ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਸੀ। ਦੀਪੀ ਕਾਲਜ ਨੂੰ ਜਾਣ ਲਈ ਤਿਆਰ ਹੋ ਕੇ ਬਾਹਰ ਨਿਕਲੀ ਤਾਂ ਉਸ ਨੂੰ ਠੰਡ ਜਿਹੀ ਮਹਿਸੂਸ ਹੋਈ। ਆਪਣਾ ਸਾਈਕਲ ਵਿਹੜੇ ਵਿਚ ਹੀ ਖੜ੍ਹਾ ਕਰਕੇ। ਰਸੋਈ ਵਿਚ ਸੁਰਜੀਤ ਕੋਲੋ ਪੁੱਛਣ ਲੱਗੀ, “ਮੰਮੀ, ਮੇਰਾ ਗੁੱਲਾਬੀ ਸ਼ਾਲ ਕਿੱਥੇ ਆ।”
“ਹੈਥੇ ਕਿਤੇ ਹੋਵੇਗਾ, ਤੈਨੂੰ ਠੰਡ ਲੱਗਦੀ ਆ ਤਾਂ ਇਦਾ ਕਰ ਮੇਰਾ ਫਰੋਜ਼ੀ ਸ਼ਾਲ ਸਾਹਮਣੇ ਅਲਮਾਰੀ ਵਿਚ ਹੀ ਪਿਆ ਹੈ, ਉਹ ਲੈ ਜਾ।”
ਦੀਪੀ ਨੇ ਫਰੋਜ਼ੀ ਸ਼ਾਲ ਚੁੱਕ ਕੇ ਬਾਹਾਂ ਉੱਪਰ ਦੀ ਬੁੱਕਲ ਮਾਰ ਲਈ ਅਤੇ ਆਪਣੀ ਮੋਟੀ ਲੰਬੀ ਗੁੱਤ ਅੱਗੇ ਨੂੰ ਸੁੱਟ ਲਈ। ੳਦੋਂ ਹੀ ਹਰਨਾਮ ਕੌਰ ਖੂਹ ਤੋਂ ਚਾਹ ਦੇ ਕੇ ਆ ਗਈ। ਦਾਦੀ ਪੋਤੀ ਦਾ ਮੇਲ ਦਰਵਾਜ਼ੇ ਵਿਚ ਹੀ ਹੋ ਗਿਆ।
“ਦੀਪੀ ਸ਼ਾਲ ਸਿਰ ਦੇ ਉੱਪਰ ਦੀ ਲੈ।” ਹਰਨਾਮ ਕੌਰ ਨੇ ਉਸ ਨੂੰ ਟੋਕਿਆ, “ਬਾਹਰ ਠੰਢ ਆ।”
ਦੀਪੀ ਹਰਨਾਮ ਕੌਰ ਦੀ ਗੱਲ ਸੁਣ ਕੇ ਹੱਸ ਪਈ ਅਤੇ ਕਹਿਣ ਲੱਗੀ, “ਬੀਜੀ, ਤੁਸੀਂ ਓਦਾਂ ਕਹੋ ਕਿ ਸਿਰ ਢੱਕ ਕੇ ਪੜ੍ਹਨ ਜਾਇਆ ਕਰ।”
“ਆਹੋ, ਇਹ ਵੀ ਗੱਲ ਆ, ਸਾਡੇ ਵੇਲਿਆਂ ਵਿਚ ਕੁੜੀਆਂ ਕਦੇ ਵੀ ਸਿਰ ਨੰਗਾ ਨਹੀਂ ਸੀ ਰੱਖਦੀਆਂ।”
ਹਰਨਾਮ ਕੌਰ ਦੇ ਪਿੱਛੇ ਆਉਂਦੇ ਇੰਦਰ ਸਿੰਘ ਨੇ ਵੀ ਇਹ ਗੱਲ ਸੁਣ ਲਈ ਤਾਂ ਉਸ ਨੇ ਕਿਹਾ, “ਹਰਨਾਮ ਕੌਰੇ ਧੀ- ਪੁੱਤ ਚੰਗਾ ਹੋਣਾ ਚਾਹੀਦਾ, ਫਿਰ ਸਿਰ ਢੱਕਿਆ ਹੋਵੇ ਜਾਂ ਨਾ ਹੋਵੇ ਬਹੁਤਾ ਫ਼ਰਕ ਨਹੀ ਪੈਂਦਾ।”
ਹਰਨਾਮ ਕੌਰ ਮੂੰਹ ਵਿਚ ਕੁਝ ਬੁੜਬੁੜਾਈ। ਉਸ ਨੇ ਨਾ ਇੰਦਰ ਸਿੰਘ ਨੂੰ ਅਤੇ ਨਾ ਹੀ ਦੀਪੀ ਨੂੰ ਸੁਣਿਆ। ਦੀਪੀ ਅਤੇ ਇੰਦਰ ਸਿੰਘ ਦੋਨੋ ਇਕ ਦੂਜੇ ਨੂੰ ਦੇਖ ਕੇ ਮੁਸਕ੍ਰਾ ਪਏ। ਦੀਪੀ ਚੁੱਪ ਕਰਕੇ ਸਾਈਕਲ ਤੇ ਚੜ੍ਹ ਕੇ ਸਿਮਰੀ ਦੇ ਘਰ ਵੱਲ ਨੂੰ ਚੱਲ ਪਈ।
ਸਿਮਰੀ ਆਪਣਾ ਸਾਈਕਲ ਘਰ ਦੀਆਂ ਸਰਦਲਾਂ ਵਿਚੋਂ ਕੱਢ ਰਹੀ ਸੀ। ਦੀਪੀ ਨੂੰ ਦੇਖ ਕੇ ਕਹਿਣ ਲੱਗੀ, “ਲੈ ਅੱਜ ਤਾਂ ਬੜੀ ਗੁੱਤ ਮੂਹਰ ਨੂੰ ਸੁੱਟੀ ਹੋਈ ਆ।”
“ਪਿੱਛੇ ਚੱਕੇ ਵਿਚ ਨਾ ਫਸ ਜਾਵੇ।” ਦੀਪੀ ਨੇ ਗੁੱਤ ਅੱਗੇ ਰੱਖਣ ਦਾ ਕਾਰਨ ਦੱਸਿਆ, “ਸਾਈਕਲ ਚਲਾਉਂਦੀ ਨੂੰ ਇਹ ਹੀ ਫਿਕਰ ਰਹਿੰਦਾ ਆ।”
“ਗੁੱਤ ਕਿਹੜੀ ਛੋਟੀ ਆ ਸੱਪ ਦਾ ਸੱਪ ਆ।” ਸਿਮਰੀ ਨੇ ਕਿਹਾ, “ਉਸ ਤਰ੍ਹਾਂ ਤੈਨੂੰ ਮੂਹਰੇ ਕੀਤੀ ਗੁੱਤ ਸੁਹਣੀ ਬਹੁਤ ਲੱਗਦੀ ਆ।”
ਇਕ ਦੂਜੇ ਨਾਲ ਹਾਸਾ ਮਜ਼ਾਕ ਕਰਦੀਆਂ ਕਾਲਜ ਵੱਲ ਨੂੰ ਚਲ ਪਈਆਂ। ਹੁਣ ਕਾਲਜ ਵਿਚ ਵੀ ਉਹਨਾਂ ਦੀਆਂ ਕਈ ਸਹੇਲੀਆਂ ਬਣ ਗਈਆਂ, ਜੋ ਆਲੇ-ਦੁਆਲੇ ਪਿੰਡਾਂ ਦੀਆਂ ਹੀ ਸਨ। ਉਹਨਾਂ ਵਿਚੋਂ ਦੀਪੀ ਹੀ ਸਭ ਤੋਂ ਵੱਧ ਸਮਝਦਾਰ ਅਤੇ ਸੁਨੱਖੀ ਸੀ। ਕਈ ਵਾਰੀ ਕਾਲਜ ਦੇ ਅਵਾਰਾ ਕਿਸਮ ਦੇ ਮੁੰਡੇ ਉਸ ਦੇ ਦੁਆਲੇ ਚੱਕਰ ਕੱਢਦੇ ਰਹਿੰਦੇ, ਪਰ ਦੀਪੀ ਆਪਣੀ ਸਿਆਣਪ ਨਾਲ ਉਹਨਾਂ ਤੋਂ ਕਿਨਾਰਾ ਕਰ ਲੈਂਦੀ, ਪਰ ਉਸ ਦੀਆਂ ਕਈ ਸਹੇਲੀਆਂ ਸਿਰਫ ਮੁੰਡੇ ਦੀ ਸ਼ਕਲ ਤੇ ਹੀ ਮਰਨ ਮਿਟਣ ਨੂੰ ਤਿਆਰ ਹੋ ਜਾਂਦੀਆਂ ਅਤੇ ਅਕਲ ਨਾ ਦੇਖਦੀਆਂ। ਅੱਜ ਵੀ ਜਦੋਂ ਉਹ ਕਾਲਜ ਦੇ ਬਾਹਰਲੇ ਥੱੜੇ ਕੋਲ ਦੀ ਲੰਘਣ ਲਗੀਆਂ ਤਾਂ ਉੱਥੇ ਖਲੋਤੀ ਮੁੰਡਿਆਂ ਦੀ ਢਾਣੀ ਵਿਚੋਂ ਇਕ ਨੇ ਕਿਹਾ,
“ਸੁਹਣਿਉ ਕਦੇ ਤਾਂ ਸਾਡੀ ਵੱਲ ਦੇਖ ਲਿਆ ਕਰੋ।” ਇਹ ਸੁਣ ਕੇ ਨਾਲ ਦੀਆਂ ਕੁੜੀਆਂ ਦੰਦ ਕੱਢਣ ਲੱਗ ਪਈਆਂ। ਦੀਪੀ ਨੂੰ ਇਹ ਚੰਗਾ ਨਹੀਂ ਲੱਗਿਆ ਅਤੇ ਉਸ ਨੇ ਕੁੜੀਆਂ ਨੂੰ ਹੱਸਣ ਤੋਂ ਰੋਕਿਆ ਅਤੇ ਕਿਹਾ, “ਜੇ ਆਪਾਂ ਇਸ ਤਰ੍ਹਾਂ ਕਰਾਂਗੀਆਂ ਤੇ ਇਹਨਾ ਨੂੰ ਹੋਰ ਗੱਲਾਂ ਕਹਿਣ ਦਾ ਮੌਕਾ ਮਿਲ ਜਾਣਾ ਹੈ।” ਨਾਲਦੇ ਪਿੰਡ ਦੀ ਕੁੜੀ ਤੋਸ਼ੀ ਕਹਿੰਦੀ, “ਦੀਪੀ, ਥੋੜਾਂ ਬਹੁਤਾ ਘਾਹ ਤਾਂ ਪਾ ਦੇਣਾ ਚਾਹੀਦਾ ਆ।”
“ਜੇ ਘਾਹ ਪਾਉਣ ਲੱਗੀਆਂ ਤਾਂ ਸਾਰੀ ਉਮਰ ਘਾਹ ਪਾਉਣ ਜੋਗੀਆਂ ਹੀ ਰਹਿ ਜਾਣਾ ਹੈ।” ਹੱਸਦੀ ਹੋਈ ਦੀਪੀ ਨੇ ਕਿਹਾ, “ਪਹਿਲਾਂ ਆਪਣੀ ਜਿੰਦਗੀ ਵਿਚ ਪੜ੍ਹ ਲਿਖ ਕੇ ਕੁਝ ਕਰ ਤਾਂ ਲਉ।”
