ਭਾਰਤ ਦੁਨੀਆਂ ਦੀ ਸਭ ਤੋਂ ਵਡੀ ਜਮਹੂਰੀਅਤ ਹੈ। ਇਸ ਦਾ ਆਪਣਾ ਇਕ ਸੰਵਿਧਾਨ ਹੈ, ਜਿਸ ਅਨੁਸਾਰ ਦੇਸ਼ ਦਾ ਹਰ ਨਾਗਰਿਕ ਭਾਵੇਂ ਉਹ ਕਿਸੇ ਵੀ ਧਰਮ, ਜ਼ਾਤ,ਭਾਸ਼ਾ ਤੇ ਖੇਤਰ ਨਾਲ ਸਬੰਧ ਰੱਖਦਾ ਹੈ, ਦੇ ਇੱਕੋ ਜਿੇਹੇ ਬਰਾਬਰ ਅਧਿਕਾਰ ਹਨ। ਹਰ ਨਾਗਰਿਕ ਨੁੰ ਕੋਈ ਵੀ ਧਰਮ ਅਪਣਾਉਣ, ਉਸ ਦੇ ਰੀਤੀ ਰਿਵਾਜ ਅਨੁਸਾਰ ਪੂਜਾ ਪਾਠ ਕਰਨ ਤੇ ਪ੍ਰਚਾਰ ਕਰਨ ਦੀ ਖੁਲ੍ਹ ਹੈ, ਆਪਣੇ ਵਿਚਾਰ ਪ੍ਰਗਟ ਕਰਨ ਲਈ ਬੋਲਣ ਤੇ ਲਿਖਣ ਦੀ ਖੁਲ੍ਹ ਹੈ, ਪਰ ਇਹ ਵਿਚਾਰ ਕਿਸੇ ਹੋਰ ਵਿਅਕਤੀ ਜਾਂ ਵਿਅਕਤੀਆਂ ਦੇ ਜ਼ਜ਼ਬਾਤਾਂ ਨੂੰ ਠੇਸ ਪਹੁੰਚਾਉਣ ਜਾਂ ਨਿਰਾਦਰ ਕਰਨ ਵਾਲੇ ਨਾ ਹੋਣ, ਨਹੀ ਤਾਂ ਕਾਨੂੰਨ ਅਨੁਸਾਰ ਕਰਵਾਈ ਹੋ ਸਕਦੀ ਹੈ।
ਸਾਡੇ ਦੇਸ਼ ਦੇ ਰਾਸ਼ਟਰਪਤੀ,ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਵਜ਼ਾਰਤ ਦੇ ਸਾਰੇ ਮੰਤਰੀ ਭਾਰਤੀ ਸੰਵਿਧਾਨ ਦੀ ਰੱਖਿਆ ਕਰਨ ਅਤੇ ਉਸ ਅਨੁਸਾਰ ਕੰਮ ਕਰਨ ਦਾ ਹਲਫ਼ ਲੈਂਦੇ ਹਨ। ਇਸੇ ਤਰ੍ਹਾਂ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਸਾਰੇ ਮੰਤਰੀ ਵੀ ਸੌਂਹ ਚੁੱਕਦੇ ਹਨ। ਸੰਵਿਧਾਨਿਕ ਅਹੁਦੇ ਤੇ ਸ਼ੁਸ਼ੌਭਿਤ ਹੋਣ ਵਾਲੀ ਸਖਸ਼ੀਅਤ ਲਈ ਸਾਰੇ ਲੋਕ ਬਰਾਬਰ ਹੁੰਦੇ ਹਨ।
ਅੱਜ ਅਜੇਹਾ ਸਮਾਂ ਆ ਗਿਆ ਹੈ ਕਿ ਨੇਤਿਕ ਕਦਰਾਂ ਕੀਮਤਾਂ ਦਿਨੋਂ ਦਿਨ ਨਿਘਾਰ ਵਾਲ ਜਾ ਰਹੀਆਂ ਹਨ, ਅਸੀਂ ਕਿਸੇ ਵੱਡੇ ਬਜ਼ੁਰਗ, ਰੁਤਬੇ ਵਾਲੇ ਜਾਂ ਰਿਸ਼ਤੇ ਵਾਲ ਵਿਅਕਤੀ ਦੀ ਕਦਰ ਕਰਨਾ ਭੁਲ ਗਏ ਹਾਂ, ਨਿਮ੍ਰਤਾ ਤੇ ਸਹਿਣਸ਼ੀਲਤਾ ਖਤਮ ਹੀ ਹੋ ਗਈ ਜਾਪਦੀ ਹੈ। ਪਿੱਛਲੇ ਮਹੀਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹਨ, ਲੀਡਰ ਆਮ ਲੋਕਾਂ ਦੇ ਮੁੱਦੇ ਉਠਾਉਣ ਜਾਂ ਅਪਣੀਆ ਨੀਤੀਆਂ ਦੱਸਣ ਦੀ ਥਾਂ ਇਕ ਦੂਜੇ ਵਿਰੁੱਧ ਦੂਸ਼ਨਬਾਜ਼ੀ ਕਰਦੇ ਰਹੇ ਹਨ, ਨਿੱਜੀ ਹਮਲੇ ਕਰਦੇ ਹਨ ਤੇ ਇੱਕ ਦੂਸਰੇ ਉਤੇ ਨਿਜੀ ਹਮਲੇ ਕਰਦੇ ਰਹੇ ਹਨ ਤੇ ਬੜੀ ਹੀ ਭੱਦੀ ਸ਼ਬਦਾਵਲੀ ਵਰਤਦੇ ਰਹੇ ਹਨ। ਇਸ ਲਈ ਕਿਸੇ ਇੱਕ ਲੀਡਰ ਜਾਂ ਪਾਰਟੀ ਨੂੰ ਜ਼ਿਮੇਵਾਰ ਨਹੀਂ ਕਿਹਾ ਜਾ ਸਕਦਾ, ਸਗੋਂ ਸਾਰੀਆਂ ਹੀ ਪਾਰਟੀਆਂ ਦੇ ਪ੍ਰਮੁੱਖ ਆਗੂ ਵੀ ਬਰਾਬਰ ਜ਼ਿਮੇਵਾਰ ਹਨ। ਭਾਸ਼ਾ ਦੀ ਇੱਕ ਮਰਿਯਾਦਾ ਹੁੰਦੀ ਹੈ, ਜਿਸ ਦੀ ਸਾਡੇ ਲੀਡਰ ਪਾਲਣਾ ਨਹੀਂ ਕਰ ਰਹੇ। ਅੱਜਕੱਲ ਉਤਰ ਪ੍ਰਦੇਸ਼ ਦੀਆਂ ਪੜਾਅ ਵਾਰ ਚੋਣਾਂ ਹੋ ਰਹੀਆਂ ਹਨ। ਸਾਰੀਆਂ ਪਾਰਟੀਆਂ ਨੇ ਆਪਣੀ ਆਪਣੀ ਸਾਰੀ ਤਾਕਤ ਉਧਰ ਝੋਕ ਦਿੱਤੀ ਹੈ। ਭਾਜਪਾ ਇਸ ਸੂਬੇ ਤੇ ਕਬਜ਼ਾ ਕਰਨ ਲਈ ਸਾਰਾ ਜ਼ੋਰ ਲਗਾ ਰਹੀ ਹੈ। ਪਿੱਛਲੇ ਸਾਲ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਰੈਲੀਆਂ ਕਰ ਚੁਕੇ ਹਨ। ਹੁਣ ਚੋਣ ਪ੍ਰੋਗਰਾਮ ਦੇ ਐਲਾਨ ਹੋਣ ਤੋਂ ਬਾਅਦ ਲੱਗਭੱਗ ਹਰ ਤੀਜੇ ਦਿਨ ਦੋ ਦੋ ਰੈਲੀਆਂ ਕਰ ਰਹੇ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਕਈ ਕੇਂਦਰੀ ਮੰਤਰੀਆਂ ਸਮੇਤ ਕਈ ਹੋਰ ਲੀਡਰ ਵੀ ਚੋਣ ਰੈਲੀਆਂ ਨੂੰ ਸੰਬੋਧਣ ਕਰ ਰਹੇ ਹਨ, ਇਹ ਉਨਹਾਂ ਦਾ ਜਮਹੂਰੀ ਹੱਕ ਹੈ। ਸ੍ਰੀ ਮੋਦੀ ਵਲੋਂ ਉਤਰ ਪ੍ਰਦੇਸ਼ ਵਿਚ ਲਗਭਗ ਹਰਰੋਜ਼ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਚੋਣ ਰੈਲੀਆਂ ਦੌਰਾਨ ਸਾਰੇ ਲੀਡਰ ਦੂਸਰੀਆਂ ਪਾਰਟੀਆਂ ਤੇ ਉਨ੍ਹਾਂ ਦੇ ਅਗੂਆਂ ਵਿਰੁੱਧ ਨੀਤੀਆਂ ਆਦਿ ਨੂੰ ਲੈ ਕੇ ਨੁਕਤਾਚੀਨੀ ਕਰਦੇ ਹਨ। ਸ੍ਰੀ ਮੋਦੀ ਵੀ ਉਥੇ ਰਾਜ ਕਰ ਰਹੀ ਸਮਜਵਾਦੀ ਪਾਰਟੀ, ਦੂਜੀਆਂ ਪਾਰਟੀਅਾਂ ਜਿਵੇਂ ਕਿ ਕਾਂਗਰਸ ਤੇ ਬਸਪਾ ਦੀ ਨੁਕਤਾਚੀਨੀ ਕਰ ਰਹੇ ਹਨ, ਉਹ ਜੋ ਭਾਸ਼ਾ ਬੋਲ ਰਹੇ ਹਨ ਉਹ ਪ੍ਰਧਾਨ ਮੰਤਰੀ ਦੇ ਉੱਚ ਅਹੁਦੇ ਲਈ ਸ਼ੋਭਦੀ ਨਹੀ, ਦੂਜੀਆਂ ਪਾਰਟੀਆਂ ਵਲੋਂ ਪ੍ਰਤੀਕਿਰਿਆ ਵਜੋਂ ਇਸ ਬਿਆਨਬਾਜ਼ੀ ਦਾ ਜਵਾਬ ਦੇਣਾ ਕੁਦਰਤੀ ਸੁਭਾਵਕ ਹੈ, ਜਿਸ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਅਦਬ ਸਤਿਕਾਰ ਘੱਟਦਾ ਹੈ। ਮਿਸਾਲ ਦੇ ਤੌਰ ਤੇ ਸ੍ਰੀ ਮੋਦੀ ਨੇ ਕਿਹਾ ਕਿ “ਸਕੈਮ” ਭਾਵ “ਐਸ ਤੋਂ ਸਮਾਜਵਾਦੀ ਪਾਰਟੀ, ਸੀ ਤੋਂ ਕਾਂਗਰਸ, ਏ ਤੋਂ ਅਖਲੇਸ਼ ਤੇ ਐਮ ਤੋਂ ਮਇਆਬਤੀ” ਤੋਂ ਬਚਣ ਦੀ ਲੋੜ ਹੈ। ਉਥੋਂ ਦੇ ਮੁੱਖ ਮੰਤਰੀ ਅਖਲੇਸ਼ ਯਾਦਵ ਨੇ ਕਿਹਾ ਕਿ ਇਸ ਸਕੈਮ ਦਾ ਮਤਲਬ “ਐਸ ਤੋਂ ਸੇਵ, ਸੀ ਤੋਂ ਕੰਟਰੀ , ਏ ਤੋਂ ਅਮਿਤ ਸ਼ਾਹ ਤੇ ਐਮ ਤੋਂ ਮੋਦੀ” (ਭਾਵੇਂ ਦੇਸ਼ ਨੂਂ ਅਮਿਤ ਸ਼ਾਹ ਤੇ ਮੋਦੀ ਤੋਂ ਬਚਣ ਦੀ ਲੋੜ ਹੈ)। ਉਨਹਾਂ ਦੇ ਇਕ ਮੰਤਰੀ ਆਜ਼ਮ ਖਾਨ ਨੇ ਸ੍ਰੀ ਮੋਦੀ ਨੂੰ ‘ਰਾਵਣ” ਤੇ ਇਕ ਹੋਰ ਨੇਤਾ ਨੇ “ਯਮਦੂਤ” ਕਿਹਾ ਜੋ ਕਿ ਪ੍ਰਧਾਨ ਮੰਤਰੀ ਲਈ ਬਹੁਤ ਗ਼ੱਲਤ ਹੈ। ਸ੍ਰੀ ਮੋਦੀ ਨੇ “ਬਸਪਾ” ਦੇ ਅਰਥ ਕਰਦਿਆਂ ” ਬਹਿਣ ਜੀ ਸੰਪਤੀ ਪਾਰਟੀ” ਕਿਹਾ ਤਾਂ ਬਸਪਾ ਮੁੱਖੀ ਮਾਇਆਵਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੂਰਾ ਨਾਂ ‘ਨਰਿੰਦਰ ਦਮੋਦਰ ਦਾਸ ਮੋਦੀ” ਹੈ ਜਿਸ ਦੇ ਅਰਥ ਬਣਦੇ ਹਨ ” ਦਲਿਤ ਵਿਰੋਧੀ ਆਦਮੀ”, ਉਹ “ਭਾਜਪਾ” ਨੂੰ “ਭਾਰਤੀ ਜੁਮਲਾ ਪਾਰਟੀ” ਗਰਦਾਨ ਰਹੇ ਹਨ। ਉਧਰ ਮੁੱਖ ਮੰਤਰੀ ਅਖਲੇਸ਼ ਯਾਦਵ ਨੇ ਅਮਿਤਾਬ ਬੱਚਨ ਵਲੋਂ ” ਗੁਜਰਾਤ ਦੇ ਗੱਧਿਆਂ” ਦੀ ਇਸ਼ਤਹਾਰਬਾਜ਼ੀ ਦੀ ਚਰਚਾ ਕਰਦਿਆਂ ਕਿਹਾ ਕਿ ਭਲਾ ਗੱਧਿਆਂ ਦੀ ਇਸ਼ਤਿਹਾਰਬਜ਼ੀ ਕਰਦਾ ਹੈ, ਅਮਿਤਾਬ ਬੱਚਨ ਨੂੰ ‘ਗੁਜਰਾਤ ਦੇ ਗਧਿਆਂ” ਦੀ ਇਸ਼ਤਹਾਰਬਾਜ਼ੀ ਨਹੀਂ ਕਰਨੀ ਚਾਹੀਦੀ। ਇਹ ਵੀ ਤਾਂ ਸਭਿਅਕ ਭਾਸ਼ਾ ਨਹੀਂ, ਪ੍ਰਧਾਨ ਮੰਤਰੀ ਤੇ ਭਾਜਪਾ ਪਧਾਨ ਦੋਨੋ ਗੁਜਰਾਤ ਦੇ ਹਨ, ਲੋਕ ਸਮਝ ਰਹੇ ਹਨ ਕਿ ਵਿਅੰਗ ਨਾਲ ਉਨ੍ਹਾਂ ਵਲ ਇਸ਼ਾਰਾ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਗੱਧੇ ਬੜੇ ਵਫ਼ਾਦਾਰ ਹੁੰਦੇ ਹਨ, ਮੈਂ ਗੱਧਿਆਂ ਤੋਂ ਪ੍ਰੇਰਨਾ ਲੈ ਕੇ ਦੇਸ਼ ਦੇ 125 ਕਰੋੜ ਲੋਕਾਂ ਦੀ ਸੇਵਾ ਕਰਦਾ ਰਹਾਂਗਾ।
ਇਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਦੇ ਮਹਾਨ ਸੰਵਿਧਾਨਿਕ ਅਹੁਦੇ ਦੇ ਅਦਬ ਸਤਿਕਾਰ ਨੂੰ ਸਟ ਮਾਰਨ ਵਾਲੀਆਂ ਹਨ। ਸ੍ਰੀ ਮੋਦੀ ਸੋਸ਼ਲ ਮੀਡੀਆ ਦੇ ਬੜੇ ਪ੍ਰਸ਼ੰਸਕ ਹਨ, ਮਈ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਮੀਡੀਆ ਦਾ ਉਨ੍ਹਾਂ ਨੂੰ ਜਿਤਾਉਣ ਵਿੱਚ ਬਹੁਤ ਹੱਥ ਹੈ। ਸ਼ੋਸ਼ਲ ਮੀਡੀਆਂ ਉਤੇ ਸ੍ਰੀ ਮੋਦੀ ਲਈ ਬੜੇ ਹੀ ਭੱਦੇ ਸ਼ਬਦ ਵਰਤ ਜਾ ਰਹੇ ਹਨ, ਜੋ ਠੀਕ ਨਹੀਂ ਹਨ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਸ੍ਰੀ ਮੋਦੀ ਦੇ ਸੰਸਦ ਵਿਚ ਦਿਤੇ “ਬਾਥ ਰੂਮ ਵਿਚ ਰੇਨਕੋਟ ਪਹਿਣ ਕੇ” ਇਸ਼ਨਾਨ ਕਰਨ ਬਾਰੇ ਦਿੱਤੇ ਬਿਆਨ ਤੇ ਸੋਸ਼ਲ ਮੀਡੀਆ ਉਤੇ ਬੜੇ ਹੀ ਸਖ਼ਤ ਪ੍ਰਤੀਕਰਮ ਆਏ ਹਨ। ਇਹ ਡਾ. ਮਨਮੋਹਨ ਸਿੰਘ ਦੀ ਵਡੱਤਣ ਹੈ ਕਿ ਉਨਹਾਂ ਇਸ ਸ਼ਬਦਾਵਲੀ ਦਾ ਜਵਾਬ ਨਹੀਂ ਦਿੱਤਾ।
