ਫਤਹਿਗੜ੍ਹ ਸਾਹਿਬ – “ਕੌਮਾਂਤਰੀ ਪੱਧਰ ‘ਤੇ ਜੋ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਕਾਇਮ ਹੋਈ ਹੈ, ਇਸ ਪਿੱਛੇ ਗੁਰੁ ਸਾਹਿਬਾਨ, ਸਿੰਘਾਂ ਅਤੇ ਖਾਲਸਾ ਪੰਥ ਨੂੰ ਵੱਡੀਆਂ ਕੁਰਬਾਨੀਆਂ ਅਤੇ ਲੰਮਾ ਸਮਾਂ ਸੰਘਰਸ਼ ਕਰਨਾ ਪਿਆ। ਇਸ ਲਈ ਹੀ ਸਾਨੂੰ ਗੁਰੁ ਸਾਹਿਬਾਨ ਨੇ ਆਨ-ਸ਼ਾਨ ਦੀ ਪ੍ਰਤੀਕ ਦਸਤਾਰ ਅਤੇ ਕਕਾਰ ਬਖਸਿ਼ਸ਼ ਕੀਤੇ ਹਨ। ਦਸਤਾਰ ਸਿੱਖ ਕੌਮ ਦੀ ਇੱਜਤ ਅਣਖ ਦੀ ਪ੍ਰਤੀਕ ਹੈ, ਇਸ ਲਈ ਕਿਸੇ ਵੀ ਸਿੱਖ ਨੂੰ ਕਿਸੇ ਦੂਸਰੇ ਸਿੱਖ ਜਾਂ ਕਿਸੇ ਦੂਸਰੇ ਧਰਮ ਦੇ ਇਨਸਾਨ ਦੇ ਸਿਰ ਤੇ ਸਜਾਈ ਹੋਈ ਦਸਤਾਰ ਦੀ ਕਦੀ ਵੀ ਅਪਮਾਨ ਨਹੀਂ ਕਰਨਾ ਚਾਹੀਦਾ। ਜੋ ਸਿੱਖ ਦਸਤਾਰ ਅਤੇ ਕਕਾਰਾਂ ਦੀ ਮੰਦਭਾਵਨਾ ਅਧੀਨ ਜਾਂ ਬਦਲੇ ਦੀ ਭਾਵਨਾ ਵਿਚ ਅਪਮਾਨ ਕਰਦੇ ਹਨ, ਉਹਨਾਂ ਨੂੰ ਗੁਰੁ ਦੇ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ, ਇਸ ਲਈ ਸਾਨੂੰ ਕਦੀ ਵੀ ਕਿਸੇ ਦੀ ਦਸਤਾਰ ਸੰਬੰਧੀ ਆਪਣੇ ਮਨ ਵਿੱਚ ਮੰਦਭਾਵਨਾ ਰੱਖਦੇ ਹੋਏ ਸਿੱਖ ਕੌਮ ਦੀ ਆਨ ਸ਼ਾਨ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਲੇਸ਼ੀਆ ਵਿਖੇ ਕੁਝ ਦਿਨ ਪਹਿਲਾਂ ਸ਼੍ਰੀ ਇੰਦਰ ਸਿੰਘ ਘੱਗਾ ਨਾਮ ਦੇ ਲੇਖਕ ਦੀ ਕਿਸੇ ਇਕੱਤਰਤਾ ਵਿੱਚ ਕੁਝ ਸਿੱਖਾਂ ਵੱਲੋਂ ਰੋਸ ਵੱਜੋਂ ਲਾਹੀ ਗਈ ਦਸਤਾਰ ਦੀ ਦੁੱਖਦਾਇਕ ਘਟਨਾ ਉਤੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ, ਵੱਡਾ ਰੋਸ ਅਤੇ ਗੁੱਸਾ ਹੋਣ ਦੇ ਬਾਵਜੂਦ ਵੀ ਵਿਰੋਧੀ ਵਿਚਾਰਧਾਰਾ ਰੱਖਣ ਵਾਲੇ ਕਿਸੇ ਸਿੱਖ ਦੀ ਦਸਤਾਰ ਕਤਈ ਨਾ ਲਾਹੁਣ ਅਤੇ ਅਪਮਾਨ ਨਾ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਕੁਝ ਆਪੂ ਬਣੇ ਅਖੌਤੀ ਲੇਖਕ ਸਰਕਾਰਾਂ ਅਤੇ ਏਜੰਸੀਆਂ ਦੇ ਆਦੇਸ਼ਾਂ ਉਤੇ ਸਿੱਖ ਕੌਮ ਦੀ ਵੱਡੀ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਹਿੱਤ ਅਤੇ ਭਰਾ ਮਾਰੂ ਜੰਗ ਕਰਾਉਣ ਦੀ ਸਿੱਖ ਵਿਰੋਧੀ ਸੋਚ ਅਧੀਨ ਸਿੱਖ ਧਰਮ, ਮਰਿਆਦਾਵਾਂ , ਅਸੂਲਾਂ, ਨਿਯਮਾਂ ਅਤੇ ਰਵਾਇਤਾਂ ਨੂੰ ਜਾਣਬੁੱਝ ਕੇ ਚੁਨੌਤੀ ਦਿੰਦੇ ਹੋਏ ਗੈਰਦਲੀਲ ਢੰਗ ਰਾਹੀਂ ਆਪਣੀਆਂ ਲਿਖਤਾਂ ਵੀ ਲਿਖਦੇ ਹਨ ਅਤੇ ਵੱਖ ਵੱਖ ਸਟੇਜਾਂ ਉਤੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਕਰਦੇ ਆ ਰਹੇ ਹਨ। ਜੋ ਸਿੱਖ ਕੌਮ ਲਈ ਅਸਹਿ ਹਨ। ਪਰ ਇਸ ਦੇ ਬਾਵਜੂਦ ਵੀ ਜਦੋਂ ਕੋਈ ਅਜਿਹੇ ਸਿੱਖ ਵਿਰੋਧੀ ਅਮਲ ਕਰਦਾ ਹੈ, ਤਾਂ ਉਸਦੀ ਦਸਤਾਰ ਦਾ ਅਪਮਾਨ ਕਰਨ ਦੀ ਬਜਾਏ ਦਲੀਲ, ਅਪੀਲ ਅਤੇ ਹੋਰ ਸਮਾਜਿਕ ਢੰਗਾਂ ਰਾਹੀਂ ਅਸੀਂ ਉਸ ਨੂੰ ਅਤੇ ਉਸਦੀਆਂ ਕਾਰਵਾਈਆਂ ਨੂੰ ਲੋਕ ਸ਼ਕਤੀ ਰਾਹੀਂ ਰੱਦ ਕਰ ਸਕਦੇ ਹਾਂ। ਫਿਰ ਗੁਰੁ ਸਾਹਿਬਾਨ ਨੇ ਸਾਨੂੰ ਹਰ ਵਿਵਾਦ ਜਾਂ ਮੁੱਦੇ ਜਾਂ ਮਸਲਿਆਂ ਨੂੰ ਹੱਲ ਕਰਨ ਲਈ “ਵਿਚਾਰ ਗੋਸ਼ਟੀ ਅਤੇ ਟੇਬਲ ਟਾਕ” ਰਾਹੀਂ ਮਿਲ ਬੈਠ ਕੇ ਵਿਚਾਰਾਂ ਕਰਨ ਦੀ ਸਮਾਜਪੱਖੀ ਰਵਾਇਤ ਦੀ ਬਖਸਿ਼ਸ਼ ਕੀਤੀ ਹੈ। ਜਦੋਂ ਗੁਰੁ ਸਾਹਿਬਾਨ ਮੌਲਾਨਾ, ਕਾਜ਼ੀਆਂ, ਪੰਡਤਾਂ, ਵਿਦਵਾਨਾਂ ਨੂੰ ਦਲੀਲ ਰਾਹੀਂ ਆਪਣੀ ਗੱਲ ਸਮਝਾ ਸਕਦੇ ਹਨ ਤਾਂ ਸਿੱਖ ਕੌਮ ਜਾਂ ਸਿੱਖ ਵਿਦਵਾਨ ਜਾਂ ਸੂਝਵਾਨ ਨੌਜਵਾਨ ਉਸ ਢੰਗ ਰਾਹੀਂ ਆਪਣਾ ਪੱਖ ਰੱਖ ਕੇ ਆਪਣੀ ਗੱਲ ਨੂੰ ਅੱਗੇ ਕਿਉਂ ਨਹੀਂ ਵਧਾ ਸਕਦੇ। ਇਸ ਲਈ ਸਾਨੂੰ ਤਹਿਜ਼ੀਬ, ਸਲੀਕੇ ਅਤੇ ਸਤਿਕਾਰਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਦਲੀਲ ਰਾਹੀਂ ਹੀ ਆਪਣੀ ਗੱਲ ਕਹਿਣੀ ਅਤੇ ਬੋਲਣੀ ਚਾਹੀਦੀ ਹੈ, ਨਾਂ ਕਿ ਹੱਥੋ-ਪਾਈ ਜਾਂ ਗੁਰੁ ਵੱਲੋਂ ਬਖਸਿ਼ਸ਼ ਕੀਤੀ ਗਈ ਦਸਤਾਰ ਦਾ ਅਪਮਾਨ ਕਰਕੇ।
