ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਨ ਗੁਰਮੇਹਰ ਕੌਰ ਨੂੰ ਦੱਖਣਪੰਥੀ ਸਟੂਡੈਂਟਸ ਵਿੰਗ ਦੇ ਇੱਕ ਸਿਰਫਿਰੇ ਆਗੂ ਵੱਲੋਂ ਜਬਰ-ਜਿਨ੍ਹਾਹ ਕਰਨ ਦੀ ਧਮਕੀ ਦੇਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ਵਿਚ ਆ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਆਪਣੇ ਵੀਡੀਓ ਸੁਨੇਹੇ ਵਿਚ ਕਮੇਟੀ ਵੱਲੋਂ ਗੁਰਮੇਹਰ ਦੇ ਹੱਕ ਵਿਚ ਨਿਤਰ ਕੇ ਹਰ ਪ੍ਰਕਾਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।
ਜੀ.ਕੇ. ਨੇ ਕਿਹਾ ਕਿ ਗੈਰਜਰੂਰੀ ਤੇ ਗੈਰਸਮਾਜਿਕ ਤੱਤਾਂ ਵੱਲੋਂ ਕਾਰਗਿਲ ’ਚ ਸ਼ਹੀਦ ਹੋਏ ਕੈਪਟਨ ਮਨਦੀਪ ਸਿੰਘ ਦੀ ਕੁੜੀ ਨੂੰ ਧਮਕੀ ਦੇਣਾਂ ਕਿਸੇ ਵੀ ਤਰ੍ਹਾਂ ਰਾਸ਼ਟਰਵਾਦ ਦੀ ਕਸੌਟੀ ’ਤੇ ਖਰਾ ਨਹੀਂ ਉੱਤਰਦਾ। ਆਪਣੇ ਹੀ ਸਮਾਜ ਦੀ ਕੁੜੀਆਂ ਨੂੰ ਧਮਕਾਉਣ ਵਾਲੇ ਕਦੇ ਸੱਚੇ ਹਿੰਦੂਸਤਾਨੀ ਨਹੀਂ ਹੋ ਸਕਦੇ। ਉਨ੍ਹਾਂ ਨੇ ਇਸ ਘਟਨਾਂ ਨੂੰ ਨੀਵੇਂ ਪੱਧਰ ਦੀ ਸਿਆਸਤ ਨਾਲ ਜੋੜਦੇ ਹੋਏ ਦਿੱਲੀ ਕਮੇਟੀ ਵੱਲੋਂ ਗੁਰਮੇਹਰ ਦੇ ਹੱਕ ਵਿਚ ਖੜੇ ਹੋਣ ਦਾ ਵੀ ਭਰੋਸਾ ਦਿੱਤਾ।
ਜੀ.ਕੇ. ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਦਿੰਦਾ ਹੈ ਪਰ ਵਿਚਾਰਾਂ ਵਿਚ ਵੱਖਰੇਵੇ ਦਾ ਮਤਲਬ, ਕਦੇ ਵੀ ਧਮਕੀ ਭਰੀ ਜੀਵਨਸ਼ੈਲੀ ਨਾਲ ਜੁੜਨ ਦਾ ਰਾਹ ਨਹੀਂ ਦੱਸਦਾ। ਜੀ.ਕੇ. ਨੇ ਸਵਾਲ ਕੀਤਾ ਕਿ ਜੇਕਰ ਗੁਰਮੇਹਰ ਨੇ ਪਾਕਿਸਤਾਨ ਨਾਲ ਲੜਾਈ ਨਾ ਕਰਨ ਦੀ ਵਕਾਲਤ ਕੀਤੀ ਹੈ ਤਾਂ ਇਸ ਵਿਚ ਦੇਸ਼ ਪ੍ਰੇਮ ਕਿਸ ਤਰੀਕੇ ਖਤਮ ਹੋ ਜਾਂਦਾ ਹੈ ? ਦੇਸ਼ ਦੇ ਲਈ ਜਾਨ ਵਾਰਨ ਵਾਲੇ ਸ਼ਹੀਦ ਦੀ ਕੁੜੀ ਨਾਲ ਇਸ ਪ੍ਰਕਾਰ ਦਾ ਵਿਵਹਾਰ ਕਰਕੇ ਅਖੀਰ ਲੋਕਾਂ ਨੂੰ ਅਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ?
ਜੀ.ਕੇ. ਨੇ ਦੇਸ਼ ਪ੍ਰੇਮ ਦੇ ਦਾਇਰੇ ਨੂੰ ਛੋਟਾ ਨਾ ਕਰਨ ਦੀ ਅਪੀਲ ਕਰਦੇ ਹੋਏ ਸੋਚ ਨੂੰ ਵੱਡਾ ਕਰਨ ਦੀ ਵੀ ਅਖੌਤੀ ਵਿਦਿਆਰਥੀ ਆਗੂਆਂ ਨੂੰ ਨਸੀਹਤ ਦਿੱਤੀ। ਗੁਰਮੇਹਰ ਅਤੇ ਉਸਦੇ ਚਾਚਾ ਪ੍ਰੋਫੈਸਰ ਦਵਿੰਦਰ ਸਿੰਘ ਦੇ ਨਾਲ ਕਮੇਟੀ ਆਗੂਆਂ ਵੱਲੋਂ ਮੋਬਾਇਲ ਰਾਹੀਂ ਪਹੁੰਚ ਕਰਨ ਉਪਰੰਤ ਪਰਿਵਾਰ ਵੱਲੋਂ ਕਮੇਟੀ ਦੇ ਜਤਾਏ ਗਏ ਧੰਨਵਾਦ ਦੀ ਵੀ ਜੀ.ਕੇ. ਨੇ ਜਾਣਕਾਰੀ ਦਿੱਤੀ।