ਲੁਧਿਆਣਾ – ਭਾਰਤੀ ਖੇਤੀ ਖੋਜ ਪ੍ਰੀਸ਼ਦ (ਨਵੀਂ ਦਿੱਲੀ), ਵੱਲੋਂ 22 ਤੋਂ 25 ਫਰਵਰੀ ਤੱਕ ਰਾਜਸਥਾਨ ਯੂਨੀਵਰਸਿਟੀ ਆਫ਼ ਵੈਟਨਰੀ ਐਂਡ ਐਨੀਮਲ ਸਾਇੰਸਜ਼, ਬੀਕਾਨੇਰ (ਰਾਜਸਥਾਨ) ਵਿਖੇ ਕਰਵਾਏ ਗਏ 17ਵੇਂ ਸਰਵ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਯੁਵਕ ਮੇਲੇ (2016-17) ਵਿੱਚ ਪੀਏਯੂ ਦੇ 22 ਵਿਦਿਆਰਥੀਆਂ ਨੇ ਸੀਨੀਅਰ ਵਿਗਿਆਨੀ ਡਾ. ਦਵਿੰਦਰ ਕੌਰ ਅਤੇ ਭਲਾਈ ਅਫ਼ਸਰ ਸ੍ਰੀ ਸਤਬੀਰ ਸਿੰਘ ਦੀ ਅਗਵਾਈ ਵਿੱਚ ਸਾਹਿਤਕ, ਫਾਈਨ ਆਰਟਸ, ਰੰਗ-ਮੰਚ ਅਤੇ ਗੀਤ-ਸੰਗੀਤ ਦੇ 17 ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਰਾਸ਼ਟਰੀ ਯੁਵਕ ਮੇਲੇ ਵਿੱਚ 54 ਖੇਤੀਬਾੜੀ ਯੂਨੀਵਰਸਿਟੀਆਂ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਅਦਾਰਿਆਂ ਨੇ ਭਾਗ ਲਿਆ ।
ਸੱਭਿਆਚਾਰਕ ਗਤੀਵਿਧੀਆਂ ਦੇ ਸੰਚਾਲਕ ਡਾ. ਵਿਸ਼ਾਲ ਬੈਕਟਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀਏਯੂ ਵਿਦਿਆਰਥੀਆਂ ਨੇ ਇਸ ਯੁਵਕ ਮੇਲੇ ਦੌਰਾਨ ਭਾਸ਼ਣ ਵਿੱਚ ਸੋਨ ਤਗਮਾ, ਐਲੋਕਿਉਸ਼ਨ ਅਤੇ ਇਕਾਂਗੀ ਵਿੱਚ ਚਾਂਦੀ ਦਾ ਤਗਮਾ, ਮਾਈਮ, ਰੰਗੋਲੀ, ਕੋਲਾਜ ਵਿੱਚ ਕਾਂਸੀ ਦਾ ਤਗਮਾ ਅਤੇ ਦੇਸ਼ ਭਗਤੀ ਗਰੁੱਪ ਸੰਗੀਤ ਅਤੇ ਸਪੌਟ ਪੇਟਿੰਗ ਵਿੱਚ ਚੌਥਾ ਦਰਜਾ ਹਾਸਲ ਕੀਤਾ ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀਏਯੂ ਹਮੇਸ਼ਾਂ ਹੀ ਵਿਦਿਆਰਥੀ ਨੂੰ ਆਪਣੇ ਹੁਨਰ ਦਾ ਵਿਕਾਸ ਕਰਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਚਿਤ ਮੌਕੇ ਪ੍ਰਦਾਨ ਕਰਦੀ ਹੈ ਜਿਨ੍ਹਾਂ ਸਦਕਾ ਵਿਦਿਆਰਥੀ ਆਪਣੇ ਹੁਨਰ ਦਾ ਪ੍ਰਗਟਾਵਾ ਸਾਰੇ ਵਿਸ਼ਵ ਸਾਹਮਣੇ ਕਰ ਸਕਦੇ ਹਨ ਅਤੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਨ। ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਯੁਵਕ ਮੇਲੇ ਵਿੱਚ ਇਨ੍ਹਾਂ ਪ੍ਰਾਪਤੀ ਲਈ ਵਧਾਈ ਦਿੱਤੀ ।