ਮੁੰਬਈ – ਰਾਮਜਸ ਕਾਲਜ ਦੀ ਵਿਦਿਆਰਥਣ ਅਤੇ ਕਾਰਗਿਲ ਦੇ ਸ਼ਹੀਦ ਸੈਨਿਕ ਦੀ ਬੇਟੀ ਗੁਰਮੇਹਰ ਕੌਰ ਨੂੰ ਏਬੀਵੀਪੀ ਦਾ ਵਿਰੋਧ ਕਰਨ ਕਰਕੇ ਕਈ ਸਰਕਾਰ ਪੱਖੀ ਲੋਕਾਂ ਦੀ ਆਲੋਚਨਾ ਦਾ ਸਿ਼ਕਾਰ ਹੋਣਾ ਪੈ ਰਿਹਾ ਹੈ। ਇਸ ਮਾਮਲੇ ਵਿੱਚ ਗੁਰਮੇਹਰ ਕੌਰ ਨੂੰ ਆਨਲਾਈਨ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਦੇਸ਼ ਦੇ ਗ੍ਰਹਿ ਰਾਜਮੰਤਰੀ ਕਿਰਣ ਰਿਜਿਜੂ ਨੇ ਵੀ ਗੁਰਮੇਹਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਲੜਕੀ ਦਾ ਦਿਮਾਗ ਕੌਣ ਗੰਦਾ ਕਰ ਰਿਹਾ ਹੈ? ਹੁਣ ਇਸ ਮਾਮਲੇ ਵਿੱਚ ਫਿ਼ਲਮਕਾਰ ਜਾਵੇਦ ਅਖਤਰ ਨੇ ਟਵੀਟ ਕਰਕੇ ਕਿਹਾ ਹੈ, “ ਮੈਨੂੰ ਉਸ ਲੜਕੀ ਬਾਰੇ ਤਾਂ ਨਹੀਂ ਪਤਾ ਪਰ ਮੰਤਰੀ ਦਾ ਦਿਮਾਗ ਕੌਣ ਗੰਦਾ ਕਰ ਰਿਹਾ ਹੈ ਇਹ ਮੈਨੂੰ ਪਤਾ ਹੈ।”
ਇਸ ਤੋਂ ਪਹਿਲਾਂ ਗੁਰਮੇਹਰ ਕੌਰ ਤੇ ਰਿਜਿਜੂ ਦੀ ਟਿਪਣੀ ਤੇ ਕਾਗਰਸ ਦੇ ਬੁਲਾਰੇ ਨਤੀਸ਼ ਤਿਵਾਰੀ ਨੇ ਵੀ ਤਿੱਖੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਟਵੀਟ ਤੇ ਕਿਹਾ, “ ਇਸ ਭੱਦਰ ਪੁਰਖ ਨੂੰ ਸੰਸਦ ਵਿੱਚ ਨਹੀਂ ਹੋਣਾ ਚਾਹੀਦਾ। ਇਹ ਬਦਕਿਸਮਤੀ ਹੈ ਕਿ ਅਜਿਹਾ ਸਰਕਾਰ ਵੱਲੋਂ ਹੋ ਰਿਹਾ ਹੈ। ਸ਼ਹੀਦ ਦਾ ਪ੍ਰੀਵਾਰ ਅਪਮਾਨਿਤ ਮਹਿਸੂਸ ਕਰ ਰਿਹਾ ਹੈ। ਐਸਾ ਵਿਅਕਤੀ ਮੋਦੀ ਕੈਬਨਿਟ ਵਿੱਚ ਹੈ।”
20 ਸਾਲਾ ਵਿਦਿਆਰਥਣ ਗੁਰਮੇਹਰ ਨੇ ਫੇਸਬੁੱਕ ਤੇ ਲਿਖਿਆ ਸੀ, “ ਮੈਂ ਦਿੱਲੀ ਯੂਨੀਵਰਿਸਟੀ ਦੀ ਸਟੂਡੈਂਟ ਹਾਂ ਅਤੇ ਮੈਂ ਏਬੀਵੀਪੀ ਤੋਂ ਨਹੀਂ ਡਰਦੀ। ਮੈਂ ਇੱਕਲੀ ਨਹੀਂ ਹਾਂ। ਦੇਸ਼ ਦਾ ਹਰ ਸਟੂਡੈਂਟ ਮੇਰੇ ਨਾਲ ਹੈ।” ਗੁਰਮੇਹਰ ਨੇ ਇਹ ਵੀ ਕਿਹਾ, “ਪਾਕਿਸਤਾਨ ਨੇ ਮੇਰੇ ਪਿਤਾ ਨੂੰ ਨਹੀਂ ਮਾਰਿਆ। ਮੇਰੇ ਪਿਤਾ ਨੂੰ ਯੁੱਧ ਨੇ ਮਾਰਿਆ ਹੈ।”
ਇਸ ਤੋਂ ਬਾਅਦ ਗੁਰਮੇਹਰ ਨੂੰ ਘਟੀਆ ਸੋਚ ਰੱਖਣ ਵਾਲਿਆਂ ਦੀ ਆਲੋਚਨਾ ਝਲਣੀ ਪੈ ਰਹੀ ਹੈ। ਇੱਥੇ ਹੀ ਬੱਸ ਨਹੀ, ਉਸ ਨੂੰ ਦੇਸ਼ਧਰੋਹੀ ਕਿਹਾ ਜਾ ਰਿਹਾ ਹੈ। ਕੁਝ ਦਹਿਸ਼ਤ ਗਰਦਾਂ ਵੱਲੋਂ ਗੁਰਮੇਹਰ ਨੂੰ ਰੇਪ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਗੁਰਮੇਹਰ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਹੈ ਜੋ ਕਿ 1999 ਵਿੱਚ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਸਨ।
ਵਰਿੰਦਰ ਸਹਿਵਾਗ ਅਤੇ ਰਣਦੀਪ ਹੁਡਾ ਨੇ ਵੀ ਗੁਰਮੇਹਰ ਦਾ ਮਜਾਕ ਉਡਾਇਆ ਹੈ। ਇਸ ਲਈ ਉਨ੍ਹਾਂ ਦੋਵਾਂ ਦੀ ਦੇਸ਼ਭਰ ਵਿੱਚ ਖ਼ੂਬ ਆਲੋਚਨਾ ਹੋਈ ਹੈ ਕਿ ਇਨ੍ਹਾਂ ਨੇ ਇੱਕ 20 ਸਾਲ ਦੀ ਸਟੂਡੈਂਟ ਦਾ ਮਖੌਲ ਉਡਾ ਕੇ ਕੋਝੀ ਹਰਕਤ ਕੀਤੀ ਹੈ।
ਸਟੂਡੈਂਟ ਦੀ ਇਸ ਲੜਾਈ ਵਿੱਚ ਹੁਣ ਵੱਡੇ ਨੇਤਾ ਵੀ ਸ਼ਾਮਿਲ ਹੋ ਚੁੱਕੇ ਹਨ। ਲੈਫਟ ਨਾਲ ਜੁੜੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮੰਗਲਵਾਰ ਨੂੰ ਖਾਲਸਾ ਕਾਲਜ ਤੋਂ ਰੋਸ ਮਾਰਚ ਕੱਢਿਆ। ਇਸ ਵਿੱਚ ਸੀਪੀਐਮ ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਅਤੇ ਸੀਪੀਆਈ ਨੇਤਾ ਡੀ. ਰਾਜਾ ਵੀ ਸ਼ਾਮਿਲ ਹੋਏ।