ਨਵੀਂ ਦਿੱਲੀ – ਵਾਰਡ ਨੰਬਰ 9 ਪੰਜਾਬੀ ਬਾਗ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਵਾਸਤੇ ਪੰਜਾਬੀ ਬਾਗ ਹਲਕੇ ਦੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਵੱਲੋਂ ਜਤਾਏ ਭਰੋਸੇ ਸਦਕਾ ਹੀ ਉਸ ਨੂੰ ਲਗਾਤਾਰ ਦੂਜੀ ਵਾਰ ਸਿੱਖ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਦੱਸਣਯੋਗ ਹੈ ਕਿ ਸ਼ ਸਿਰਸਾ ਨੇ ਕੁੱਲ 2215 ਵੋਟਾਂ ਹਾਸਿਲ ਕੀਤੀਆਂ ਹਨ, ਜਦਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਅਕਾਲੀ ਦਲ (ਦਿੱਲੀ) ਦੇ ਆਗੂ ਸ਼ ਪਰਮਜੀਤ ਸਿੰਘ ਸਰਨਾ ਨੂੰ 1718 ਵੋਟਾਂ ਹੀ ਪਈਆਂ ਹਨ। ਇਸ ਤਰ੍ਹਾਂ ਸ਼ ਸਿਰਸਾ ਨੇ 497 ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤ ਲਈ ਹੈ।
ਅੱਜ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਆਉਣ ਮਗਰੋਂ ਸਭ ਤੋਂ ਪਹਿਲਾਂ ਸ. ਸਿਰਸਾ ਨੇ ਗੁਰਦੁਆਰਾ ਟਿਕਾਣਾ ਸਾਹਿਬ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਸ਼ੀਰਵਾਦ ਲਿਆ ਅਤੇ ਉਸ ਤੋਂ ਬਾਅਦ ਆਪਣੇ ਹਲਕੇ ਦਾ ਧੰਨਵਾਦੀ ਦੌਰਾ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਸਿਰਸਾ ਨੇ ਕਿਹਾ ਕਿ ਸਿੱਖ ਸੰਗਤ ਨੇ ਆਪਣਾ ਫੈਸਲਾ ਸਿੱਖ ਧਰਮ ਦੇ ਉਹਨਾਂ ਸੱਚੇ ਪੈਰੋਕਾਰਾਂ ਦੇ ਹੱਕ ਵਿਚ ਦਿੱਤਾ ਹੈ, ਜਿਹੜੇ ਪੂਰੀ ਸ਼ਰਧਾ ਅਤੇ ਲਗਨ ਨਾਲ ਪੰਥ ਦੀ ਸੇਵਾ ਕਰਦੇ ਹਨ। ਉਹਨਾਂ ਨੇ ਭਾਰੀ ਸਮਰਥਨ ਦੇਣ ਵਾਸਤੇ ਸਿੱਖ ਸੰਗਤ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਵਾਅਦਾ ਕੀਤਾ ਕਿ ਦਿੱਲੀ ਕਮੇਟੀ ਦੇ ਕੰਮਕਾਜ ਨੂੰ ਪਾਰਦਰਸ਼ਤੀ ਤਰੀਕੇ ਨਾਲ ਚਲਾਇਆ ਜਾਵੇਗਾ ਅਤੇ ਸਿੱਖ ਭਾਈਚਾਰੇ ਦੀ ਭਲਾਈ ਵਾਸਤੇ ਨਵੀਆਂ ਨਵੀਆਂ ਸਕੀਮਾਂ ਹੋਂਦ ਵਿਚ ਲਿਆਂਦੀਆਂ ਜਾਣਗੀਆਂ।
ਸ. ਸਿਰਸਾ ਨੇ ਕਿਹਾ ਕਿ ਇਹ ਜਿੱਤ ਸਿੱਖ ਆਗੂਆਂ ਦੀ ਨਹੀਂ ਸਗੋਂ ਦਿੱਲੀ ਦੀ ਸਮੁੱਚੀ ਸਿੱਖ ਸੰਗਤ ਦੀ ਜਿੱਤ ਹੈ , ਜਿਹੜੀ ਉਹਨਾਂ ਲੋਕਾਂ ਨੂੰ ਆਪਣੇ ਗੁਰਦੁਆਰਿਆਂ ਤੋਂ ਦੂਰ ਰੱਖਣਾ ਚਾਹੁੰਦੀ ਹੈ, ਜਿਹੜੇ ਅੰਦਰਖਾਤੇ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਲੋਕਾਂ ਨਾਲ ਰਲੇ ਹੋਏ ਹਨ।