ਸ਼ਾਮ ਨੂੰ ਕਾਲਜ ਤੋਂ ਵਾਪਸ ਜਾਂਦੀਆਂ ਪਿੰਡ ਦੇ ਮੋੜ ਕੋਲ ਪਹੁੰਚੀਆਂ ਤਾਂ ਉਹਨਾ ਨੂੰ ਪਿੰਡ ਦੇ ਗੁਰਦੁਆਰੇ ਤੋਂ ਪਾਠ ਹੋਣ ਦੀ ਅਵਾਜ਼ ਸੁਣੀ ਤਾਂ ਸਿਮਰੀ ਕਹਿਣ ਲੱਗੀ,
“ਅੱਜ ਹੁਣੇ ਹੀ ਪਾਠ ਸ਼ੁਰੂ ਹੋ ਗਿਆ ਅੱਗੇ ਤਾਂ ਤ੍ਰਕਾਲਾ ਜਿਹੀਆਂ ਨੂੰ ਹੁੰਦਾ ਸੀ।”
“ਪਰਸੋਂ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਹੈ, ਅਖੰਡ ਪਾਠ ਰੱਖਿਆ ਲੱਗਦਾ ਹੈ।”
“ਆਪਾਂ ਲੰਘਣਾ ਤਾਂ ਕੋਲੋਂ ਦੀ ਹੈ ਮੱਥਾ ਟੇਕ ਚੱਲੀਏ।”
“ਨਹੀ, ਘਰੋਂ ਆਂਵਗੀਆਂ ਮੂੰਹ ਹੱਥ ਧੋ ਕੇ।” ਦੀਪੀ ਨੇ ਸਲਾਹ ਦਿੱਤੀ, “ਫਿਰ ਥੋੜੀ ਦੇਰ ਬੈਠ ਵੀ ਜਾਵਾਂਗੀਆਂ।”
ਜਦੋਂ ਪਿੰਡ ਵਿਚ ਵੜੀਆਂ ਤਾਂ ਉਹਨਾਂ ਨੂੰ ਸਭ ਪਾਸੇ ਰੌਣਕ ਜਿਹੀ ਲੱਗੀ। ਪਾਠੀ ਸਿੰਘ ਦੀ ਅਵਾਜ਼ ਪਿੰਡ ਦੇ ਮਹੌਲ ਨੂੰ ਨਰੋਆ ਕਰਦੀ ਲੱਗੀ। ਗਲੀ ਵਿਚ ਗੁਰਦੁਆਰੇ ਆਉਣ-ਜਾਣ ਵਾਲਿਆਂ ਦੀ ਰੌਣਕ ਸੀ। ਦੀਪੀ ਨੇ ਘਰ ਦੀ ਡਿਉਡੀ ਵਿਚ ਆਪਣਾ ਸਾਈਕਲ ਖੜ੍ਹਾ ਹੀ ਕੀਤਾ ਸੀ ਕਿ ਉਸ ਦੀ ਛੋਟੀ ਭੈਣ ਰੱਜਵੀਰ ਦੌੜਦੀ ਹੋਈ ਉਸ ਨੂੰ ਲਿਪਟ ਗਈ ਅਤੇ ਕਹਿਣ ਲੱਗੀ,
“ਭੈਣ ਜੀ, ਛੇਤੀ ਕਰ ਆਪਾਂ ਤੈਨੂੰ ਨਾਲ ਲੈ ਕੇ ਗੁਰਦੁਆਰੇ ਜਾਣਾ ਆ।”
“ਅੱਛਾ ਅੱਛਾ ਮੈਨੂੰ ਮੂੰਹ ਹੱਥ ਤਾਂ ਧੋਣ ਦੇ।”