ਸ.ਮਾਨ ਨੇ ਅਜਿਹੇ ਲੇਖਕਾਂ, ਬੁੱਧੀਜੀਵੀਆਂ, ਵਿਦਵਾਨਾਂ ਸੰਬੰਧੀ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਜੋ ਆਪਣੇ ਆਪ ਨੂੰ ਲਿਆਕਤਮੰਦ ਅਤੇ ਵਿਦਵਾਨ ਕਹਾਉਂਦੇ ਹਨ, ਉਹ ਗੁਰੁ ਸਾਹਿਬਾਨ ਜੀ ਦੇ ਬਚਨਾਂ, ਉਹਨਾਂ ਵੱਲੋਂ ਸੰਪਾਦਤ ਗ੍ਰੰਥਾਂ ਅਤੇ ਲਿਖਤਾਂ ਉਤੇ ਬਿਨ੍ਹਾਂ ਕਿਸੇ ਦਲੀਲ ਦੇ ਕਿੰਤੂ ਪ੍ਰੰਤੂ ਕਰਕੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗੀ ਕੌਮੀ ਮਹਾਨ ਸ਼ਖਸੀਅਤ ਸੰਬੰਧੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਤੋਂ ਤੌਬਾ ਕਰ ਲੈਣ। ਕਿਉਂ ਕਿ ਉਹਨਾਂ ਵੱਲੋਂ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਕਰਨ ਦੀ ਬਦੌਲਤ ਉਹ ਅਤੇ ਉਹਨਾਂ ਨੂੰ ਆਦੇਸ਼ ਦੇਣ ਵਾਲੀਆਂ ਸਿੱਖ ਵਿਰਧੀ ਤਾਕਤਾਂ ਆਪਣੇ ਮੰਦਭਾਵਨਾ ਭਰੇ ਮਿਸ਼ਨ ਵਿੱਚ ਤਾਂ ਕਾਮਯਾਬ ਨਹੀਂ ਹੋ ਸਕਦੀਆਂ, ਲੇਕਿਨ ਉਹ ਅਜਿਹੇ ਵਿਵਾਦ ਛੇੜ ਕੇ ਸਿੱਖ ਕੌਮ ਦੀ ਅਸੀਮਤ ਸ਼ਕਤੀ ਨੂੰ ਵੰਡਣ ਅਤੇ ਸਿੱਖ ਕੌਮ ਨੂੰ ਭਰਾ ਮਾਰੂ ਜੰਗ ਵੱਲ ਧਕੇਲਣ ਦੀ ਅਸਫ਼ਲ ਕੋਸਿ਼ਸਾਂ ਕਿਉਂ ਕਰਦੇ ਹਨ? ਜਦੋਂ ਕਿ ਸਮੁੱਚੇ ਧਰਮਾਂ, ਕੌਮਾਂ, ਮੁਲਕਾਂ ਨੂੰ ਇਸ ਗੱਲ ਦੀ ਭਰਪੂਰ ਜਾਣਕਾਰੀ ਹੈ ਕਿ ਸਿੱਖ ਕੌਮ ਦਾ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਕੌਮ ਨੇ ਆਪਣੇ ਅਸੂਲਾਂ, ਸੋਚ, ਨਿਯਮਾਂ, ਮਰਿਆਦਾਵਾਂ ਨੂੰ ਪਿੱਠ ਦੇ ਕੇ ਕਦੀ ਵੀ ਕਿਸੇ ਵੀ ਮੁੱਦੇ ਉਤੇ ਸਮਝੌਤਾ ਨਹੀਂ ਕੀਤਾ ਅਤੇ ਨਾਂ ਹੀ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਅਮਲ ਨੂੰ ਬਰਦਾਸ਼ਤ ਕੀਤਾ ਹੈ। ਇਹ ਵੀ ਬੜੇ ਦੁੱਖ ਦੀ ਗੱਲ ਹੈ ਕਿ ਅਜਿਹੇ ਸ਼੍ਰੀ ਇੰਦਰ ਸਿੰਘ ਘੱਗਾ ਵਰਗੇ ਲੇਖਕ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਤਾਂ ਪ੍ਰਵਾਨ ਕਰਦੇ ਹਨ, ਪਰ ਉਹਨਾਂ ਵੱਲੋਂ ਲਿਖੀ ਗਈ ਬਾਣੀ ਨੂੰ ਕਿਸੇ ਸਾਜਿਸ਼ ਅਧੀਨ ਪ੍ਰਵਾਨ ਕਰਨ ਤੋਂ ਇਨਕਾਰੀ ਹਨ। ਇਸੇ ਤਰ੍ਹਾਂ ਅਜਿਹੇ ਲੇਖਕ ਸਮੇਂ ਸਮੇਂ ਤੇ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਅਜਿਹੀਆਂ ਗੈਰ ਦਲੀਲ ਲਿਖਤਾਂ ਲਿਖਦੇ ਹਨ, ਜਿਸ ਨੂੰ ਸਿੱਖ ਕੌਮ ਨੇ ਨਾਂ ਤਾਂ ਪਹਿਲਾਂ ਕਦੀ ਪ੍ਰਵਾਨ ਕੀਤਾ ਹੈ ਅਤੇ ਨਾਂ ਹੀ ਆਉਣ ਵਾਲੇ ਸਮੇਂ ਵਿਚ ਪ੍ਰਵਾਨ ਕਰੇਗੀ। ਸ.ਮਾਨ ਨੇ ਅਜਿਹੇ ਲੇਖਕਾਂ ਜਾਂ ਹੁਕਮਰਾਨਾਂ ਦੇ ਹੱਥ ਠੋਕਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਿੱਖ ਵਿਰੋਧੀ ਕਾਰਵਾਈਆਂ ਵਿਰੁੱਧ ਸੂਝਵਾਨ ਨੌਜਵਾਨਾਂ ਵੱਲੋਂ ਭਾਵੇਂ ਕੀਤੇ ਜਾਣ ਵਾਲੇ ਅਮਲਾਂ ਦੀ ਬਿਲਕੁਲ ਨਿਖੇਧੀ ਨਹੀਂ ਕੀਤੀ, ਕਿਉਂਕਿ ਨੌਜਵਾਨ ਵੀ ਕਿਸੇ ਕੌਮ ਧਰਮ ਦੇ ਸੱਚੇ ਪਹਿਰੇਦਾਰ ਅਤੇ ਉਸ ਧਰਮ ਦੇ ਅਸੂਲਾਂ ਅਤੇ ਨਿਯਮਾਂ ਨੂੰ ਕੌਮਾਂਤਰੀ ਪੱਧਰ ‘ਤੇ ਦ੍ਰਿੜ੍ਹ ਕਰਨ ਵਾਲੇ ਹੁੰਦੇ ਹਨ, ਪਰ ਉਹਨਾਂ ਨੂੰ ਅਜਿਹੇ ਸਿਰਫਿਰਿਆਂ ਨੂੰ ਜਾਂ ਪੰਥਕ ਗੱਦਾਰਾਂ ਨੂੰ ਸਬਕ ਸਿਖਾਉਣ ਹਿੱਤ ਗੁਰੁ ਸਾਹਿਬਾਨ ਵੱਲੋਂ ਬਖਸਿ਼ਸ਼ ਕੀਤੀ ਗਈ ਦਸਤਾਰ ਜਾਂ ਹੋਰ ਨਿਯਮਾਂ ਦੀ ਤੌਹੀਨ ਕਰਨ ਤੋਂ ਬਗੈਰ ਦਲੀਲ ਰਾਹੀਂ ਜਾਂ ਸਿੱਖ ਮਰਿਆਦਾਵਾਂ ਰਾਹੀਂ ਸਿੱਧੇ ਰਸਤੇ ਤੇ ਲਿਆਉਣ ਦੀ ਅਪੀਲ ਕੀਤੀਤੇ ਅਜਿਹੇ ਗੱਦਾਰਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ।