ਫ਼ਤਹਿਗੜ੍ਹ ਸਾਹਿਬ – “ਆਰ. ਐਸ. ਐਸ, ਬੀਜੇਪੀ ਜਾਂ ਏ.ਬੀ.ਵੀ.ਪੀ. ਵਰਗੇ ਕੱਟੜ ਹਿੰਦੂ ਸੰਗਠਨਾਂ ਦਾ ਹੀ ਭਾਰਤ ਨਹੀਂ, ਬਲਕਿ ਇਸ ਦੀਆਂ ਸਰਹੱਦਾਂ ਤੇ ਰਾਖੀ ਲਈ ਸ਼ਹੀਦੀਆਂ ਦੇਣ ਵਾਲੀ ਮੁਹਰਲੀ ਕਤਾਰ ਵਿਚ ਖੜ੍ਹੀ ਸਿੱਖ ਕੌਮ ਤੇ ਪੰਜਾਬੀਆਂ ਦਾ ਇਸ ਉਤੇ ਵੱਡਾ ਹੱਕ ਹੈ। ਬੀਬਾ ਗੁਰਮਿਹਰ ਕੌਰ ਜੋ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਹੋਣਹਾਰ ਸਪੁੱਤਰੀ ਹੈ, ਜਿਸ ਕੈਪਟਨ ਨੇ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਿੱਤੀ । ਉਸ ਦੀਆਂ ਸਰਹੱਦਾਂ ਉਤੇ ਇਹ ਨਿਕਰਾਂ ਪਾ ਕੇ ਪਾਖੰਡ ਕਰਨ ਵਾਲੇ ਫਿਰਕੂ ਸੰਗਠਨ ਕੀ ਸਾਨੂੰ ਅੱਜ ਇਹ ਵਫ਼ਾਦਾਰੀ ਤੇ ਦੇਸ਼ਧ੍ਰੋਹੀ ਦੀ ਪ੍ਰੀਭਾਸ਼ਾ ਦੱਸਣਗੇ ਜਿਨ੍ਹਾਂ ਨੇ ਕਦੇ ਸਰਹੱਦਾਂ ਤੇ ਜਾ ਕੇ ਨਾ ਤਾਂ ਦੁਸ਼ਮਣ ਨਾਲ ਮੁਕਾਬਲਾ ਕੀਤਾ ਅਤੇ ਨਾ ਹੀ ਜਿੰਮੇਵਾਰੀ ਨਿਭਾਈ ? ਜੋ ਬੀਬਾ ਗੁਰਮਿਹਰ ਕੌਰ ਨੇ ਆਪਣੇ ਧੀ-ਬਾਪ ਦੇ ਰਿਸ਼ਤੇ ਦੀਆਂ ਭਾਵਨਾਵਾਂ ਤੇ ਜ਼ਜਬੇ ਅਧੀਨ ਇਥੋਂ ਦੇ ਨਿਵਾਸੀਆਂ ਨੂੰ ਆਪਣੇ ਪਿਤਾ ਦੇ ਵਿਛੋੜੇ ਦਾ ਦੁੱਖ ਸਾਂਝਾ ਕੀਤਾ ਹੈ, ਤਾਂ ਉਸ ਨੇ ਇਸ ਵਿਚ ਕੋਈ ਰਤੀਭਰ ਵੀ ਗਲਤੀ ਨਹੀਂ ਕੀਤੀ। ਲੇਕਿਨ ਆਰ. ਐਸ. ਐਸ, ਬੀਜੇਪੀ ਅਤੇ ਏ.ਬੀ.ਵੀ.ਪੀ. ਵੱਲੋਂ ਸ਼ਹੀਦ ਕੈਪਟਨ ਸਿੱਖ ਤੇ ਪੰਜਾਬੀ ਧੀ ਨੂੰ ਗੈਰ-ਦਲੀਲ ਢੰਗ ਨਾਲ ਦੇਸ਼ਧ੍ਰੋਹੀ ਕਹਿਕੇ ਅਤੇ ਉਸ ਬੀਬਾ ਨੂੰ ਜ਼ਬਰ-ਜ਼ਨਾਹ ਦੀਆਂ ਧਮਕੀਆਂ ਦੇਣ ਵਾਲਿਆਂ ਨੇ ਆਪਣੀ ਅਣਮਨੁੱਖੀ ਫਾਸੀਵਾਦੀ ਸੋਚ ਦਾ ਹੀ ਪ੍ਰਗਟਾਵਾ ਕੀਤਾ ਹੈ। ਜਿਸ ਨੂੰ ਸਿੱਖ ਕੌਮ ਅਤੇ ਕੋਈ ਵੀ ਇਨਸਾਫ਼ ਪਸੰਦ ਸ਼ਹਿਰੀ ਕਤਈ ਪ੍ਰਵਾਨ ਨਹੀਂ ਕਰੇਗਾ ਅਤੇ ਨਾ ਹੀ ਇਨ੍ਹਾਂ ਫਿਰਕੂ ਸੰਗਠਨਾਂ ਨੂੰ ਸਿੱਖਾਂ ਦੀਆਂ ਧੀਆਂ-ਭੈਣਾਂ ਉਤੇ ਅਜਿਹੀ ਸ਼ਰਮਨਾਕ ਸ਼ਬਦਾਵਲੀ ਵਰਤਣ ਦੀ ਇਜ਼ਾਜਤ ਦਿੱਤੀ ਜਾਵੇਗੀ । ਫਿਰ ਇਥੋਂ ਦੇ ਵਿਧਾਨ ਦੀ ਧਾਰਾ 14 ਜੋ ਸਭਨਾਂ ਨਾਗਰਿਕਾਂ ਨੂੰ ਪੂਰਨ ਆਜ਼ਾਦੀ ਨਾਲ ਆਪਣੇ ਵਿਚਾਰ ਤੇ ਭਾਵਨਾਵਾਂ ਪ੍ਰਗਟ ਕਰਨ ਦੀ ਖੁੱਲ ਦਿੰਦੀ ਹੈ, ਉਸ ਵਿਧਾਨਿਕ ਹੱਕ ਨੂੰ ਖੋਹਣ ਜਾਂ ਜ਼ਬਰੀ ਕੁੱਚਲਣ ਦੀ ਏ.ਬੀ.ਵੀ.ਪੀ. ਜਾਂ ਫਿਰਕੂ ਸੰਗਠਨਾਂ ਨੂੰ ਕਿਸ ਨੇ ਇਜ਼ਾਜਤ ਦਿੱਤੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਵਿਚ ਹਕੂਮਤ ਕਰ ਰਹੀ ਮੋਦੀ ਹਕੂਮਤ, ਆਰ. ਐਸ ਐਸ, ਬੀਜੇਪੀ ਅਤੇ ਏ.ਬੀ.ਵੀ.ਪੀ ਵਰਗੇ ਫਿਰਕੂ ਸੰਗਠਨਾਂ ਦੀਆਂ ਹਿੰਦੂ ਕੱਟੜਵਾਦੀ ਗੈਰ-ਵਿਧਾਨਿਕ ਕਾਰਵਾਈਆਂ ਅਤੇ ਘੱਟ ਗਿਣਤੀ ਸਿੱਖ ਕੌਮ ਅਤੇ ਮੁਸਲਿਮ ਕੌਮ ਉਤੇ ਜ਼ਬਰ-ਜੁਲਮ ਕਰਨ ਵਾਲੇ ਅਮਲਾਂ ਨੂੰ ਅਸਹਿ ਕਰਾਰ ਦਿੰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨਾਂ ਅਤੇ ਫਿਰਕੂਆਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਇਤਿਹਾਸ ਤੇ ਨਜ਼ਰ ਮਾਰ ਲਈ ਜਾਵੇ ਕਿ ਸਿੱਖ ਕੌਮ ਨੇ ਕਦੀ ਵੀ ਦੂਜੇ ਦਰਜ਼ੇ ਦੇ ਸ਼ਹਿਰੀਆਂ ਵਾਲਾ ਜੀਵਨ ਜਾਂ ਆਪਣੀ ਅਣਖ਼-ਗੈਰਤ ਨੂੰ ਨਜ਼ਰ ਅੰਦਾਜ ਕਰਕੇ ਕਦੀ ਨਹੀਂ ਵਿਚਰੀ । ਇਸ ਲਈ ਇਥੋ ਦੇ ਹੁਕਮਰਾਨਾਂ ਅਤੇ ਫਿਰਕੂ ਸੰਗਠਨਾਂ ਨੂੰ ਆਪਣੇ ਜ਼ਹਿਨ ਵਿਚ ਇਹ ਅਵੱਸ਼ ਰੱਖਣਾ ਚਾਹੀਦਾ ਹੈ ਕਿ ਸਿੱਖ ਕੌਮ ਜਾਂ ਘੱਟ ਗਿਣਤੀ ਕੌਮਾਂ ਨੂੰ ਬਹੁਗਿਣਤੀ ਵੱਲੋਂ ਜ਼ਲੀਲ ਕਰਨ ਦੇ ਅਮਲ ਇਥੇ ਕਦੀ ਵੀ ਅਮਨ-ਚੈਨ ਤੇ ਜ਼ਮਹੂਰੀਅਤ ਨੂੰ ਸਥਾਈ ਤੌਰ ਤੇ ਕਾਇਮ ਨਹੀਂ ਰੱਖ ਸਕਣਗੇ । ਜਿਸ ਨਾਲ ਹੋਣ ਵਾਲੇ ਸਮਾਜਿਕ, ਇਖ਼ਲਾਕੀ ਨੁਕਸਾਨ ਲਈ ਅਜਿਹੇ ਲੋਕ ਹੀ ਜਿੰਮੇਵਾਰ ਹੋਣਗੇ ।
ਸ. ਮਾਨ ਨੇ ਭਾਰਤ ਦੀ ਮੋਦੀ ਹਕੂਮਤ ਅਤੇ ਦਿੱਲੀ ਦੀ ਕੇਜਰੀਵਾਲ ਹਕੂਮਤ ਨੂੰ ਨਿਰਪੱਖਤਾ ਤੇ ਇਨਸਾਫ਼ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਕਿਹਾ ਕਿ ਉਹ ਤੁਰੰਤ ਫਿਰਕੂ ਕੱਟੜਵਾਦੀ ਸੰਗਠਨ ਏ.ਬੀ.ਵੀ.ਪੀ ਦੇ ਉਨ੍ਹਾਂ ਮੈਬਰਾਂ ਦੀ ਪਹਿਚਾਣ ਕਰਨ ਜਿਨ੍ਹਾਂ ਨੇ ਸਿੱਖ ਕੌਮ ਤੇ ਪੰਜਾਬਣ ਧੀ ਦੇ ਇਖ਼ਲਾਕ ਉਤੇ ਸ਼ਰਮਨਾਕ ਸ਼ਬਦ ਵਰਤੇ ਹਨ ਅਤੇ ਉਸ ਬੀਬਾ ਨੂੰ ਆਪਣੇ ਦਿਲ ਦੀ ਸੱਚੀ ਗੱਲ ਕਹਿਣ ਉਤੇ ਧਮਕੀਆਂ ਦਿੱਤੀਆਂ ਹਨ ਅਤੇ ਅਜਿਹੇ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਕੱਟੜਵਾਦੀ ਸੰਗਠਨ ਵਿਧਾਨ ਰਾਹੀ ਇਥੋ ਦੇ ਨਿਵਾਸੀਆਂ ਨੂੰ ਮਿਲੇ ਕਾਨੂੰਨੀ, ਸਮਾਜਿਕ ਅਤੇ ਇਖ਼ਲਾਕੀ ਹੱਕਾਂ ਨੂੰ ਕੁੱਚਲਣ ਦੀ ਗੁਸਤਾਖੀ ਨਾ ਕਰ ਸਕੇ ਅਤੇ ਨਾ ਹੀ ਸਿੱਖ ਕੌਮ ਵਰਗੀ ਬਹਾਦਰ ਅਤੇ ਇਸ ਭਾਰਤ ਦੀ ਸਰਹੱਦਾਂ ਤੇ ਰੱਖਿਆ ਕਰਨ ਵਾਲੀ ਅਤੇ ਵੱਡੀਆਂ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਜ਼ਲੀਲ ਕਰਨ ਦੇ ਅਮਲ ਕਰ ਸਕੇ। ਸ. ਮਾਨ ਨੇ ਬੀਬਾ ਗੁਰਮਿਹਰ ਕੌਰ ਦੇ ਵੱਡੇ ਫਖ਼ਰ ਵਾਲੇ ਸ਼ਹੀਦ ਕੈਪਟਨ ਦੇ ਪਰਿਵਾਰ ਅਤੇ ਬੀਬਾ ਨਾਲ ਹਰ ਪੱਖੋ ਖੜ੍ਹੇ ਹੋਣ ਅਤੇ ਆਪਣੀ ਇਖ਼ਲਾਕੀ ਲੜਾਈ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋਂ ਮੰਜ਼ਿਲ ਵੱਲ ਲਿਜਾਣ ਅਤੇ ਫਿਰਕੂ ਸੰਗਠਨਾਂ ਦੀਆਂ ਕਾਰਵਾਈਆਂ ਨੂੰ ਚੁਣੌਤੀ ਦੇਣ ਦੇ ਦ੍ਰਿੜਤਾ ਵਾਲੇ ਅਮਲਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਹਰ ਇਨਸਾਫ਼ ਪਸੰਦ ਵਿਅਕਤੀ ਇਸ ਸ਼ਹੀਦ ਕੈਪਟਨ ਅਤੇ ਬੀਬਾ ਨਾਲ ਹੈ । ਉਨ੍ਹਾਂ ਨੂੰ ਫਿਰਕੂ ਸੰਗਠਨਾਂ ਦੀਆਂ ਗੈਰ-ਇਖ਼ਲਾਕੀ ਧਮਕੀਆਂ ਅੱਗੇ ਕਤਈ ਨਹੀਂ ਝੁੱਕਣਾ ਚਾਹੀਦਾ ਅਤੇ ਨਾ ਹੀ ਸਿੱਖ ਕੌਮ ਅਜਿਹੀ ਗੁਲਾਮੀਅਤ ਅਤੇ ਗੈਰ-ਵਿਧਾਨਿਕ ਅਮਲਾਂ ਨੂੰ ਪ੍ਰਵਾਨ ਕਰੇਗੀ ।