ਪਿੰਡਾਂ ਵਿਚ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਦਾ ਲੋਕਾਂ ਨੂੰ ਕਿੰਨਾ ਚਾਅ ਹੁੰਦਾ ਹੈ ਇਹ ਸੋਚਦੀ ਹੋਈ ਕਿਤਾਬਾਂ ਰੱਖਣ ਲਈ ਆਪਣੇ ਕਮਰੇ ਵਿਚ ਚਲੀ ਗਈ। ੳਦੋਂ ਹੀ ਗਿਆਨ ਕੌਰ ਨੇ ਕੰਧ ਉੱਪਰ ਦੀ ਅਵਾਜ਼ ਲਗਾਈ,
“ਕੁੜੇ, ਕੁੜੀਉ ਜੇ ਤੁਸੀ ਗੁਰਦੁਆਰੇ ਦੁੱਧ ਲੈ ਕੇ ਜਾਣਾ ਹੈ ਤਾਂ ਮੈਨੂੰ ਵੀ ਨਾਲ ਲੈ ਜਾਇਉ।”
“ਹਾਂ ਜੀ, ਤਾਈ ਜੀ, ਕੁੜੀਆਂ ਤਾਂ ਤਿਆਰ ਹੀ ਨੇ, ਬੀਬੀ ਜੀ ਮੱਝਾਂ ਚੋ ਕੇ ਖੂਹ ਤੋਂ ਆਏ ਨਹੀ।” ਸੁਰਜੀਤ ਨੇ ਕੰਧ ਉਪਰੋਂ ਹੀ ਜਵਾਬ ਦਿੱਤਾ, “ਜਦੋਂ ਉਹ ਆ ਗਏ, ੳਦੋਂ ਹੀ ਇਹਨਾ ਨੇ ਚਲੇ ਜਾਣਾ ਆ।”
ਛੇਤੀ ਹੀ ਹਰਨਾਮ ਕੌਰ ਵੱਡੀ ਪਿਤਲ ਦੀ ਕਲੀ ਕੀਤੀ ਬਾਲਟੀ ਦੁੱਧ ਨਾਲ ਨੱਕੋ-ਨੱਕ ਭਰੀ ਲੈ ਕੇ ਆਈ।
“ਸੁਰਜੀਤ ਆ ਪਹਿਲਾਂ ਗੁਰਦੁਆਰੇ ਲਈ ਦੁੱਧ ਦਾ ਡੋਲੂ ਭਰ ਲੈ, ਫਿਰ ਬਾਕੀ ਸਾਂਭ ਲੈ।” ਨਾਲ ਹੀ ਲਾਗੇ ਪਏ ਬਾਣ ਦੇ ਮੰਜੇ ਤੇ ਬੈਠਦੀ ਹੋਈ ਨੇ ਆਖਿਆ, “ਇਕ ਟੋਕਰੀ ਛੱਲੀਆਂ ਦੀ ਵੀ ਭਰ ਦੇ, ਕੁੜੀਆਂ ਉਹ ਵੀ ਨਾਲ ਹੀ ਗੁਰਦੁਆਰੇ ਚੜ੍ਹਾ ਆਉਣਗੀਆਂ।”
“ਬੀਜੀ, ਤੁਸੀਂ ਨਹੀਂ ਜਾਣਾ ਗੁਰਦੁਆਰੇ।” ਤੌਲੀਏ ਨਾਲ ਹੱਥ ਮੂੰਹ ਪੂੰਝਦੀ ਦੀਪੀ ਨੇ ਪੁੱਛਿਆ।
“ਮੈ ਤਾਂ ਖੂਹ ਦੇ ਗੇੜੇ ਲਾਉਂਦੀ ਹੀ ਥੱਕ ਗਈ ਹਾਂ।” ਹਰਨਾਮ ਕੌਰ ਨੇ ਆਪਣੀਆਂ ਲੱਤਾਂ ਨੂੰ ਆਪਣੇ ਸੱਜੇ ਹੱਥ ਨਾਲ ਘੁੱਟਦੇ ਆਖਿਆ, ” ਤੁਸੀ ਹੀ ਜਾ ਆਵੋ।”