ਸਾਰੇ ਲੀਡਰਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਤੇ ਨੀਤੀਆਂ ਬਾਰੇ ਬੋਲਣਾ ਚਾਹੀਦਾ ਹੈ। ਸ੍ਰੀ ਮੋਦੀ ਖੁਦ ਹੀ ਪ੍ਰਧਾਨ ਮੰਤਰੀ ਦੇ ਮਹਾਨ ਅਹੁਦੇ ਦਾ ਅਦਬ ਸਤਿਕਾਰ ਘਟਾਉਣ ਲਈ ਜ਼ਿਮੇਵਾਰ ਹਨ। ਇਕ ਕਾਂਗਰਸੀ ਲੀਡਰ ਨੇ ਕਿਹਾ ਕਿ ਸ੍ਰੀ ਮੋਦੀ ਹੁਣ ਆਰ.ਐਸ.ਐਸ. ਦੇ ਪ੍ਰਚਾਰਕ ਨਹੀਂ, ਦੇਸ਼ ਦੇ ਪ੍ਰਧਾਨ ਮੰਤਰੀ ਹਨ, ਦੇਸ਼ ਦੇ ਸਾਰੇ ਵਾਸੀ ਉਨ੍ਹਾਂ ਲਈ ਇਕ ਸਮਾਨ ਹਨ। ਇਕ ਹੋਰ ਲੀਡਰ ਨੇ ਕਿਹਾ ਕਿ ਸੀ ਮੋਦੀ ਨੂੰ ਪ੍ਰਧਾਨ ਮੰਤਰੀ ਵਾਲਾ ਧਰਮ ਨਿਭਾਉਣਾ ਚਾਹੀਦਾ ਹੈ, ਭਾਜਪਾ ਦੇ ਇਕ ਵਰਕਰ ਵਾਲਾ ਨਹੀਂ। ਦੇਸ਼ ਦੇ ਕਈ ਟੀ.ਵੀ.ਚੈਨਲਾਂ ਉਤੇ ਪ੍ਰਧਾਨ ਮੰਤਰੀ ਤੇ ਵਿਰੋਧੀ ਲੀਡਰਾਂ ਵਿਚਕਾਰ ਵਰਤੀ ਜਾ ਰਹੀ ਨੀਵੇਂ ਪੱਧਰ ਦੀ ਭਾਸ਼ਾ ਬਾਰੇ ਆਏ ਦਿਨ ਬਹਿਸ ਹੋ ਰਹੀ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਜੋ ਸੰਵਿਧਾਨ ਦਾ ਹਲਫ਼ ਲਿਆ ਹੈ, ਉਸਦਾ ਖਿਆਲ ਰੱਖਣਾ ਚਾਹੀਦਾ ਹੈ। ਵਿਰੋਧੀ ਪਾਰਟੀਆਂ ਜਾਂ ਲੀਡਰਾਂ ਬਾਰੇ ਕੋਈ ਵਿਵਾਦਗ੍ਰਸਤ ਬਿਆਨ ਦੇਣਗੇ, ਤਾਂ ਰੀਐਕਸ਼ਨ ਵਜੋਂ ਉਸਦਾ ਜਵਾਬ ਵੀ ਆਏਗਾ। ਹੁਣ ਤਕ ਸਾਡੇ ਦੇਸ਼ ਦੇ ਇਕ ਦਰਜਨ ਤੋਂ ਵਧ ਪ੍ਰਧਾਨ ਮੰਤਰੀ ਹੋਏ ਹਨ, ਨਾਂ ਤਾ ਉਨ੍ਹਾ ਸੁਬਾਈ ਵਿਧਾਨ ਸਭਾਵਾਂ ਲਈ ਇਤਨਾ ਚੋਣਪਰਚਾਰ ਕੀਤਾ ਹੈ, ਨਾ ਇਤਨੀ ਵਿਵਾਦਗ੍ਰਸਤ ਭਾਸ਼ਾ ਬੋਲੀ ਹੈ ਅਤੇ ਨਾ ਹੀ ਕਿਸੇ ਵਿਰੋਧੀ ਪਾਰਟੀ ਦੇ ਲੀਡਰ ਨੇ ਉਨ੍ਹਾਂ ਲਈ ਕੋਈ ਭੱਦੀ ਸ਼ਬਦਾਵਲੀ ਵਰਤੀ ਹੈ।