੱਤ ਦੀ ਗੱਲ ਹੁੰਦੀ ਹੈ।
‘ਬਜਫੀਡ’ ਦੇ ਐਡੀਟਰ-ਇਨ-ਚੀਫ਼ ਬੇਨ ਸਮਿਥ ਨੇ ਵੀ ਇਸ ਬਾਰੇ ਆਪਣੇ ਵਿਚਾਰ ਪ੍ਰਗੱਟ ਕਰਦੇ ਹੋਏ ਕਿਹਾ ਕਿ ਅਸੀਂ ਦ੍ਰਿੜਤਾ ਨਾਲ ਵਾਈਟ ਹਾਊਸ ਦੇ ਇਸ ਕਦਮ ਦਾ ਵਿਰੋਧ ਕਰਦੇ ਹਾਂ। ਅਖ਼ਬਾਰਾਂ ਦੇ ਇਸ ਬਾਈਕਾਟ ਦਾ ਸੱਭ ਪਾਸਿਆਂ ਤੋਂ ਤਿੱਖਾ ਵਿਰੋਧ ਜਤਾਇਆ ਜਾ ਰਿਹਾ ਹੈ।