ਦੀਪੀ ਨੇ ਗਿਆਨ ਕੌਰ ਨੂੰ ਕੰਧ ਦੇ ਉੱਪਰ ਦੀ ਹੀ ਅਵਾਜ਼ ਮਾਰੀ, “ਤਾਈ ਜੀ, ਆ ਜਾਉ, ਅਸੀਂ ਚਲੀਆਂ ਗੁਰਦੁਆਰੇ ਨੂੰ।”
ਦੀਪੀ ਆਪਣੀਆਂ ਛੋਟੀਆਂ ਭੈਣਾ ਨੂੰ ਨਾਲ ਲੈ ਕੇ ਬਾਹਰਲੇ ਗੇਟ ਵੱਲ ਨੂੰ ਚੱਲ ਪਈ। ਉੱਥੇ ਹੀ ਗਿਆਨ ਕੌਰ ਵੀ ਗੜਬੀ ਦੁੱਧ ਦੀ ਚੁੱਕੀ ਆ ਗਈ।
“ਚਲੋ ਪੁੱਤ।” ਗਿਆਨ ਕੌਰ ਨੇ ਕਿਹਾ, “ਮੇਰੇ ਮੂਹਰੇ ਹੋ ਕੋ ਤੁਰੋ, ਮੈਨੂੰ ਤਾਂ ਐਸ ਵੇਲੇ ਸੜ ਜਾਣਾ ਚੰਗੀ ਤਰ੍ਹਾਂ ਦੀਂਹਦਾ ਵੀ ਨਹੀ।”
“ਤਾਈ ਜੀ, ਤੁਹਾਡੇ ਅੱਗੇ ਹੋ ਕੇ ਹੀ ਤੁਰਾਂਗੇ।” ਦੀਪੀ ਨੇ ਦਸਿਆ, “ਸਿਮਰੀ ਦੀ ਉਡੀਕ ਕਰਦੀਆਂ ਹਾਂ, ਉਸ ਨੇ ਵੀ ਜਾਣਾ ਹੈ ਗੁਰਦੁਆਰੇ।”
“ਸਿਮਰੀ, ਭਲਾ ਚੜ੍ਹਦੀ ਬੰਨੇ ਦੇ ਪ੍ਰੀਤਮ ਸਿੰਘ ਦੀ ਕੁੜੀ ਨਹੀਂ।” ਗਿਆਨ ਕੌਰ ਨੇ ਪੁੱਛਿਆ।
ਹਾਂ ਜੀ, ਉਹ ਹੀ ਆ।”
ਇੰਨਾ ਕਿਹਾ ਹੀ ਸੀ ਕਿ ਸਿਮਰੀ ਵੀ ਸਟੀਲ ਦਾ ਜੱਗ ਲਈ ਆ ਗਈ। ਗਲ੍ਹੀ ਵਿਚ ਦੀ ਹੁੰਦੀਆਂ ਹੋਈਆ ਗੁਰਦੁਆਰੇ ਦੀ ਲਾਗਲੀ ਹੱਟੀ ਕੋਲ ਹੀ ਪਹੁੰਚੀਆਂ ਤਾਂ ਉੱਥੇ ਰੌਲਾ ਜਿਹਾ ਪੈਂਦਾ ਸੁਣਿਆ। ਅੱਗੇ ਜਾ ਕੇ ਦੇਖਿਆ ਤਾਂ ਅਮਲੀਆਂ ਦਾ ਗੀਰੀ ਕਿਸੇ ਨਾਲ ਲੜ੍ਹ ਰਿਹਾ ਹੈ ਤੇ ਉਸ ਨੇ ਸ਼ਰਾਬ ਵੀ ਪੀਤੀ ਹੋਈ ਹੈ। ਜਿਹਨਾ ਨਾਲ ਲੜ੍ਹ ਰਿਹਾ ਸੀ ਉਹ ਵੀ ਸ਼ਰਾਬੀ ਹੀ ਲੱਗਦੇ ਸਨ। ਗਿਆਨ ਕੌਰ ਕੋਲੋ ਰਿਹਾ ਨਾ ਗਿਆ ਤਾਂ ਉਹ ਅੱਗੇ ਜਾ ਕੇ ਉਹਨਾ ਨੂੰ ਕਹਿਣ ਲੱਗੀ, “ਤਹਾਨੂੰ ਸ਼ਰਮ ਨਹੀ ਆਉਂਦੀ ਤੁਸੀ ਗੁਰਦੁਆਰੇ ਦੇ ਲਾਗੇ ਖੜ੍ਹੇ ਲੜ੍ਹ ਰਹੇ ਹੋ।”
