ਮੈਂ ਤਾਂ ਅਜੇ ਬੀਜ ਨੂੰ
ਧਰਤ ਛੁਹਾਈ ਸੀ-
ਪਾਣੀ ਦ ਘੁੱਟ ਪਾਇਆ ਸੀ-ਓਹਦੇ ਤਨ ਤੇ
ਬੀਜ ਜਾਗਿਆ ਅੱਖਾਂ ਖੋਲੀਆਂ
ਹਿੱਕ ਚੋਂ ਪਹਿਲਾਂ ਮੇਰੇ ਲਈ
ਪੌਦਾ ਬਣ ਉੱਗਮਿਆ-
ਮੈਨੂੰ ਸਾਹ ਬਖਸ਼ਣ ਲੱਗਾ-
ਨਿੱਕਾ ਜੇਹਾ ਬੂਟਾ ਬਣ-
ਮੇਰੇ ਸਾਹਮਣੇ ਜੁਆਨ ਹੁੰਦਾ ਗਿਆ
ਕਿਤੇ ਨਾ ਜਾਂਦਾ ਆਉਂਦਾ
ਇੱਕ ਜਗਾ ਤੇ ਹੀ ਖੜ੍ਹਾ 2
ਮੇਰੇ ਲਈ ਪੱਤਿਆਂ ਦਾ ਅੰਬਾਰ ਬਣ
ਝੱਲਣ ਲੱਗਾ ਪੱਖੀਆਂ
ਮੇਰੇ ਕੋਲੋਂ ਉਹ ਪਾਣੀ ਹੀ ਮੰਗਦਾ
ਮੇਰੇ ਵਿਹੜੇ ਦਾ ਸ਼ਿੰਗਾਰ
ਮੋਢਿਆਂ ਤੇ ਓਹ ਕਈ ਕਬੀਲਦਾਰੀਆਂ ਚੁੱਕ
ਖੜ੍ਹਾ ਹੋ ਗਿਆ ਮੇਰੇ ਨਾਲ-
ਮੇਰੀ ਉਦਾਸੀ ਪਰੇਸ਼ਾਨੀ ਵੇਲੇ
ਕਰੂੰਬਲ ਬਣਨ ਨੂੰ ਕਹੇ
ਰੰਗ ਬਿਰੰਗੇ ਫੁੱਲਾਂ ਨਾਲ ਪਰਚਾਏ ਮੇਰਾ ਦਿੱਲ
ਮੇਰੇ ਨਾਲ ਹੱਸੇ ਗਾਏ-
ਤੋਤਲੀਆਂ ਗੱਲਾਂ ਬੱਚਿਆਂ ਵਾਂਗ
ਚੁੱਪ ਚੁਪੀਤਾ ਕਰੇ-
ਹਾਂ ਨਾਂਹ ਚ ਪੱਤਿਆਂ ਦੇ ਸਿਰ ਹਿਲਾਵੇ-
ਘਰ ਚ ਅੰਬਰ ਸੱਦ ਲਿਆਵੇ-
ਮੇਰਾ ਨਿੱਕਾ ਜੇਹਾ ਪੌਦਾ ਜਵਾਨ ਹੋ ਗਿਆ ਹੈ-
ਤਿੱਖੜ ਦੁਪਹਿਰਾਂ ਝੱਲਦਾ ਵੀ ਦਰਦ ਨਾ ਦੱਸੇ
ਫਿਰ ਵੀ ਮੁਸਕਰਾਏ ਹੱਸੇ-
ਮੈਨੂੰ ਮੇਰੀਆਂ ਤੰਗੀਆਂ ਤੁਰਸ਼ੀਆਂ ਪੁੱਛੇ
ਓਹਦੇ ਪੱਤਿਆਂ ਨੇ ਪਵਨ ਸੱਦੀ
ਫੁੱਲਾਂ ਨੇ ਗੁਲਜ਼ਾਰ ਖਿੰਡਾਈ
ਤਨ ਤੋਂ ਤੋੜ 2 ਫ਼ਲ ਵੀ ਦਿੰਦਾ-
ਇੱਕ ਪਾਣੀ ਦੇ ਘੁੱਟ ਬਦਲੇ-
ਇੱਕ ਦਿਨ ਕਹਿੰਦਾ
ਜੇ ਚੀਸਾਂ ਘੱਟ ਕਰਨੀਆ ਤਾਂ
ਏਨਾ ਸੱਚ ਦੇ ਨੇੜੇ ਨਾ ਜਾਈਂ
ਜੋ ਕਾਲੇ ਸਾਂਵਲੇ ਚਿਹਰੇ ਦਿਸਦੇ ਨੇ
ਹਿੱਕਾਂ ਇਹਨਾਂ ਦੀਆਂ ਗੋਰੀਆਂ ਸੁੱਚੀਆਂ
ਮੱਥਿਆਂ ਤੇ ਲਿਖੀਆਂ ਮੁਸਕਰਾਟਾਂ ਚ
ਸੌ 2 ਹਾਉਕੇ ਹੁੰਦੇ ਨੇ-
ਪਾਣੀ ਤੇ ਪਲਦਾ ਹੱਸਦਾ ਬੂਟਾ
ਮੇਰੇ ਨਾਲ ਦੁੱਖ ਸੁੱਖ ਕਰਦਾ ਹੈ-
ਕਹਿੰਦਾ ਤੂੰ ਐਂਵੇਂ ਸੌ 2 ਲੋੜਾਂ ਨਾ ਬਣਾ
ਸਾਹਾਂ ਨਾਲ ਇਸ਼ਕ ਕਰ
ਪੈੜਾਂ ਨਾਲ ਮੰਜ਼ਿਲਾਂ ਗਿਣ
ਸੌਂ ਕੇ ਕੀ ਕਰੇਂਗਾ
ਸੁਪਨੇ ਤਾਂ ਬਾਹਰ ਲੱਭ ਰਹੇ ਨੇ ਤੈਨੂੰ
ਕਹਿੰਦਾ ਜਾਗਦਾ ਰਿਹਾ ਕਰ ਕਦੇ 2
ਖ਼ੁਰ ਗਏ ਖ਼ਾਬ
ਮੁੜ ਪਲਕਾਂ ਚ ਨਹੀਂ ਪਰਤਦੇ-
ਲੈ ਫ਼ੜ੍ਹ ਇਹ ਫੁੱਲ-ਤੇ ਹੱਸ ਕੇ ਵਿਖਾ
ਲੈ ਫ਼ਲ ਖਾ-ਸਦੀਆਂ ਦੀ ਭੁੱਖ ਮੁੱਕੇ-
ਜਾਹ ਇੱਕ ਪਾਣੀ ਦਾ ਘੁੱਟ ਪਿਆ ਮੈਨੂੰ ਵੀ-
ਥੋੜੀ ਜੇਹੀ ਪਿਆਸ ਲੱਗੀ ਹੈ-