ਬਾਕੀ ਤਾਂ ਗਿਆਨ ਕੌਰ ਦਾ ਦਬਕਾ ਸੁਣ ਕੇ ਚੁੱਪ ਹੋ ਗਏ ਪਰ ਗੀਰੀ ਬੋਲ ਪਿਆ, “ਬੀਬੀ, ਅਸੀ ਤਾਂ ਗੁਰਦੁਆਰੇ ਦੇ ਲਾਗੇ ਖੜ੍ਹੇ ਹੋ ਕੇ ਹੀ ਲੜ੍ਹਦੇ ਹਾਂ, ਪਰ ਆਪਣੇ ਲੀਡਰ ਗੁਰਦੁਅਰਿਆਂ ਵਿਚ ਲੜੀ ਜਾਂਦੇ ਆ।”
“ਦੁਰ ਫਿਟੇ ਮੂੰਹ ਤੇਰੇ।” ਗਿਆਨ ਕੌਰ ਨੇ ਕਿਹਾ, “ਲੀਡਰ ਤਾਂ ਗਏ ਗੁਜ਼ਰੇ ਆ ਤੁਸੀ ਤਾਂ ਹੋਸ਼ ਤੋਂ ਕੰਮ ਲਉ। ਸਾਰਾ ਪਿੰਡ ਬਾਬਾ ਜੀ ਦਾ ਦਿਨ ਮਨਾ ਰਿਹਾ ਆ, ਤੁਸੀ ਸ਼ਰਾਬ ਨਾਲ ਰੱਜੇ ਪਏ ਹੋ।”
“ਬੀਬੀ ਜੀ, ਅਸੀਂ ਹਨਾ ਦਰਅਸਲ ਬਾਬੇ ਦੇ ਜਨਮ ਦਿਨ ਦੀ ਖੁਸ਼ੀ ਵਿਚ ਹੀ ਹਾੜਾ ਹਾੜਾ ਲਾਇਆ।”
“ਵੇ ਦਾਦੇਣਿਓੋ, ਜਿਨ੍ਹਾਂ ਗੱਲਾਂ ਤੋਂ ਬਾਬਾ ਰੋਕਦਾ ਸੀ, ਤੁਸੀ ਉਹ ਹੀ ਗੱਲਾਂ ਕਰਕੇ ਬਾਬੇ ਦਾ ਦਿਨ ਮਨਾਉਂਦੇ ਹੋ।”
“ਤਾਈ ਜੀ, ਆ ਜਾਉ ਆਪਾਂ ਚੱਲੀਏ।” ਦੀਪੀ ਨੇ ਗਿਆਨ ਕੌਰ ਨੂੰ ਕਿਹਾ, “ਗੁਰੂ ਨਾਨਕ ਦੇਵ ਜੀ ਇਹਨਾ ਨੂੰ ਮੱਤ ਦੇਣ, ਤੁਹਾਡੀ ਕਿੱਥੇ ਇਹਨਾ ਨੇ ਸੁਣਨੀ ਆਂ।”
“ਹਾਂ ਬਈ।” ਗੀਰੀ ਫਿਰ ਵੀ ਨਾ ਹੱਟਿਆ, “ਗੁੱਡੀ ਨੇ ਗੱਲ ਸਿਆਣੀ ਕੀਤੀ।”
“ਦਫਾ ਹੋਵੋ ਇਥੋਂ।” ਗਿਆਨ ਕੌਰ ਇਹ ਕਹਿ ਕੇ ਗੁਰਦੁਆਰੇ ਵੱਲ ਨੂੰ ਕੁੜੀਆਂ ਦੇ ਮਗਰ ਚੱਲ ਪਈ।